ਭਾਗ –73 ਇਹ ਇੰਟਰਵੀਊ ਗਾਇਕ,ਕਲਾਕਾਰ ਅਤੇ ਸਿੱਧੂ ਮੂਸੇਵਾਲਾ ਦੇ ਨਜ਼ਦੀਕ ਰਹਿ ਚੁੱਕੇ ਜੰਗ ਢਿੱਲੋਂ ਨਾਲ 4 ਸਤੰਬਰ 2022 ਨੁੰ ਪ੍ਰਕਾਸ਼ਿਤ ਕੀਤੀ ਗਈ। ਇੰਟਰਵਿਉ ਦੀ ਸ਼ੁਰੂਆਤ ਵਿੱਚ ਆਪਣੇ ਸੰਘਰਸ਼ ਤੋਂ ਕਾਮਯਾਬੀ ਤਕ ਦੇ ਸਫਰ ਦੀ ਗੱਲ ਕਰਦਿਆਂ ਜੰਗ ਢਿੱਲੋਂ ਨੇ ਦੱਸਿਆ ਕਿ ਉਹ ਇਸ ਖੇਤਰ ਨੂੰ ਸੰਜੀਦਾ ਸਮਝਦੇ ਹਨ ਕਿਉਂਕਿ ਇਸ ਵਿੱਚ ਲਿਖਦੇ ਸਮੇਂ ਬਹੁਤ ਸੋਚ ਸਮਝ ਕੇ ਕੰਮ ਕਰਨਾ ਪੈਂਦਾ ਹੈ। ਉਹਨਾਂ ਦੱਸਿਆ ਕਿ ਸ਼ੁਰੂ ਵਿਚ ਉਨ੍ਹਾਂ ਨੂੰ ਇਹ ਇੰਡਸਟਰੀ ਜਿਹੋ ਜਿਹੀ ਲਗਦੀ ਸੀ, ਹੁਣ ਅਜਿਹਾ ਕੁਝ ਨਹੀਂ ਲੱਗਦਾ। ਉਨ੍ਹਾਂ ਦੱਸਿਆ ਕਿ ਉਹ ਬਚਪਨ ਤੋਂ ਹੀ ਸਿੱਖ ਇਤਿਹਾਸ ਅਤੇ ਸਾਹਿਤ ਨਾਲ ਜੁੜੇ ਰਹਿਣ ਕਰਕੇ ਉਹ ਅਜਿਹੇ ਗਾਣੇ ਲਿਖਦੇ ਹਨ। ਉਨ੍ਹਾਂ ਕਿਹਾ ਕਿ ਇੰਡਸਟਰੀ ਵਿਚ ਭਾਵੁਕ ਬੰਦੇ ਨੂੰ ਮੈਂਟਲੀ ਟਾਰਚਰ ਕੀਤਾ ਜਾਂਦਾ ਹੈ ਪਰ ਅਜੋਕੇ ਮਾਹੌਲ ਲਈ ਕਲਾਕਾਰ ਖੁਦ ਜ਼ਿੰਮੇਵਾਰ ਹਨ ਜਿਨ੍ਹਾਂ ਨੇ ਸ਼ੁਰੂ ਤੋਂ ਹੀ ਆਪਣੇ ਗੀਤਾਂ ਵਿਚ ਗੈਂਗ ਕਲਚਰ ਨੂੰ ਪ੍ਰਮੋਟ ਕੀਤਾ। ਉਹਨਾਂ ਇਹ ਵੀ ਕਿਹਾ ਕਿ ਇੰਡਸਟਰੀ ਵਿਚ ਸਭ ਨੂੰ ਇੱਕ ਜੁੱਟ ਹੋ ਕੇ ਸਿੱਧੂ ਮੂਸੇਵਾਲਾ ਲਈ ਇਨਸਾਫ ਦੀ ਮੰਗ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਸਿੱਧੂ ਜਗਤ ਪ੍ਰਸਿੱਧ,ਸਭ ਨੂੰ ਪ੍ਰੇਰਿਤ ਕਰਨ ਵਾਲਾ, ਨਿਮਰ ਸੁਭਾਅ ਦਾ ਮਾਲਕ ਅਤੇ ਅਗਾਂਹ ਵਧੂ ਸੋਚ ਦਾ ਮਾਲਕ ਸੀ। ਜੰਗ ਢਿੱਲੋਂ ਨੇ ਕਿਹਾ ਕਿ ਕੁਝ ਲੋਕਾਂ ਨੇ ਤਾਂ ਪੈਸਾ ਕਮਾਉਣ ਲਈ ਸਿੱਧੂ ਮੂਸੇਵਾਲਾ ਦੀਆਂ ਅੰਤਿਮ ਰਸਮਾਂ ਤੱਕ ਦੀਆਂ ਵੀਡੀਓਜ਼ ਬਣਾ ਲਈਆਂ ਸਨ। ਉਨ੍ਹਾਂ ਕਿਹਾ ਕਿ ਕਲਾਕਾਰਾਂ ਨੂੰ ਆਪਣੀਆਂ ਲਿਖਤਾਂ ਅਤੇ ਗੀਤਾਂ ਵਿੱਚ ਗੈਂਗ ਕਲਚਰ ਨੂੰ ਦਿਖਾਉਣਾ ਬੰਦ ਕਰਨਾ ਪਵੇਗਾ ਅਤੇ ਇਕ ਦੂਜੇ ਨੂੰ ਸਮਝਾ ਕੇ ਜਾਂ ਸਹਿਯੋਗ ਦੇ ਕੇ ਅਜੋਕੇ ਹਾਲਾਤਾਂ ਨਾਲ ਨਜਿਠਿਆ ਜਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਸਿੱਧੂ ਮੂਸੇਵਾਲਾ ਆਪਣੇ ਵਿਆਹ ਅਤੇ ਪਾਕਿਸਤਾਨ ਜਾਣ ਲਈ ਬਹੁਤ ਉਤਸ਼ਾਹਿਤ ਸਨ। ਗੱਲਬਾਤ ਦੌਰਾਨ ਉਨ੍ਹਾਂ ਨੇ ਸਿੱਧੂ ਮੂਸੇਵਾਲਾ ਦੇ ਜ਼ਰੀਏ ਨਿੰਜਾ ਅਤੇ ਗਿੱਲ ਰੌਤਾਂ ਨਾਲ ਬਣੇ ਰਿਸ਼ਤਿਆਂ ਬਾਰੇ ਵੀ ਗੱਲਬਾਤ ਕੀਤੀ। ਉਨ੍ਹਾਂ ਦੱਸਿਆ ਕਿ ਸਿੱਧੂ ਮੂਸੇਵਾਲਾ ਦੀ ਮੌਤ ਤੋਂ ਬਾਅਦ ਕਿਵੇਂ ਉਹਨਾਂ ਦਾ ਪਰਿਵਾਰ ਵੀ ਡਰ ਗਿਆ ਹੈ। ਗੁਲਾਬ ਸਿੱਧੂ ਨਾਲ ਆਪਣੇ ਗਾਣੇ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਉਹ ਸਿੱਧੂ ਮੂਸੇਵਾਲਾ ਨੂੰ ਸਮਰਪਿਤ ਗੀਤ ਕਰਨ ਦੀ ਕੋਸ਼ਿਸ਼ ਵੀ ਕਰਨਗੇ। ਅਖੀਰ ਉਨ੍ਹਾਂ ਸਾਰੀ ਇੰਡਸਟਰੀ ਨੂੰ ਸਿੱਧੂ ਮੂਸੇਵਾਲਾ ਦੇ ਇਨਸਾਫ ਲਈ ਇਕਜੁੱਟ ਹੋਣ ਦੀ ਅਪੀਲ ਕੀਤੀ।
~ਕੁਲਵਿੰਦਰ ਕੌਰ ਬਾਜਵਾ