ਭਾਗ – 18 ਇਹ ਇੰਟਰਵੀਊ 10 ਮਈ 2022 ਨੂੰ ਕਿਸਾਨ ਸਤਪਾਲ ਸਿੰਘ ਜੋ ਕਿ ਆਰਗੈਨਿਕ ਖੇਤੀ ਕਰਦੇ ਹਨ ਅਤੇ ਉਹਨਾਂ ਦੇ ਦੋਸਤ ਰਾਜਾ ਬਰਾੜ ਨਾਲ ਕੀਤੀ ਗਈ। ਜਿਸ ਵਿਚ ਸਤਪਾਲ ਸਿੰਘ ਨੇ ਆਪਣਾ ਆਰਗੈਨਿਕ ਖੇਤੀ ਦਾ ਤਜਰਬਾ ਦਰਸ਼ਕਾਂ ਨਾਲ ਸਾਂਝਾ ਕੀਤਾ। ਆਰਗੈਨਿਕ ਖੇਤੀ ਬਾਰੇ ਗੱਲਬਾਤ ਕਰਦਿਆਂ ਉਹਨਾਂ ਦੱਸਿਆ ਕਿ ਬਿਨਾਂ ਕਿਸੇ ਜ਼ਹਿਰੀਲੀਆਂ ਸਪਰੇਆਂ ਤੋਂ ਦੇਸੀ ਤਰੀਕੇ ਨਾਲ ਪੈਦਾ ਕੀਤੀ ਰੂੜੀ ਦਾ ਇਸਤੇਮਾਲ ਕਰਕੇ ਨਰੋਈਆਂ ਸਬਜ਼ੀਆਂ ਅਤੇ ਫਸਲਾਂ ਤਿਆਰ ਕੀਤੀਆਂ ਜਾਂਦੀਆਂ ਹਨ। ਆਰਗੈਨਿਕ ਖੇਤੀ ਵਿੱਚ ਫਸਲਾਂ ਦਾ ਝਾੜ ਬੇਸ਼ੱਕ ਘੱਟ ਨਿਕਲਦਾ ਹੈ ਪਰ ਬਹੁਤ ਸਵਾਦ ਅਤੇ ਸਿਹਤਮੰਦ ਹੁੰਦੀਆਂ ਹਨ। ਇਸ ਤੋਂ ਇਲਾਵਾ ਉਨ੍ਹਾਂ ਨੇ ਆਪਣੇ ਸੰਘਰਸ਼ ਦੇ ਸਮੇਂ ਤੋਂ ਕਾਮਯਾਬ ਹੋਣ ਤੱਕ ਦੇ ਸਮੇਂ ਬਾਰੇ ਵੀ ਗੱਲਬਾਤ ਕੀਤੀ। ਨਾਲ ਹੀ ਉਹਨਾਂ ਦੇ ਦੋਸਤ ਰਾਜਾ ਬਰਾੜ ਨੇ ਕੈਨੇਡਾ ਤੋਂ ਵਾਪਸ ਪੰਜਾਬ ਆ ਕੇ ਆਪਣੇ ਖੇਤੀ ਕਰਨ ਦੇ ਫ਼ੈਸਲੇ ਅਤੇ ਤਜ਼ਰਬੇ ਬਾਰੇ ਵੀ ਦੱਸਿਆ। ਗੱਲਬਾਤ ਕਰਦਿਆਂ ਉਨ੍ਹਾਂ ਨੇ ਕਿਹਾ ਕਿ ਹੈ ਜ਼ਿੰਦਗੀ ਵਿਚ ਕਾਮਯਾਬ ਹੋਣ ਲਈ ਪੈਸਾ ਮਾਇਨੇ ਨਹੀਂ ਰੱਖਦਾ, ਇਨਸਾਨ ਘੱਟ ਸਾਧਨ ਹੋਣ ਦੇ ਬਾਵਜੂਦ ਵੀ ਮਿਹਨਤ ਨਾਲ ਕਾਮਯਾਬੀ ਹਾਸਲ ਕਰ ਸਕਦਾ ਹੈ। ਉਹਨਾਂ ਨੇ ਸਮਾਜ ਵਿੱਚ ਦਿਖਾਵੇ, ਮੁਕਾਬਲੇਬਾਜ਼ੀ ਦੀ ਭਾਵਨਾ ਅਤੇ ਵਧਦੇ ਜਾ ਰਹੇ ਜ਼ਮੀਨ ਦੇ ਠੇਕੇ ਬਾਰੇ ਵੀ ਗੱਲਬਾਤ ਕੀਤੀ। ਰਾਜਾ ਬਰਾੜ ਨੇ ਦੱਸਿਆ ਕਿ ਸਿਰਫ਼ ਪੰਜਾਬ ਵਿੱਚ ਹੀ ਨਹੀਂ ਬਲਕਿ ਬਾਹਰਲੇ ਮੁਲਕਾਂ ਵਿੱਚ ਵੀ ਲੋਕ ਇਹ ਸਭ ਕਰਦੇ ਹਨ। ਅਖੀਰ ਵਿੱਚ ਸਤਪਾਲ ਸਿੰਘ ਨੇ ਆਪਣੇ ਆਰਗੈਨਿਕ ਖੇਤੀ ਵਿੱਚ ਉਗਾਈਆਂ ਜਾਂਦੀਆਂ ਸਬਜ਼ੀਆਂ ਬਾਰੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਮਿਹਨਤ ਕਰਨ ਨਾਲ ਸੰਤੁਸ਼ਟੀ ਵੀ ਹੈ ਅਤੇ ਆਮਦਨ ਵੀ। ਦਰਸ਼ਕਾਂ ਨੂੰ ਸੁਨੇਹਾ ਦਿੰਦੇ ਹੋਏ ਰਾਜ ਬਰਾੜ ਨੇ ਕਿਹਾ ਕਿ ਹਰ ਇੱਕ ਨੂੰ ਜਿੰਦਗੀ ਵਿੱਚ ਮਿਹਨਤ ਕਰਨੀ ਚਾਹੀਦੀ ਹੈ।
ਕੁਲਵਿੰਦਰ ਕੌਰ ਬਾਜਵਾ