ਇਹ ਇੰਟਰਵਿਊ ਰਣਸੀਂਹ ਕਲਾਂ ਪਿੰਡ ਦੇ ਸਰਪੰਚ ਮਿੰਟੂ ਨਾਲ 20 ਅਪ੍ਰੈਲ 2023 ਨੂੰ ਪ੍ਰਕਾਸ਼ਿਤ ਕੀਤੀ ਗਈ। ਇਸ ਪਿੰਡ ਦੀ ਵਿਲੱਖਣ ਗੱਲ ਇਹ ਹੈ ਕਿ ਪਿੰਡ ਵਿੱਚ ਮਹਾਰਾਜਾ ਰਣਜੀਤ ਸਿੰਘ ਜੀ ਦੀ ਯਾਦ ਵਿਚ ਉਨ੍ਹਾਂ ਦੇ ਨਾਮ ਤੇ ਇਕ ਬਹੁਤ ਵਧੀਆ ਲਾਇਬਰੇਰੀ ਬਣਾਈ ਗਈ ਹੈ। ਜਿਸ ਵਿੱਚ ਪਾਠਕ ਦੁਆਰਾ ਸਾਲ ਵਿਚ ਪੜ੍ਹੀਆਂ ਗਈਆਂ ਕਿਤਾਬਾਂ ਦੀ ਗਿਣਤੀ ਦੇ ਆਧਾਰ ਤੇ ਪਹਿਲਾ ਦੂਜਾ ਅਤੇ ਤੀਜਾ ਸਥਾਨ ਕੱਢ ਕੇ ਉਨ੍ਹਾਂ ਨੂੰ ਇਨਾਮ ਵਜੋਂ ਪੈਸੇ ਦਿੱਤੇ ਜਾਣਗੇ। ਇਸ ਤਰ੍ਹਾਂ ਦੂਜੇ ਪਿੰਡਾਂ ਦੇ ਲੋਕਾਂ ਨੂੰ ਵੀ ਅਜਿਹਾ ਕਰਨ ਦੀ ਪ੍ਰੇਰਣਾ ਅਤੇ ਸੇਧ ਮਿਲੇਗੀ। ਪਿੰਡ ਵਾਸੀਆਂ ਦੁਆਰਾ 2019 ਵਿਚ ਵੀ ਇਕ ਮੁਹਿੰਮ ਸ਼ੁਰੂ ਕੀਤੀ ਗਈ ਸੀ। ਜਿਸ ਵਿੱਚ ਲੋਕਾਂ ਤੋਂ ਗੰਦੀ ਪਲਾਸਟਿਕ ਇਕੱਠੇ ਕਰਕੇ ਉਸ ਦੇ ਬਦਲੇ ਵਿੱਚ ਉਨ੍ਹਾਂ ਨੂੰ ਖੰਡ, ਗੁੜ ਅਤੇ ਚੌਲ ਦਿੱਤੇ ਜਾਂਦੇ ਸਨ। ਇਸੇ ਤਰ੍ਹਾਂ ਜੋ ਕਿਸਾਨ ਪਰਾਲੀ ਨੂੰ ਅੱਗ ਨਹੀਂ ਲਗਾਉਂਦੇ ਉਨ੍ਹਾਂ ਨੂੰ ਵੀ ਮੁਆਵਜ਼ਾ ਦਿੱਤਾ ਜਾਂਦਾ ਹੈ ਅਤੇ ਲੋਕਾਂ ਨੂੰ ਫਲ ਵਾਲੇ ਬੂਟੇ ਅਤੇ ਪੈਸੇ ਦੇਕੇ, ਰੁੱਖ ਲਗਾਉਣ ਅਤੇ ਉਨ੍ਹਾਂ ਦੀ ਸਾਂਭ-ਸੰਭਾਲ ਕਰਨ ਲਈ ਪ੍ਰੇਰਿਤ ਕੀਤਾ ਜਾਂਦਾ ਹੈ। ਭਗਵੰਤ ਮਾਨ ਵੀ ਕਹਿੰਦੇ ਹਨ ਕਿ ਰਣਸੀਂਹ ਕਲਾਂ ਤੋਂ ਸਰਕਾਰਾਂ ਨੂੰ ਵੀ ਸਿੱਖਣਾ ਚਾਹੀਦਾ ਹੈ ਕਿ ਵਿਕਾਸ ਕਿਵੇਂ ਹੁੰਦਾ ਹੈ। ਇਸ ਪਿੰਡ ਵਿਚ ਗੰਦੇ ਪਾਣੀ ਨੂੰ ਟ੍ਰੀਟ ਕਰਕੇ ਖੇਤੀ ਲਈ ਵਰਤਿਆ ਜਾਂਦਾ ਹੈ ਅਤੇ ਪਿੰਡ ਵਿੱਚ ਸੀਵਰੇਜ ਦਾ ਵੀ ਬਹੁਤ ਵਧੀਆ ਪ੍ਰਬੰਧ ਹੈ। ਗੰਦੇ ਛੱਪੜਾਂ ਦੀ ਸਫਾਈ ਕਰਕੇ ਉਹਨਾਂ ਨੂੰ ਝੀਲ ਦਾ ਰੂਪ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਪਿੰਡ ਦਾ ਵਿਕਾਸ ਕਰਨ ਲਈ ਪੈਸੇ ਨਾਲੋਂ ਜਿਆਦਾ ਜਰੂਰੀ ਹੁੰਦਾ ਹੈ ਇੱਛਾ ਸ਼ਕਤੀ ਦਾ ਹੋਣਾ। ਇਸੇ ਲਈ ਪਿੰਡ ਦੇ ਵਿਕਾਸ ਵਿੱਚ 80% ਯੋਗਦਾਨ ਪਿੰਡ ਵਾਸੀਆਂ ਦਾ ਹੈ ਜਿਨ੍ਹਾਂ ਅਣਥੱਕ ਮਿਹਨਤ ਕੀਤੀ ਅਤੇ 20% ਸਹਿਯੋਗ ਸਰਕਾਰ ਦਾ ਹੈ। ਉਨ੍ਹਾਂ ਕਿਹਾ ਕਿ ਸਰਪੰਚ ਦੀ ਚੋਣ ਸਰਵਸੰਮਤੀ ਨਾਲ ਹੋਣੀ ਚਾਹੀਦੀ ਹੈ ਅਤੇ ਉਸ ਵਿਅਕਤੀ ਨੂੰ ਚੁਣੋ ਜੋ ਕੰਮ ਕਰਨ ਦਾ ਸ਼ੌਂਕ ਰੱਖਦਾ ਹੈ। ਕਿਉਂਕਿ ਜੇਕਰ ਭਾਈਚਾਰਾ ਹੋਵੇ ਤਾਂ ਵਿਕਾਸ ਸੰਭਵ ਹੁੰਦਾ ਹੈ। ਅਖੀਰ ਉਨ੍ਹਾਂ ਕਿਹਾ ਕਿ ਪੰਜਾਬ ਨੂੰ “ਰੰਗਲਾ ਪੰਜਾਬ” ਬਣਾਉਣ ਲਈ ਪਿੰਡਾਂ ਦਾ ਵਿਕਾਸ ਹੋਣਾ ਬਹੁਤ ਜ਼ਰੂਰੀ ਹੈ ਅਤੇ ਕੰਮ ਕਰਨ ਲਈ ਮਿਹਨਤ ਅਤੇ ਚਾਅ ਹੋਣਾ ਚਾਹੀਦਾ ਹੈ।
~ਕੁਲਵਿੰਦਰ ਕੌਰ ਬਾਜਵਾ