ਭਾਗ – 28 ਇਹ ਇੰਟਰਵੀਊ ਭਾਰਤੀ ਕਬੱਡੀ ਟੀਮ ਦੇ ਸਾਬਕਾ ਕਪਤਾਨ ਸੁਖਬੀਰ ਸਰਾਂਵਾਂ ਨਾਲ 28 ਮਈ 2022 ਨੂੰ ਕੀਤੀ ਗਈ। ਸੁਖਬੀਰ ਸਰਾਵਾਂ ਅੱਜ ਕੱਲ ਮੰਡੀ ਬੋਰਡ ਵਿੱਚ ਨੌਕਰੀ ਕਰ ਰਹੇ ਹਨ ਅਤੇ ਲੋਕਡਾਊਨ ਤੋਂ ਤੁਰੰਤ ਬਾਅਦ ਹੀ ਉਨ੍ਹਾਂ ਕਬੱਡੀ ਤੋਂ ਰਿਟਾਇਰਮੈਂਟ ਲੈ ਲਈ ਸੀ। ਉਹ ਕਿਸਾਨ ਅੰਦੋਲਨ ਦੌਰਾਨ ਦਿੱਲੀ ਧਰਨੇ ਵਿਚ ਵੀ ਸ਼ਾਮਲ ਹੋਏ ਸਨ। ਪੁਰਾਣੀਆਂ ਯਾਦਾਂ ਸਾਂਝੀਆਂ ਕਰਦਿਆਂ ਉਹਨਾਂ ਨੇ ਦੱਸਿਆ ਕਿ ਬਚਪਨ ਵਿਚ ਉਨ੍ਹਾਂ ਕਦੇ ਨਹੀਂ ਸੀ ਸੋਚਿਆ ਕਿ ਉਹ ਕਬੱਡੀ ਵਿਚ ਇੰਨਾ ਉੱਚਾ ਮੁਕਾਮ ਹਾਸਿਲ ਕਰਨਗੇ। ਕਬੱਡੀ ਦਾ ਖਿਡਾਰੀ ਬਣਨ ਦੇ ਦੌਰਾਨ ਉਹਨਾਂ ਨੇ ਜੋ ਸੰਘਰਸ਼ ਕੀਤਾ ਉਸ ਬਾਰੇ ਵੀ ਸੁਖਬੀਰ ਸਰਾਵਾਂ ਨੇ ਗੱਲਬਾਤ ਕੀਤੀ। ਉਨ੍ਹਾਂ ਦੱਸਿਆ ਕਿ ਉਨ੍ਹਾਂ ਕੋਲ ਬੱਸ ਦੇ ਕਿਰਾਏ ਲਈ ਵੀ ਪੈਸੇ ਨਹੀਂ ਹੁੰਦੇ ਸਨ। ਸੁਖਬੀਰ ਸਰਾਵਾਂ ਨੇ ਦੱਸਿਆ ਕਿ ਅੱਜ ਜਿਸ ਜਗ੍ਹਾ ਖੜ੍ਹੇ ਹੋ ਕੇ ਉਹ ਇੰਟਰਵਿਊ ਦੇ ਰਹੇ ਹਨ, ਕਦੇ ਇਸ ਜਗ੍ਹਾ ਤੋਂ ਉਨ੍ਹਾਂ ਕਬੱਡੀ ਦੀ ਸ਼ੁਰੂਆਤ ਕੀਤੀ ਸੀ। ਉਹਨਾਂ ਨੇ ਇਹ ਵੀ ਦੱਸਿਆ ਕਿ ਕਿਵੇਂ ਵਰਲਡ ਕੱਪ ਦੇ ਦੌਰਾਨ ਉਹ ਪੂਰੀ ਦੁਨੀਆ ਵਿਚ ਮਸ਼ਹੂਰ ਹੋਏ ਸਨ। ਇਸ ਦੇ ਨਾਲ ਹੀ ਉਨ੍ਹਾਂ ਵਰਲਡ ਕੱਪ ਦੇ ਦੌਰਾਨ ਆਪਣੇ ਨਾਲ ਹੋਈ ਬੇਇਨਸਾਫੀ ਬਾਰੇ ਵੀ ਦੱਸਿਆ ਕਿ ਕਿਵੇਂ ਉਨ੍ਹਾਂ ਦਾ ਜਿੱਤਿਆ ਹੋਇਆ ਮੁਕਾਮ ਕਿਸੇ ਹੋਰ ਨੂੰ ਦੇ ਦਿੱਤਾ ਗਿਆ ਸੀ। ਉਨ੍ਹਾਂ ਨੇ ਸੰਦੀਪ ਨੰਗਲ ਅੰਬੀਆਂ ਵਰਗੇ ਖਿਡਾਰੀ ਦੀ ਮੌਤ ਨੂੰ ਕਬੱਡੀ ਲਈ ਘਾਟਾ ਦੱਸਿਆ। ਉਨ੍ਹਾਂ ਕਿਹਾ ਕਿ ਸੰਦੀਪ ਨੰਗਲ ਅੰਬੀਆਂ ਇਕ ਬਹੁਤ ਹੀ ਵਧੀਆ ਇਨਸਾਨ ਸਨ। ਵਰਲਡ ਕੱਪ ਤੋਂ ਪਹਿਲਾਂ ਹੋਣ ਵਾਲੀ ਟਰਾਇਲਜ਼ ਬਾਰੇ ਗੱਲਾਂ ਕਰਦਿਆਂ ਉਨ੍ਹਾਂ ਕੁੱਝ ਯਾਦਾਂ ਵੀ ਸਾਂਝੀਆਂ ਕੀਤੀਆਂ। ਉਨ੍ਹਾਂ ਆਪਣੀ ਨੱਕ ਦੀ ਸੱਟ ਵਾਲੀ ਘਟਨਾ ਵੀ ਦੱਸੀ। ਉਨ੍ਹਾਂ ਆਉਣ ਵਾਲੇ ਖਿਡਾਰੀਆਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਦੀ ਸਲਾਹ ਦਿੱਤੀ। ਉਨ੍ਹਾਂ ਕਿਹਾ ਕਿ ਜੋ ਇਨਸਾਨ ਮਿਹਨਤ ਕਰਦਾ ਹੈ, ਕਬੱਡੀ ਉਸਨੂੰ ਬਹੁਤ ਕੁੱਝ ਦਿੰਦੀ ਹੈ। ਇਸ ਤੋਂ ਇਲਾਵਾ ਉਨ੍ਹਾਂ ਹੋਰ ਵੀ ਕਈ ਦਿਲਚਸਪ ਗੱਲਾਂ ਦਰਸ਼ਕਾਂ ਨਾਲ ਸਾਂਝੀਆਂ ਕੀਤੀਆਂ।
ਕੁਲਵਿੰਦਰ ਕੌਰ ਬਾਜਵਾ