ਭਾਗ – 44
ਸੁਖਵਿੰਦਰ ਸਿੰਘ ਢਿੱਲਵਾਂ ਨਾਲ ਇਹ ਇੰਟਰਵੀਊ 4 ਜੁਲਾਈ 2022 ਨੁੰ ਪ੍ਰਕਾਸ਼ਿਤ ਕੀਤੀ ਗਈ। ਜੋ ਕਿ 2004-05 ਤੋਂ ਸਰਕਾਰੀ ਟੀਚਰ ਦੀ ਨੌਕਰੀ ਲਈ ਸੰਘਰਸ਼ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਉਹ ਪਿਛਲੇ 18 ਸਾਲ ਤੋਂ ਨੌਕਰੀ ਲਈ ਜਦੋਜਹਿਦ ਕਰ ਰਹੇ ਹਨ। ਉਹਨਾਂ ਕਿਹਾ ਕਿ ਕਾਂਗਰਸ ਸਰਕਾਰ ਦੇ ਸਮੇਂ ਸਿੱਖਿਆ ਮੰਤਰੀ ਤੋਂ ਬੇਰੁਜ਼ਗਾਰ TET ਪਾਸ ਉਮੀਦਵਾਰਾਂ ਵੱਲੋਂ ਆਪਣੀਆਂ ਡਿਗਰੀਆਂ ਪੇਸ਼ ਕਰਕੇ ਨੌਕਰੀ ਦੀ ਮੰਗ ਕੀਤੀ ਗਈ ਸੀ ਜਿਸ ਤੋਂ ਬਾਅਦ ਕਾਂਗਰਸ ਨੌਕਰੀਆਂ ਦੇਣ ਵਿੱਚ ਅਸਫਲ ਰਹੀ ਅਤੇ ਨਕਲੀ ਅੰਕੜੇ ਪੇਸ਼ ਕਰਦੀ ਰਹੀ। ਸਕੂਲਾਂ ਵਿੱਚ ਅਧਿਆਪਕਾਂ ਦੀ ਕਮੀ ਹੋਣ ਦੇ ਬਾਵਜੂਦ ਵੀ ਕਾਂਗਰਸ ਵੱਲੋਂ ਨਵੇਂ ਅਧਿਆਪਕ ਭਰਤੀ ਨਹੀਂ ਕੀਤੇ ਗਏ ਜਦ ਕਿ ਇਹ ਉਮੀਦਵਾਰ B.ed , TET ਪਾਸ ਸਨ। ਨੌਕਰੀਆਂ ਦੇਣ ਦੀ ਬਜਾਏ ਕਾਂਗਰਸ ਦੇ ਸਿੱਖਿਆ ਮੰਤਰੀ ਅਧਿਆਪਕਾਂ ਨਾਲ ਗਾਲੀ-ਗਲੋਚ ਕਰਦੇ ਰਹੇ ਸਨ। ਸੁਖਵਿੰਦਰ ਸਿੰਘ ਢਿੱਲਵਾਂ ਨੇ ਕਿਹਾ ਕਿ ਫਿਰ ਆਮ ਆਦਮੀ ਪਾਰਟੀ ਜੋ ਕਿ ਨੌਕਰੀਆਂ ਦੇਣ ਦਾ ਦਾਅਵਾ ਕਰ ਰਹੀ ਸੀ ਉਸ ਨੂੰ ਮੌਕਾ ਦਿੱਤਾ ਗਿਆ ਪਰ ਪਿਛਲੇ 3 ਮਹੀਨੇ ਤੋਂ ਉਹੀ ਫ਼ੇਲ੍ਹ ਹੁੰਦੀ ਨਜ਼ਰ ਆ ਰਹੀ। ਉਹਨਾਂ ਕਿਹਾ ਕਿ ਆਪ ਪਾਰਟੀ ਦੇ ਮੰਤਰੀ ਮੀਤ ਹੇਅਰ ਵੀ ਦਾਅਵਾ ਕਰ ਰਹੇ ਸਨ ਕਿ ਸਰਕਾਰ ਬਣਨ ਉਪਰੰਤ ਬੇਰੁਜ਼ਗਾਰਾਂ ਨੂੰ ਨੌਕਰੀ ਦਿੱਤੀ ਜਾਵੇਗੀ ਪਰ ਸਿੱਖਿਆ ਮੰਤਰੀ ਬਣਨ ਦੇ ਬਾਅਦ ਉਹਨਾਂ ਵੀ ਕੁਝ ਨਹੀਂ ਕੀਤਾ। ਸਗੋਂ 1 ਮਈ ਨੂੰ ਮਜ਼ਦੂਰ ਦਿਵਸ ‘ਤੇ ਜਦੋਂ ਉਮੀਦਵਾਰ ਧਰਨਾ ਦੇ ਰਹੇ ਸਨ ਤਾਂ ਉਨ੍ਹਾਂ ਉੱਪਰ ਪੁਲਿਸ ਵੱਲੋਂ ਲਾਠੀਚਾਰਜ ਕੀਤਾ ਗਿਆ। ਉਹਨਾਂ ਕਿਹਾ ਕਿ ਭਗਵੰਤ ਮਾਨ ਨੇ ਮੁੱਖ ਮੰਤਰੀ ਬਣਨ ਤੋਂ ਬਾਅਦ ਅੱਜ ਤੱਕ ਅਧਿਆਪਕਾਂ ਨਾਲ ਇੱਕ ਮੀਟਿੰਗ ਤੱਕ ਨਹੀਂ ਕੀਤੀ। ਢਿੱਲਵਾਂ ਨੇ ਕਿਹਾ ਕਿ ਮੁੱਖ ਮੰਤਰੀ ਨੇ ਅਧਿਆਪਕਾਂ ਦੀਆਂ ਨਵੀਆਂ ਪੋਸਟਾਂ ਵੀ ਨਹੀਂ ਕੱਢੀਆਂ ਅਤੇ ਨਾ ਹੀ ਪਿਛਲੀਆਂ ਸਰਕਾਰਾਂ ਦੀਆਂ ਕੱਢੀਆਂ ਪੋਸਟਾਂ ਤੇ ਨੌਕਰੀਆਂ ਦਿੱਤੀਆਂ। ਉਨ੍ਹਾਂ ਕਿਹਾ ਕਿ ਹੈ ਕੇਜਰੀਵਾਲ ਦੇ ਸੰਗਰੂਰ ਆਉਣ ਤੋਂ ਪਹਿਲਾਂ ਭਗਵੰਤ ਮਾਨ ਨੇ ਧਰਨਾ ਦੇ ਰਹੇ ਲੋਕਾਂ ਨਾਲ ਝੂਠੇ ਵਾਅਦੇ ਕੀਤੇ ਸਨ ਕਿ ਸਭ ਨੂੰ ਨੌਕਰੀ ਦਿੱਤੀ ਜਾਵੇਗੀ ਪਰ ਬਾਅਦ ਵਿੱਚ ਲਿਖਤੀ ਰੂਪ ਵਿੱਚ ਕੁਝ ਵੀ ਲਾਗੂ ਨਹੀਂ ਕੀਤਾ ਗਿਆ। ਉਹਨਾਂ ਕਿਹਾ ਕਿ ਆਉਣ ਵਾਲੀਆਂ ਲੋਕ ਸਭਾ ਅਤੇ ਵਿਧਾਨ ਸਭਾ ਚੋਣਾਂ ਵਿੱਚ ਇਨ੍ਹਾਂ ਮੰਤਰੀਆਂ ਨੂੰ ਇਹ ਸਵਾਲ ਪੁੱਛੇ ਜਾਣਗੇ ਕਿ ਸਰਕਾਰ ਦੁਆਰਾ ਕੀਤੇ ਗਏ ਵਾਅਦੇ ਪੂਰੇ ਕਿਉਂ ਨਹੀਂ ਹੋਏ? ਸੁਖਵਿੰਦਰ ਸਿੰਘ ਨੇ ਕਿਹਾ ਕਿ ਮੰਤਰੀਆਂ ਦੁਆਰਾ ਅਕਸਰ ਕਿਹਾ ਜਾਂਦਾ ਹੈ ਕਿ ਸਰਕਾਰ ਕੋਲ ਪੈਸਾ ਨਹੀਂ ਹੈ ਪਰ ਨਾਂ ਤਾਂ ਸਰਕਾਰ ਨੇ ਟੈਕਸ ਮਾਫ ਕੀਤੇ ਹਨ, ਨਾ ਹੀ ਲੋਕਾਂ ਦਾ ਕਰਜ਼ਾ ਮਾਫ ਕੀਤਾ ਹੈ ਅਤੇ ਨਾ ਹੀ ਅਧਿਆਪਕਾਂ ਦੀਆਂ ਤਨਖਾਹਾਂ ਵਿੱਚ ਵਾਧਾ ਕੀਤਾ ਹੈ। ਉਹਨਾਂ ਕਿਹਾ ਕਿ ਸਰਕਾਰ ਨੇ ਮੁਲਾਜ਼ਮਾਂ ਦੇ ਹੱਕ ਵਿੱਚ ਕੋਈ ਕੰਮ ਨਹੀਂ ਕੀਤਾ ਸਗੋਂ ਇਸ਼ਤਿਹਾਰਬਾਜ਼ੀ ਉਪਰ ਸਾਰਾ ਪੈਸਾ ਖਰਚ ਕੀਤਾ ਹੈ। ਸਰਕਾਰ ਇਸ਼ਤਿਹਾਰਬਾਜ਼ੀ ਦੇ ਜ਼ਰੀਏ ਲੋਕਾਂ ਵਿਚ ਇਹ ਭਰਮ ਪਾਲ ਰਹੀ ਹੈ ਕਿ ਸਰਕਾਰ ਨੇ ਬਹੁਤ ਕੰਮ ਕਰ ਦਿੱਤਾ ਹੈ। ਜੋ ਕਿ ਬਿਲਕੁਲ ਝੂਠ ਹੈ। ਸੁਖਵਿੰਦਰ ਸਿੰਘ ਢਿੱਲਵਾਂ ਨੇ ਕਿਹਾ ਕਿ ਨੌਕਰੀ ਉਹਨਾਂ ਨੂੰ ਚਾਹੇ ਨਾ ਮਿਲੇ ਪਰ ਉਹ ਆਉਣ ਵਾਲੀਆਂ ਪੀੜ੍ਹੀਆਂ ਨੂੰ ਜਾਗਰੂਕ ਕਰਨਾ ਚਾਹੁੰਦੇ ਹਨ ਕਿ ਸਰਕਾਰ ਤੋਂ ਆਪਣੇ ਹੱਕ ਕਿਵੇਂ ਲੈਣੇ ਹਨ। ਉਹਨਾਂ ਕਿਹਾ ਕਿ ਭਗਵੰਤ ਮਾਨ ਨੂੰ ਹੋਰ ਸਮਾਂ ਨਹੀਂ ਦਿੱਤਾ ਜਾ ਸਕਦਾ ਕਿਉਂਕਿ ਲੋਕ ਪਹਿਲਾਂ ਹੀ ਰਵਾਇਤੀ ਪਾਰਟੀਆਂ ਤੋਂ ਬਹੁਤ ਤੰਗ ਸਨ। ਹੁਣ ਭਗਵੰਤ ਮਾਨ ਵੀ ਲੋਕਾਂ ਦਾ ਪੈਸਾ ਵੀ ਆਈ ਪੀ ਕਲਚਰ ਤੇ ਖਰਚ ਰਹੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਦੀ ਚਾਬੀ ਕੇਂਦਰ ਸਰਕਾਰ ਦੇ ਹੱਥ ਵਿੱਚ ਹੁੰਦੀ ਹੈ ਅਤੇ ਲੋਕਾਂ ਨੂੰ ਮੂਰਖ ਬਣਾਇਆ ਜਾਂਦਾ ਹੈ।
~ ਕੁਲਵਿੰਦਰ ਕੌਰ ਬਾਜਵਾ