ਭਾਗ – 17 ਇਹ ਇੰਟਰਵਿਊ 8 ਮਈ 2022 ਨੂੰ ਸੁਖਜਿੰਦਰ ਸਿੰਘ ਲੋਪੋਂ ਨਾਲ ਕੀਤੀ ਗਈ। ਉਹਨਾਂ ਨੇ ਚੰਗੀਆਂ ਉਦਹਾਰਣਾਂ ਸਹਿਤ ਜਿੰਦਗੀ ਨੂੰ ਸੇਧ ਦੇਣ ਵਾਲੀਆਂ ਪ੍ਰੇਰਣਾਦਾਇਕ ਗੱਲਾਂ ਸਾਂਝੀਆਂ ਕੀਤੀਆਂ। ਉਹਨਾਂ ਨੇ ਕਿਹਾ ਕਿ ਜ਼ਿੰਦਗੀ ਇੱਕ ਸਿੱਕੇ ਦੇ ਵਾਂਗ ਹੈ ਜਿਸਦਾ ਇੱਕ ਪਾਸਾ ਪਹਿਲਾਂ ਲਿਖਿਆ ਹੁੰਦਾ ਹੈ ਅਤੇ ਇੱਕ ਅਸੀਂ ਆਪਣੀ ਸੂਝ ਬੂਝ ਨਾਲ ਲਿਖਣਾ ਹੁੰਦਾ ਹੈ। ਉਹਨਾਂ ਨੇ ਕਿਹਾ ਕਿ ਮੁਸੀਬਤਾਂ ਤੋਂ ਬਿਨਾਂ ਜ਼ਿੰਦਗੀ ਜਿਉਣ ਦਾ ਕੋਈ ਮਜ਼ਾ ਵੀ ਨਹੀਂ ਹੁੰਦਾ ਅਤੇ ਮੁਸੀਬਤਾਂ ਹੀ ਮਨੁੱਖ ਨੂੰ ਮਜਬੂਤ ਅਤੇ ਸਮਝਦਾਰ ਬਣਾਉਂਦੀਆਂ ਹਨ। ਉਨ੍ਹਾਂ ਕਿਹਾ ਕਿ ਮਨੁੱਖ ਨੂੰ ਕਦੇ ਵੀ ਜ਼ਿੰਦਗੀ ਵਿਚ ਹਾਰ ਨਹੀਂ ਮੰਨਣੀ ਚਾਹੀਦੀ। ਉਹਨਾਂ ਨੇ ਕਿਹਾ ਕਿ ਮਨੁੱਖ ਨੂੰ ਹਮੇਸ਼ਾਂ ਚੜ੍ਹਦੀਕਲਾ ਵਿੱਚ ਰਹਿਣਾ ਚਾਹੀਦਾ ਹੈ। ਪੱਤਰਕਾਰ ਨੇ ਉਹਨਾਂ ਨੂੰ ਪੰਜਾਬ ਦੇ ਯੂਥ ਜਾਂ ਸਰਕਾਰ ਬਾਰੇ ਪੁੱਛਿਆ ਤਾਂ ਉਹਨਾਂ ਕਿਹਾ ਕਿ ਜੋ ਸਰਕਾਰ ਆਉਣ ਵਾਲੀ ਪੀੜ੍ਹੀ ਲਈ ਕੰਮ ਕਰਦੀ ਹੈ ਉਹ ਜਨਤਾ ਵੱਲੋਂ ਲਿਆ ਗਿਆ ਇੱਕ ਸਹੀ ਫੈਸਲਾ ਹੁੰਦਾ ਹੈ। ਉਹਨਾਂ ਯੂਥ ਨੂੰ ਸਲਾਹ ਦਿੱਤੀ ਕਿ ਹਮੇਸ਼ਾ ਭਵਿੱਖ ਨੂੰ ਧਿਆਨ ‘ਚ ਰੱਖਕੇ ਅੱਜ ਦਾ ਅਨੰਦ ਲਉ। ਉਹਨਾਂ ਕਿਹਾ ਕਿ ਮਾਪਿਆਂ ਦਾ ਫਰਜ਼ ਬਣਦਾ ਹੈ ਕਿ ਉਹ ਆਪਣੇ ਬੱਚਿਆਂ ਨੂੰ ਸਹੀ ਉਮੀਦਵਾਰ ਚੁਣਨਾ ਸਿਖਾਉਣ। ਉਹਨਾਂ ਕਿਹਾ ਕਿ ਕਈ ਵਾਰ ਇੱਕ ਮੌਕਾ ਜਾਂ ਇੱਕ ਸਕਾਰਾਤਮਕ ਵਿਚਾਰ ਹੀ ਕਾਫੀ ਹੁੰਦਾ ਹੈ ਜਿੰਦਗੀ ਨੂੰ ਬਦਲਣ ਲਈ। ਉਹਨਾਂ ਕਿਹਾ ਕਿ ਜ਼ਿੰਦਗੀ ਇੱਕ ਅਜਿਹਾ ਸਫਰ ਹੈ ਜਿਸ ਨੂੰ ਮੁਸ਼ਕਿਲਾਂ ਅਤੇ ਆਲੇ ਦੁਆਲੇ ਦੀਆਂ ਭਟਕਣਾਂ ਹੋਰ ਖੂਬਸੂਰਤ ਬਣਾਉਣ ਦੀਆਂ ਹਨ। ਉਨ੍ਹਾਂ ਕਿਹਾ ਕਿ ਉਹ ਜੋਤਿਸ਼ ਵਿੱਦਿਆ ਵਿਚ ਵਿਸ਼ਵਾਸ ਨਹੀਂ ਰੱਖਦੇ। ਇਸ ਤੋਂ ਇਲਾਵਾ ਉਹਨਾਂ ਨੇ ਪੱਤਰਕਾਰਾਂ ਨੂੰ ਲੈ ਕੇ ਆਪਣੇ ਵਿਚਾਰ ਵੀ ਸਾਂਝੇ ਕੀਤੇ। ਅਖੀਰ ਵਿਚ ਉਹਨਾਂ ਨੇ ਆਪਣੀ ਲਿਖੀ ਕਵਿਤਾ ਦਰਸ਼ਕਾਂ ਨਾਲ ਸਾਂਝੀ ਕੀਤੀ ਅਤੇ ਗਿਆਨਵਾਨ ਹੋਣ ਦੀ ਮਹਤੱਤਾ ਵੀ ਦੱਸੀ। ਨਾਲ ਹੀ ਉਹਨਾਂ ਸਾਂਝੇ ਪਰਿਵਾਰ ਵਿੱਚ ਰਹਿਣ ਅਤੇ ਮਿਹਨਤ ਕਰਨ ਦਾ ਸੁਨੇਹਾ ਦਿੱਤਾ।
ਕੁਲਵਿੰਦਰ ਕੌਰ ਬਾਜਵਾ