ਭਾਗ – 35 ਸੁਖਵਿੰਦਰ ਮਹੇਸ਼ਵਰੀ ਦੀ ਇਹ ਇੰਟਰਵਿਊ 16 ਜੂਨ 2022 ਨੂੰ ਪ੍ਰਕਾਸ਼ਿਤ ਕੀਤੀ ਗਈ। ਜਿਨਾਂ ਨੇ ਸਤਲੁਜ ਦਰਿਆ ਦੀ 361 ਕਿਲੋਮੀਟਰ ਦੀ ਯਾਤਰਾ ਕੀਤੀ ਹੈ। ਉਹਨਾਂ ਨੇ ਕਿਹਾ ਕਿ ਸਮਾਜ ਪ੍ਰਤੀ ਫਿਕਰਮੰਦ ਲੋਕ ਅਜਿਹੀਆਂ ਯਾਤਰਾਵਾਂ ਕਰਦੇ ਹਨ। ਪੱਤਰਕਾਰ ਨੇ ਸੁਖਵਿੰਦਰ ਮਹੇਸ਼ਵਰੀ ਨੂੰ ਪੁੱਛਿਆ ਕਿ ਉਨ੍ਹਾਂ ਨੂੰ ਅਜਿਹੀ ਯਾਤਰਾ ਕਰਨ ਦਾ ਖਿਆਲ ਕਿਵੇਂ ਆਇਆ ਤਾਂ ਸੁਖਵਿੰਦਰ ਨੇ ਕਿਹਾ ਕਿ ਚਾਰ ਸਾਲ ਪਹਿਲਾਂ ਉਨ੍ਹਾਂ ਨੇ ਘਰ ਵਿੱਚ ਬਾਰਿਸ਼ ਦਾ ਪਾਣੀ ਇਕੱਠਾ ਕਰਕੇ ਰੱਖਣ ਲਈ ਇਕ ਪ੍ਰੋਜੈਕਟ ਕੀਤਾ ਸੀ ਕਿਉਂਕਿ ਉਹ ਹਮੇਸ਼ਾ ਤੋਂ ਹੀ ਪਾਣੀ ਦੇ ਮਸਲੇ ਬਾਰੇ ਗੰਭੀਰ ਸਨ ਅਤੇ ਇਸੇ ਕਰਕੇ ਉਨ੍ਹਾਂ ਵਿੱਚ ਦਰਿਆ ਨੂੰ ਹੋਰ ਜਾਨਣ ਦੀ ਇੱਛਾ ਜਾਗੀ। ਉਨ੍ਹਾਂ ਕਿਹਾ ਕਿ ਗੁਰਬਾਣੀ ਵਿੱਚ ਗੁਰੂ ਨਾਨਕ ਨੇ ਵੀ ਪਾਣੀ ਨੂੰ ਸਰਵ ਉੱਚ ਦਰਜਾ ਦਿੱਤਾ ਹੈ। ਸੁਖਵਿੰਦਰ ਨੇ ਕਿਹਾ ਕਿ ਅਕਸਰ ਲੋਕਾਂ ਦੁਆਰਾ ਅਤੇ ਇੰਟਰਨੈਟ ਦੁਆਰਾ ਦਰਿਆਈ ਪਾਣੀ ਨੂੰ ਗੰਧਲਾ ਦੱਸਿਆ ਜਾਂਦਾ ਹੈ ਜਦ ਕਿ ਪਾਣੀ ਕਦੇ ਵੀ ਗੰਦਾ ਨਹੀਂ ਹੁੰਦਾ ਬਲਕਿ ਉਸ ਵਿੱਚ ਸੁੱਟੇ ਜਾਣ ਵਾਲੇ ਫੈਕਟਰੀਆਂ ਦੇ ਕੈਮੀਕਲ ਹੁੰਦੇ ਹਨ ਜੋ ਕਿ ਪਾਣੀ ਦੇ ਸਰੋਤ ਨੂੰ ਗੰਦਾ ਕਰਦੇ ਹਨ। ਉਨ੍ਹਾਂ ਕਿਹਾ ਕਿ ਅਕਸਰ ਹੀ ਸਿਆਸਤ ਦਾਨ ਵੋਟਾਂ ਵੇਲੇ ਪਾਣੀ ਦੇ ਮੁੱਦੇ ਨੂੰ ਲੋਕਾਂ ਦਾ ਧਿਆਨ ਖਿੱਚਣ ਲਈ ਵਰਤਦੇ ਹਨ ਅਤੇ ਬਾਅਦ ਵਿੱਚ ਪਾਣੀ ਦੇ ਮਸਲੇ ਉੱਪਰ ਕਦੇ ਵੀ ਕੰਮ ਨਹੀਂ ਕਰਦੇ। ਉਹਨਾਂ ਕਿਹਾ ਕਿ ਬਾਰਿਸ਼ ਦੇ ਪਾਣੀ ਨੂੰ ਇਕੱਠਾ ਕਰਕੇ ਸੰਭਾਲਣ ਨਾਲ ਭਵਿੱਖ ਵਿੱਚ ਆਉਣ ਵਾਲੇ ਪਾਣੀ ਦੇ ਸੰਕਟ ਤੋਂ ਬਚਿਆ ਜਾ ਸਕਦਾ ਹੈ। ਇਸ ਤੋਂ ਇਲਾਵਾ ਸੁਖਵਿੰਦਰ ਨੇ ਸਤਲੁਜ ਦੇ ਬਾਰੇ ਇਤਿਹਾਸਕ ਤੱਥ ਵੀ ਸਾਂਝੇ ਕੀਤੇ। SYL ਦੇ ਮੁੱਦੇ ਬਾਰੇ ਗੱਲ ਕਰਦਿਆਂ ਉਨ੍ਹਾਂ ਨੇ ਕਿਹਾ ਕਿ ਸਰਕਾਰ ਦੁਆਰਾ ਦਰਿਆਈ ਦਾ ਪ੍ਰਬੰਧਣ ਬਿਲਕੁਲ ਸਹੀ ਤਰਾਂ ਨਹੀਂ ਕੀਤਾ ਜਾ ਰਿਹਾ ਅਤੇ ਜੇਕਰ ਸਰਕਾਰ ਪ੍ਰਬੰਧ ਸਹੀ ਤਰ੍ਹਾਂ ਕਰਦੀ ਹੈ ਤਾਂ 27 ਲੱਖ ਦੇ ਕਰੀਬ ਰੁੱਖ ਲਗਾ ਕੇ ਅਤੇ ਪਿਕਨਿਕ ਸਪੌਟ ਬਣਾਕੇ ਪੰਜਾਬ ਦੀ ਆਮਦਨ ਵਿੱਚ ਵਾਧਾ ਕੀਤਾ ਜਾ ਸਕਦਾ ਹੈ।
~ ਕੁਲਵਿੰਦਰ ਕੌਰ ਬਾਜਵਾ