ਭਾਗ –90 ਇਹ ਇੰਟਰਵਿਊ ਭਾਈ ਸੁਖਰਾਜ ਸਿੰਘ ਦੇ ਨਾਲ 13 ਅਕਤੂਬਰ 2022 ਨੂੰ ਪ੍ਰਕਾਸ਼ਿਤ ਕੀਤੀ ਗਈ। ਜੋ ਕਿ “ਵਾਰਿਸ ਪੰਜਾਬ ਦੇ” ਜਥੇਬੰਦੀ ਦੇ ਮੈਂਬਰ ਵੀ ਹਨ ਅਤੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਅਤੇ ਕੋਟਕਪੂਰਾ ਤੇ ਬਹਿਬਲ ਕਲਾਂ ਗੋਲੀ ਕਾਂਡ ਦੇ ਇਨਸਾਫ ਲਈ ਮੋਰਚੇ ਦੀ ਅਗਵਾਈ ਕਰ ਰਹੇ ਹਨ। ਇੰਟਰਵਿਉ ਦੀ ਸ਼ੁਰੂਆਤ ਵਿਚ ਉਨ੍ਹਾਂ ਨੇ ਕਿਹਾ ਕਿ ਨਵੀਂ ਸਰਕਾਰ ਤੋਂ ਕੋਈ ਉਮੀਦ ਨਹੀਂ ਹੈ ਕਿਉਂਕਿ ਇਹ ਸਰਕਾਰ ਵੀ ਪਿਛਲੇ ਸੱਤ ਸਾਲ ਤੋਂ ਲੋਕਾਂ ਨੂੰ ਗੁੰਮਰਾਹ ਕਰਦੀ ਆ ਰਹੀ ਹੈ। ਉਨ੍ਹਾਂ ਕਿਹਾ ਕਿ ਜਿਵੇਂ ਅਕਾਲੀ ਦਲ ਦੀ ਸਰਕਾਰ ਸਮੇਂ ਇਹ ਸਭ ਘਟਨਾਵਾਂ ਹੋਈਆਂ ਸਨ ਅਤੇ ਕਾਂਗਰਸ ਨੇ ਇਸ ਉਪਰ ਰਾਜਨੀਤੀ ਕੀਤੀ ਸੀ ਇਸੇ ਤਰ੍ਹਾਂ ਇਹ ਸਰਕਾਰ ਵੀ ਰਾਜਨੀਤੀ ਕਰੇਗੀ। ਉਨ੍ਹਾਂ ਕਿਹਾ ਕਿ ਸਰਕਾਰ ਨੇ ਸੱਤਾ ਵਿੱਚ ਆਉਣ ਤੋਂ ਪਹਿਲਾਂ ਵਾਅਦਾ ਕੀਤਾ ਸੀ ਕਿ 24 ਘੰਟਿਆਂ ਵਿੱਚ ਇਨਸਾਫ ਦਿੱਤਾ ਜਾਵੇਗਾ ਪਰ ਅੱਜ ਤੱਕ ਉਸ ਇਨਸਾਫ਼ ਦੀ ਉਡੀਕ ਹੈ। ਉਨ੍ਹਾਂ ਕਿਹਾ ਕਿ ਉਹ ਆਖਰੀ ਸਾਹ ਤੱਕ ਸਿੱਖ ਕੌਮ ਨੂੰ ਇਨਸਾਫ ਦਿਵਾਉਣ ਲਈ ਲੜਦੇ ਰਹਿਣਗੇ ਅਤੇ ਨਾ ਹੀ ਉਨ੍ਹਾਂ ਦਾ ਕੋਈ ਸਵਾਰਥ ਹੈ। ਇੰਟਰਵਿਊ ਵਿੱਚ ਉਨ੍ਹਾਂ ਕਿਹਾ ਕਿ ਸਿੱਖਾਂ ਦੇ ਹੱਕਾਂ ਦੀ ਗੱਲ ਕਿਉਂ ਨਹੀਂ ਕੀਤੀ ਜਾਂਦੀ ਅਤੇ ਸਰਕਾਰ ਦੁਆਰਾ ਸਿੱਖਾਂ ਦੀ ਨਸਲਕੁਸ਼ੀ ਕੀਤੀ ਜਾਂਦੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਜੋ ਵੀ ਇਨਸਾਫ ਦੀ ਗੱਲ ਕਰਦਾ ਹੈ ਸਰਕਾਰ ਉਸ ਦੀ ਜਾਂਚ ਕਰਦੀ ਹੈ ਅਤੇ ਫਿਰ ਸਰਕਾਰ ਕਨੂੰਨੀ ਕਾਰਵਾਈ ਕਰ ਕੇ ਸਿੱਖਾਂ ਨੂੰ ਇਨਸਾਫ ਕਿਉਂ ਨਹੀਂ ਦਿੰਦੀ। ਉਨ੍ਹਾਂ ਕਿਹਾ ਕਿ ਅਕਾਲੀ ਲੀਡਰ ਬਲਕਿ ਬਾਦਲ ਸ਼ਰੇਆਮ ਮੰਨਦੇ ਹਨ ਕਿ ਉਨ੍ਹਾਂ ਦੀ ਸਰਕਾਰ ਸਮੇਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਹੈ। ਉਨ੍ਹਾਂ ਕਿਹਾ ਕਿ ਉਹ ਸੁਖਬੀਰ ਬਾਦਲ ਨੂੰ ਕੁਝ ਸਵਾਲ ਵੀ ਪੁੱਛਣਾ ਚਾਹੁੰਦੇ ਹਨ। ਉਨ੍ਹਾਂ ਨੇ ਪੰਜਾਬ ਵਿੱਚ ਰਾਘਵ ਚੱਡਾ ਦੀ ਦਖਲਅੰਦਾਜ਼ੀ ਤੇ ਵੀ ਸਵਾਲ ਚੁੱਕੇ। ਸਤਵੰਤ ਸਿੰਘ , ਬੇਅੰਤ ਸਿੰਘ, ਦਿਲਾਵਰ ਸਿੰਘ ਅਤੇ ਰਾਜੋਆਣਾ ਦੀ ਮਿਸਾਲ ਦਿੰਦਿਆਂ ਉਨ੍ਹਾਂ ਕਿਹਾ ਕਿ ਜਦੋਂ ਸਰਕਾਰ ਇਨਸਾਫ ਨਹੀਂ ਕਰਦੀ ਤਾਂ ਫਿਰ ਸਿੱਖ ਆਪ ਇਨਸਾਫ ਕਰਦੇ ਹਨ। 14 ਅਕਤੂਬਰ ਨੂੰ ਕੀਤੇ ਜਾ ਰਹੇ ਇਕੱਠ ਅਤੇ ਭਾਈ ਅੰਮ੍ਰਿਤਪਾਲ ਸਿੰਘ ਦੀ ਅਗਵਾਈ ਬਾਰੇ ਵੀ ਉਨ੍ਹਾਂ ਗੱਲਬਾਤ ਕੀਤੀ । ਅਖੀਰ ਉਨ੍ਹਾਂ ਕਿਹਾ ਕਿ ਸਰਕਾਰ ਨੂੰ ਪੰਜਾਬ ਦੇ ਪੱਖ ਵਿੱਚ ਫੈਸਲੇ ਕਰਨੇ ਚਾਹੀਦੇ ਹਨ।
~ਕੁਲਵਿੰਦਰ ਕੌਰ ਬਾਜਵਾ