ਸਿਕੰਦਰ ਸਿੰਘ ਮਲੂਕਾ

ਭਾਗ – 12 ਇਹ ਇੰਟਰਵਿਊ 3 ਮਈ 2022 ਨੂੰ ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ ਨਾਲ ਕੀਤੀ ਗਈ । ਇੰਟਰਵਿਊ ਦੀ ਸ਼ੁਰੂਆਤ ਵਿੱਚ ਪੱਤਰਕਾਰ ਨੇ ਮਲੂਕਾ ਨੂੰ ਉਹਨਾਂ ਦੇ ਬਚਪਨ ਤੋਂ ਮਿੱਥੇ ਮੁਕਾਮ ਤੋਂ ਲੈ ਕੇ ਹੁਣ ਤਕ ਦੇ ਸਫ਼ਰ ਬਾਰੇ ਗੱਲਬਾਤ ਕੀਤੀ। ਗੱਲਬਾਤ ਕਰਦਿਆਂ ਮਲੂਕਾ ਨੇ ਦੱਸਿਆ ਕਿ ਬਚਪਨ ਵਿੱਚ ਪੜ੍ਹਦੇ ਹੀ ਉਹ ਕਬੱਡੀ ਖੇਡਦੇ ਰਹੇ ਅਤੇ ਫਿਰ ਪੜ੍ਹਾਈ ਛੱਡ ਕੇ ਆਪਣੇ ਪਿਤਾ ਜੀ ਨਾਲ ਖੇਤੀਬਾੜੀ ਕਰਨ ਲੱਗ ਪਏ। ਸਿਕੰਦਰ ਸਿੰਘ ਮਲੂਕਾ ਨੇ ਦੱਸਿਆ ਕਿ ਉਨ੍ਹਾਂ ਨੂੰ ਸ਼ੁਰੂ ਤੋਂ ਹੀ ਸਿਆਸਤ ਵਿਚ ਦਿਲਚਸਪੀ ਸੀ, ਜਿਸ ਕਰਕੇ ਉਹ ਛੋਟੀ ਉਮਰ ਵਿੱਚ ਹੀ ਪਿੰਡ ਦੇ ਸਰਪੰਚ ਵੀ ਬਣ ਗਏ ਸੀ। ਮਲੂਕਾ ਨੇ 1978 ਵਿੱਚ ਲੈਂਡਮਾਰਕ ਦੀਆਂ ਬੈਂਕ ਦੀਆਂ ਚੋਣਾਂ ਜਿੱਤਣ ਤੋਂ ਬਾਅਦ ਪੰਜਾਬ ਦੇ ਚੇਅਰਮੈਨ ਬਣਨ ਉਪਰੰਤ ਆਪਣੇ ਪਿੰਡ ਲਈ ਅਨੇਕਾਂ ਕੰਮ ਕੀਤੇ। ਜਿਵੇਂ, ਫੋਕਲ ਪੁਆਇੰਟ, ਸੜਕਾਂ ਬਣਵਾਈਆਂ, ਬਿਜਲੀ ਬੋਰਡ ਦਫਤਰ, ਅਨਾਜ ਮੰਡੀ ,ਹਸਪਤਾਲ,ਬੈਂਕ ਆਦਿ। ਉਨ੍ਹਾਂ ਕਿਹਾ ਕਿ 1980 ਵਿੱਚ ਉਹ ਪੰਜਾਬ ਕਬੱਡੀ ਐਸੋਸੀਏਸ਼ਨ ਦੇ ਪ੍ਰਧਾਨ ਅਤੇ ਆਲ ਇੰਡੀਆ ਸਰਕਲ ਸਟਾਈਲ ਕਬੱਡੀ ਦੇ ਚੇਅਰਮੈਨ, ਪੰਜਾਬ ਓਲੰਪਿਕ ਐਸੋਸੀਏਸ਼ਨ ਦੇ ਮੀਤ ਪ੍ਰਧਾਨ, ਚੇਅਰਮੈਨ ਬਣੇ ਅਤੇ ਉਨ੍ਹਾਂ ਨੇ 1982 ਦੇ ਧਰਮ ਯੁੱਧ ਮੋਰਚੇ ਵਿੱਚ ਵੀ ਯੋਗਦਾਨ ਪਾਇਆ। ਮਲੂਕਾ ਨੇ ਕਿਹਾ ਕਿ ਕਈ ਸਾਲਾਂ ਦੇ ਉਤਰਾਅ-ਚੜ੍ਹਾਅ ਤੋਂ ਬਾਅਦ ਉਹ ਪਹਿਲੀ ਵਾਰ ਰਾਮਪੁਰਾ ਫੂਲ ਤੋਂ ਅਕਾਲੀ ਦਲ ਦੀ ਟਿਕਟ ‘ਤੇ 1997 ਵਿੱਚ ਪੰਜਾਬ ਵਿਧਾਨ ਸਭਾ ਲਈ ਚੁਣੇ ਗਏ ਸਨ।ਉਹਨਾਂ ਨੇ ਆਪਣੇ ਹਲਕੇ ਦੇ ਵਿਕਾਸ ਵਿਚ ਆਪਣਾ ਇਕੱਲੇ ਦਾ 75% ਯੋਗਦਾਨ ਹੋਣ ਦਾ ਦਾਅਵਾ ਕੀਤਾ। ਜਦੋਂ ਪੱਤਰਕਾਰ ਨੇ ਉਹਨਾਂ ਨੂੰ ਸਵਾਲ ਕੀਤਾ ਕਿ ਤੁਹਾਡੇ ਬਾਰੇ ਕਾਮਰੇਡ ਹੋਣ ਦੀ ਗੱਲ ਵੀ ਕਹੀ ਜਾਂਦੀ ਹੈ ਤਾਂ ਮਲੂਕਾ ਨੇ ਕਿਹਾ ਕਿ ਬੇਸ਼ੱਕ ਮੇਰੇ ਕਮਿਊਨਿਸਟ ਮਾਸਟਰ ਬਾਬੂ ਸਿੰਘ ਨਾਲ ਨਾਲ ਨੇੜਲੇ ਸਬੰਧ ਸਨ ਅਤੇ ਸਾਡੀ ਪਾਰਟੀ ਦਾ ਕਮਿਊਨਿਸਟਾਂ ਨਾਲ ਸਮਝੌਤਾ ਵੀ ਹੋਇਆ ਸੀ ਪਰ ਇਹ ਸਿਰਫ਼ ਇੱਕ ਅਫਵਾਹ ਹੈ । ਪੱਤਰਕਾਰ ਨੇ ਮਲੂਕਾ ਨੂੰ ਸੁਆਲ ਕੀਤਾ ਕਿ ਤੁਸੀਂ ਅੱਜ ਤੱਕ ਦੋ ਵਾਰ ਜਿੱਤੇ ਅਤੇ ਤਿੰਨ ਵਾਰ ਹਾਰੇ ਹੋ ਅਤੇ ਹੁਣ ਤੁਸੀਂ ਹੁਣ ਆਪਣਾ ਭਵਿੱਖ ਕਿਵੇਂ ਦੇਖਦੇ ਹੋ ਤਾਂ ਮਲੂਕਾ ਨੇ ਕਿਹਾ ਕਿ ਉਹ ਆਸ਼ਾਵਾਦੀ ਰਹਿੰਦੇ ਹਨ। ਪਰ ਚੋਣਾਂ ਵੇਲੇ ਲੋਕ ਪੈਸੇ ਜਾਂ ਸ਼ਰਾਬ ਲੈ ਕੇ ਲੀਡਰਾਂ ਨੂੰ ਆਪਣੀਆਂ ਵੋਟਾਂ ਦਿੰਦੇ ਹਨ ਅਤੇ ਦੂਜੀਆਂ ਪਾਰਟੀਆਂ ਵੱਲ ਦੇਖ ਕੇ ਸਾਨੂੰ ਵੀ ਇਹ ਰਸਤਾ ਅਪਣਾਉਣਾ ਪੈਂਦਾ ਹੈ। ਪੱਤਰਕਾਰ ਦੇ ਇੱਕ ਸੁਆਲ ਦਾ ਜੁਆਬ ਦਿੰਦਿਆਂ ਮਲੂਕਾ ਨੇ ਆਪਣੀ ਹਾਰ ਦੇ ਕਾਰਨਾਂ ਬਾਰੇ ਵੀ ਦੱਸਿਆ। ਉਨ੍ਹਾਂ ਨੇ ਆਮ ਆਦਮੀ ਪਾਰਟੀ ਦੇ ਐਂਟੀ ਕਰਪਸ਼ਨ ਸਿਸਟਮ ਅਤੇ ਕੀਤੇ ਗਏ ਐਲਾਨਾਂ ਬਾਰੇ ਵੀ ਆਪਣੀ ਰਾਇ ਦਿੱਤੀ। ਉਨ੍ਹਾਂ ਨੇ ਕਿਹਾ ਕਿ ਭਗਵੰਤ ਮਾਨ ਕੇਜਰੀਵਾਲ ਦੇ ਕਹੇ ਅਨੁਸਾਰ ਚੱਲਦੇ ਹਨ। ਉਨ੍ਹਾਂ ਨੇ ਕਿਹਾ ਕਿ ਦੇਸ਼ ਵਿੱਚ ਸਭ ਕੁਝ ਮੁਫ਼ਤ ਦੇਣ ਦੀ ਬਜਾਏ ਇੰਡਸਟਰੀ ਲਾ ਕੇ ਲੋਕਾਂ ਨੂੰ ਰੁਜ਼ਗਾਰ ਦੇਣ ਨੂੰ ਤਰਜੀਹ ਦੇਣੀ ਚਾਹੀਦੀ ਹੈ। ਉਨ੍ਹਾਂ ਨੇ ਕਿਹਾ ਜੇ ਵਿਰੋਧੀ ਪਾਰਟੀ ਚੰਗਾ ਕੰਮ ਕਰਦੀ ਹੈ ਤਾਂ ਅਸੀਂ ਉਹਨਾਂ ਦੀ ਵੀ ਸ਼ਲਾਘਾ ਕਰਾਂਗੇ। ਅਖੀਰ ਵਿੱਚ ਅਕਾਲੀ ਦਲ ਦੇ ਭਵਿੱਖ ਬਾਰੇ ਗੱਲਬਾਤ ਕਰਦਿਆਂ ਉਨ੍ਹਾਂ ਨੇ ਕਿਹਾ ਕਿ ਸਾਨੂੰ ਆਪਣੀਆਂ ਕਮੀਆਂ ਸੁਧਾਰ ਲੈਣੀਆਂ ਚਾਹੀਦੀਆਂ ਹਨ।


ਕੁਲਵਿੰਦਰ ਕੌਰ ਬਾਜਵਾ

Leave a Comment

Your email address will not be published. Required fields are marked *