ਭਾਗ – 42
ਇਹ ਇੰਟਰਵਿਊ 30 ਜੂਨ 2022 ਨੂੰ ਲਵਪ੍ਰੀਤ ਫੱਤੇ ਵਾਲਾ ਨਾਲ ਕੀਤੀ ਗਈ। ਜੋ ਕਿ ਇੱਕ ਗਾਇਕ ਹੋਣ ਦੇ ਨਾਲ-ਨਾਲ ਗੀਤਕਾਰ ਵੀ ਹੈ ਅਤੇ ਅਕਸਰ ਆਪਣੇ ਸੋਸ਼ਲ ਮੀਡੀਆ ਹੈ ਗਾ ਕੇ ਵੀਡੀਓਜ਼ ਸਾਂਝੀਆਂ ਕਰਦਾ ਰਹਿੰਦਾ ਹੈ। ਲਵਪ੍ਰੀਤ ਦੀਆਂ ਲਿਖਤਾਂ ਅਤੇ ਗਾਇਕੀ ਇਤਿਹਾਸਕ ਅਤੇ ਸਮਾਜਕ ਤੱਥਾਂ ਤੇ ਆਧਾਰਿਤ ਹੁੰਦੀ ਹੈ। ਲਵਪ੍ਰੀਤ ਦੀ ਉਮਰ 20 ਸਾਲ ਹੈ ਜੋ ਕਿ ਬੀ ਏ ਦੀ ਪੜਾਈ ਦੇ ਨਾਲ ਨਾਲ ਪਾਰਟ ਟਾਈਮ ਐਂਕਰਿੰਗ ਵੀ ਕਰਦਾ ਹੈ। ਲਵਪ੍ਰੀਤ ਨੂੰ ਬਚਪਨ ਤੋਂ ਹੀ ਗਾਇਕੀ ਦਾ ਸ਼ੌਕ ਸੀ। ਉਸ ਨੇ ਦੱਸਿਆ ਕਿ 2020 ਵਿੱਚ ਮਾਨ ਬਠਿੰਡੇ ਵਾਲਾ ਨੇ ਸੋਸ਼ਲ ਮੀਡੀਆ ‘ਤੇ ਉਸ ਦੀ ਵੀਡੀਓ ਪਾਈ ਸੀ ਅਤੇ ਓਸਨੇ ਲਵਪ੍ਰੀਤ ਨੂੰ ਹਰਮੋਨੀਅਮ ਵੀ ਖਰੀਦ ਕੇ ਦਿੱਤਾ ਸੀ। ਗਾਇਕੀ ਸਿਖਣ ਦੇ ਨਾਲ-ਨਾਲ ਲਵਪ੍ਰੀਤ ਲਿਟਰੇਚਰ ਪੜ੍ਹਨ ਦਾ ਅਤੇ ਬਜ਼ੁਰਗਾਂ ਨਾਲ ਸਮਾਂ ਬਿਤਾਉਣ ਦਾ ਸ਼ੌਕੀਨ ਹੈ। ਜਿਸ ਤੋਂ ਉਸ ਨੂੰ ਚੰਗਾ ਲਿਖਣ ਦੀ ਪ੍ਰੇਰਨਾ ਮਿਲਦੀ ਹੈ। ਲਵਪ੍ਰੀਤ ਬਹੁਤ ਹਸਮੁੱਖ ਅਤੇ ਹਾਜ਼ਰ ਜਵਾਬ ਇਨਸਾਨ ਹੈ। ਗੱਲਬਾਤ ਦੌਰਾਨ ਲਵਪ੍ਰੀਤ ਨੇ ਕੁਝ ਗੀਤ ਵੀ ਗਾ ਕੇ ਸੁਣਾਏ। ਲਵਪ੍ਰੀਤ ਨੇ ਕਿਹਾ ਕਿ ਹਰ ਚੀਜ਼ ਦੇ ਲਾਭ ਅਤੇ ਨੁਕਸਾਨ ਹੁੰਦੇ ਹਨ ਪਰ ਮੋਬਾਈਲ ਫੋਨ ਉਸਦੇ ਲਈ ਆਮਦਨ ਦੇ ਨਾਲ ਨਾਲ ਆਪਣੀ ਪ੍ਰਤਿਭਾ ਨੂੰ ਦੁਨੀਆ ਕੋਨੇ ਕੋਨੇ ਵਿੱਚ ਪਹੁੰਚਾਉਣ ਦਾ ਜ਼ਰੀਆ ਹੈ। ਲਵਪ੍ਰੀਤ ਆਪਣੇ ਦਾਦਾ ਜੀ ਅਤੇ ਭੈਣ ਭਰਾਵਾਂ ਨਾਲ ਇੱਕ ਦਿਲਚਸਪ ਵਾਰਤਾਲਾਪ ਦੇ ਰੂਪ ਵਿੱਚ ਆਪਣੀਆਂ ਗੀਤਾਂ ਵੀਡੀਓਜ਼ ਸ਼ੁਰੂ ਕਰਦਾ ਹੈ ਜਿਸ ਕਾਰਨ ਉਸ ਨੂੰ ਜਿਆਦਾ ਪ੍ਰਸਿੱਧੀ ਮਿਲੀ। ਉਸ ਨੂੰ ਲੱਗਦਾ ਹੈ ਕਿ ਅਜਿਹਾ ਕਰਨ ਨਾਲ ਉਹ ਸਮਾਜ ਵਿੱਚ ਰਿਸ਼ਤਿਆਂ ਦੀ ਕਦਰ ਕਰਨ ਦਾ ਸੁਨੇਹਾ ਦਿੰਦਾ ਹੈ। ਪੰਮਾ ਡੂਮੇਵਾਲਾ ਉਸ ਦਾ ਮਨਪਸੰਦ ਗਾਇਕ ਹੈ ਅਤੇ ਸਾਬ ਪਨਗੋਟਾ, ਚਰਨ ਲਿਖਾਰੀ ਉਸ ਦੇ ਮਨਪਸੰਦ ਗੀਤਕਾਰ ਹਨ। ਉਸ ਨੇ ਕਿਹਾ ਕਿ ਉਹ ਸਾਬ ਪਨਗੋਟਾ ਨੂੰ ਆਪਣਾ ਆਦਰਸ਼ ਮੰਨਦਾ ਹੈ ਅਤੇ ਭਵਿੱਖ ਵਿੱਚ ਉਹ ਪੰਮਾ ਡੂਮੇਵਾਲ ਨਾਲ ਕੰਮ ਕਰਨਾ ਪਸੰਦ ਕਰੇਗਾ। ਲਵਪ੍ਰੀਤ ਮਿਹਨਤ ਕਰਨ ਵਿਚ ਯਕੀਨ ਰੱਖਣ ਵਾਲਾ ਇਨਸਾਨ ਹੈ। ਅਖੀਰ ਉਸ ਨੇ ਆਪਣਾ ਇੱਕ ਗੀਤ ਵੀ ਗਾ ਕੇ ਸੁਣਾਇਆ।
~ ਕੁਲਵਿੰਦਰ ਕੌਰ ਬਾਜਵਾ