ਭਾਗ –134
ਇਹ ਇੰਟਰਵੀਊ ਸਰਪੰਚ ਜਗਤਾਰ ਸਿੰਘ ਦੇ ਨਾਲ 29 ਦਸੰਬਰ 2022 ਨੂੰ ਪ੍ਰਕਾਸ਼ਿਤ ਕੀਤੀ ਗਈ। ਇਸ ਇੰਟਰਵਿਊ ਵਿਚ ਉਨ੍ਹਾਂ ਨਾਲ ਜ਼ੀਰਾ ਸ਼ਰਾਬ ਫੈਕਟਰੀ ਦੇ ਖ਼ਿਲਾਫ਼ ਲੱਗੇ ਧਰਨਾ ਬਾਰੇ ਗੱਲਬਾਤ ਕੀਤੀ ਗਈ ਅਤੇ ਫੈਕਟਰੀ ਦੇ ਵਿੱਚੋਂ ਬੋਰ ਵੈਲਾਂ ਪੁੱਟ ਕੇ ਲਿਆਉਣ ਵਾਲੇ ਨੌਜੁਆਨ ਨਾਲ ਗੱਲ ਕੀਤੀ ਗਈ। ਉਨ੍ਹਾਂ ਨੇ ਦੱਸਿਆ ਕਿ ਜਿਸ ਦਿਨ ਉਹ ਬੋਰਵੈਲ ਪੁੱਟਣ ਲਈ ਕਮੇਟੀ ਦੇ ਨਾਲ ਫੈਕਟਰੀ ਅੰਦਰ ਗਏ ਤਾਂ ਪ੍ਰਸ਼ਾਸਨ ਦਾ ਬਹੁਤ ਅਜੀਬ ਰਵੱਈਆ ਦੇਖਣ ਨੂੰ ਮਿਲਿਆ। ਸੰਤ ਸੀਚੇਵਾਲ ਤੇ ਜੱਜ ਜਸਬੀਰ ਸਿੰਘ ਵੀ ਉਸ ਸਮੇਂ ਮੌਜੂਦ ਸਨ ਪਰ ਫੈਕਟਰੀ ਵਾਲੇ ਉਨ੍ਹਾਂ ਨੂੰ ਉਲਝਾਉਣ ਲਈ ਨਵੇਂ ਬੋਰ ਵੈਲਾਂ ਨੂੰ ਪੁਰਾਣਾ ਦੱਸ ਰਹੇ ਸਨ। ਉਨ੍ਹਾਂ ਕਿਹਾ ਕਿ ਫੈਕਟਰੀ ਵਾਲੇ ਦਾਅਵਾ ਕਰ ਰਹੇ ਸਨ ਕਿ ਉਥੇ ਸਿਰਫ 4 ਬੋਰਵੈਲ ਹਨ ਜਦ ਕਿ ਉਥੋਂ 9 ਬੋਰ ਵੈਲ ਪੁੱਟੇ ਗਏ ਸਨ ਅਤੇ ਕੁਝ ਹੋਰ ਬਾਕੀ ਵੀ ਸਨ। ਉਹਨਾਂ ਦੱਸਿਆ ਕਿ ਕਿਵੇਂ ਪ੍ਰਸਾਸ਼ਨ ਅਤੇ ਫੈਕਟਰੀ ਮਾਲਕ ਦੀ ਮਦਦ ਕਰ ਰਿਹਾ ਹੈ। ਉਹਨਾਂ ਕਿਹਾ ਕਿ ਜਸਬੀਰ ਸਿੰਘ ਵੀ ਐਮ ਡੀ ਪਵਨ ਬਾਂਸਲ ਦੇ ਕਹੇ ਅਨੁਸਾਰ ਚੱਲ ਰਹੇ ਸਨ। ਪਾਣੀ ਦੇ ਸੈਂਪਲ ਲੈਣ ਲਈ ਆਈ NGT ਦੀ ਟੀਮ ਵੀ ਨਕਲੀ ਸੀ। ਉਹਨਾਂ ਕਿਹਾ ਕਿ ਅਸੀਂ ਧਰਨਾ ਪ੍ਰਦਰਸ਼ਨ ਕਰਨ ਤੋਂ ਪਹਿਲਾਂ ਪ੍ਰਸ਼ਾਸਨ ਨੂੰ ਅਲਟੀਮੇਟਮ ਦਿੱਤਾ ਸੀ। ਫੇਰ ਵੀ ਪ੍ਰਸ਼ਾਸਨ 28 ਦਿਨਾਂ ਬਾਅਦ ਪਹੁੰਚਿਆ ਅਤੇ ਸਾਡੇ ਖਿਲਾਫ ਰਿਪੋਰਟਾਂ ਵੀ ਬਿਲਕੁਲ ਗ਼ਲਤ ਦਿੱਤੀਆਂ ਗਈਆਂ ਸਨ । ਉਹਨਾਂ ਕਿਹਾ ਕਿ ਅਸੀਂ ਚੈਲੰਜ ਕਰਦੇ ਹਾਂ ਕਿ ਪ੍ਰਸ਼ਾਸ਼ਨ ਤੇ ਦੀਪ ਮਲਹੋਤਰਾ ਆਪਣੇ ਪਰਿਵਾਰ ਸਮੇਤ ਸਾਡੇ ਪਿੰਡ ਵਿਚ ਇਕ ਮਹੀਨੇ ਲਈ ਆ ਕੇ ਰਹੇ ਅਤੇ ਉਹ ਪਾਣੀ ਪੀ ਲੈਣ ਜੋ ਅਸੀਂ ਪੀਂਦੇ ਹਾਂ ਤਾਂ ਅਸੀਂ ਵਾਅਦਾ ਕਰਦੇ ਹਾਂ ਕਿ ਧਰਨਾ ਬੰਦ ਕਰ ਦਿੱਤਾ ਜਾਵੇਗਾ। ਜ਼ਮੀਨਾਂ ਅਟੈਚ ਕਰਨ ਵਾਲੇ ਮਸਲੇ ਬਾਰੇ ਵੀ ਉਨ੍ਹਾਂ ਨੇ ਆਪਣੇ ਵਿਚਾਰ ਦਿੱਤੇ। ਉਨ੍ਹਾਂ ਕਿਹਾ ਕਿ ਸਰਕਾਰ ਆਮ ਲੋਕਾਂ ਦੀ ਨਹੀਂ ਬਲਕਿ ਕਾਰਪੋਰੇਟਾਂ ਦੀ ਹੈ।
~ਕੁਲਵਿੰਦਰ ਕੌਰ ਬਾਜਵਾ