ਲਖਵਿੰਦਰ ਸਿੰਘ ਲੱਖਾ

ਭਾਗ –104 ਇਹ ਇੰਟਰਵਿਊ ਲਖਵਿੰਦਰ ਸਿੰਘ ਲੱਖਾ ਨਾਲ 9 ਨਵੰਬਰ 2022 ਨੁੰ ਪ੍ਰਕਾਸ਼ਿਤ ਕੀਤੀ ਗਈ। ਮੌਜੂਦਾ ਹਲਾਤਾਂ ਬਾਰੇ ਗੱਲ ਕਰਦਿਆਂ ਉਨ੍ਹਾਂ ਨੇ ਕਿਹਾ ਕਿ ਪੰਜਾਬ ਬਹੁਤ ਨੀਵੇਂ ਪੱਧਰ ਤੇ ਖੜ੍ਹਾ ਹੈ। ਉਨ੍ਹਾਂ ਕਿਹਾ ਕਿ 1995 ਵਿਚ ਪੰਜਾਬ ਦੇ ਮਾੜੇ ਮਾਹੌਲ ਨੂੰ ਦੇਖਦੇ ਹੋਏ ਉਨ੍ਹਾਂ ਦੇ ਗਰੁੱਪ ਵੱਲੋਂ ਜੋ ਐਕਸ਼ਨ ਲਿਆ ਗਿਆ ਸੀ। ਉਸ ਵਿੱਚ ਬਲਵੰਤ ਸਿੰਘ ਰਾਜੋਆਣਾ, ਜਗਤਾਰ ਸਿੰਘ ਹਵਾਰਾ, ਲਖਵੀਰ ਸਿੰਘ ਨਾਰੰਗਵਾਲ, ਜਗਤਾਰ ਸਿੰਘ ਤਾਰਾ, ਪਰਮਜੀਤ ਸਿੰਘ ਭਿਓਰਾ, ਗੁਰਮੀਤ ਸਿੰਘ ਪਟਿਆਲਾ ਅਤੇ ਸ਼ਮਸ਼ੇਰ ਸਿੰਘ ਸ਼ਾਮਿਲ ਸਨ। ਦਿਲਾਵਰ ਸਿੰਘ ਨੇ ਮਨੁੱਖੀ ਬੰਬ ਬਣ ਕੇ ਜੋ ਕੀਤਾ ਸੀ ਉਸ ਲਈ ਸਲੂਟ ਹੈ। ਉਨ੍ਹਾਂ ਕਿਹਾ ਕਿ ਹੁਣ ਸੈਂਟਰ ਵੱਲੋਂ ਪੰਜਾਬ ਵਿੱਚ ਉਹੀ ਮਾਹੌਲ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇੰਟਰਵਿਊ ਵਿਚ ਅੰਮ੍ਰਿਤਪਾਲ ਦੀ ਗੱਲ ਕਰਦਿਆਂ ਉਨ੍ਹਾਂ ਨੇ ਕਿਹਾ ਕਿ ਉਹ ਬਹੁਤ ਵਧੀਆ ਲੀਡਰ ਹੈ ਪਰ ਉਸ ਨੂੰ ਥੋੜਾ ਸੰਤੁਲਨ ਰੱਖਣ ਦੀ ਲੋੜ ਹੈ। ਇਸ ਇੰਟਰਵਿਊ ਵਿਚ ਉਨ੍ਹਾਂ ਨੇ ਬੰਦੀ ਸਿੰਘਾਂ ਦੇ ਵਿਚਕਾਰ ਜੋ ਅੰਦਰੂਨੀ ਝਗੜਾ ਚੱਲ ਰਿਹਾ ਹੈ ਜਾਂ ਵਿਚਾਰਾਂ ਦਾ ਮਤਭੇਦ ਚੱਲ ਰਿਹਾ ਹੈ ਉਸ ਬਾਰੇ ਖੁੱਲ ਕੇ ਗੱਲਬਾਤ ਕੀਤੀ। ਉਨ੍ਹਾਂ ਕਿਹਾ ਕਿ ਪੰਜਾਬ ਦੀਆਂ ਸਰਕਾਰਾਂ, ਟਕਸਾਲ ਦੁਆਰਾ, ਸੰਸਥਾਵਾਂ ਸ਼੍ਰੋਮਣੀ ਅਕਾਲੀ ਦਲ ਜਾਂ ਐਸਜੀਪੀਸੀ ਵੱਲੋਂ ਅਜਿਹਾ ਕੁਝ ਬੰਦੀ ਸਿੰਘਾਂ ਲਈ ਨਹੀਂ ਕੀਤਾ ਗਿਆ ਜੋ ਉਹ ਕਰ ਸਕਦੇ ਸੀ ਜਾਂ ਉਨ੍ਹਾਂ ਨੂੰ ਕਰਨਾ ਚਾਹੀਦਾ ਸੀ। ਉਨ੍ਹਾਂ ਨੇ ਕਿਹਾ ਉਨ੍ਹਾਂ ਨੂੰ ਜਾਂ ਉਨ੍ਹਾਂ ਦੇ ਗਰੁੱਪ ਦੇ ਕਿਸੇ ਵੀ ਮੈਂਬਰ ਨੂੰ ਆਪਣੇ ਕੀਤੇ ਦਾ ਪਛਤਾਵਾ ਨਹੀ ਹੈ ਬਲਕੇ ਮਾਣ ਹੈ। ਉਨ੍ਹਾਂ ਕਿਹਾ ਕਿ ਉਹ ਅਜਿਹਾ ਐਕਸ਼ਨ ਕਰਨ ਤੋਂ ਪਹਿਲਾਂ ਬਿਲਕੁਲ ਤਿਆਰ ਸਨ। ਉਨ੍ਹਾਂ ਕਿਹਾ ਕੇ ਬੇਅੰਤ ਸਿੰਘ ਨੂੰ ਮਾਰਨ ਤੋਂ ਬਾਅਦ ਪੰਜਾਬ ਵਿਚ ਕੋਈ ਵੀ ਫਰਜ਼ੀ ਇਨਕਾਊਂਟਰ ਨਹੀਂ ਹੋਇਆ। ਉਨ੍ਹਾਂ ਨੇ ਭਾਈ ਜਗਤਾਰ ਸਿੰਘ ਹਵਾਰਾ ਨਾਲ ਮਤਭੇਦ ਬਾਰੇ ਵੀ ਗੱਲਬਾਤ ਕੀਤੀ। ਉਨ੍ਹਾਂ ਇਹ ਵੀ ਕਿਹਾ ਕਿ ਖਾਲਿਸਤਾਨ ਬਾਰੇ ਬੰਦੀ ਸਿੰਘਾਂ ਦਾ ਇਕ ਮੱਤ ਨਹੀਂ ਹੈ। ਉਨ੍ਹਾਂ ਕਿਹਾ ਕਿ ਸਿਮਰਨਜੀਤ ਸਿੰਘ ਮਾਨ ਨੇ ਲੋਕਾਂ ਨੂੰ ਉਸ ਤਰ੍ਹਾਂ ਨਾਲ ਆਪਣਾ ਸੁਨੇਹਾ ਨਹੀਂ ਦੇ ਸਕੇ ਜਿਵੇਂ ਦੇਣਾ ਚਾਹੀਦਾ ਸੀ। ਉਨ੍ਹਾਂ ਨੇ ਪੰਜਾਬ ਦੀ ਪਾਲੀਟਿਕਸ ਬਾਰੇ ਵੀ ਖੋਲ੍ਹ ਕੇ ਆਪਣੀ ਰਾਇ ਦਿੱਤੀ। ਉਨ੍ਹਾਂ ਕਿਹਾ ਕਿ ਅਜੰਸੀਆਂ ਦੇ ਹਿਸਾਬ ਨਾਲ ਹੀ ਸਟੇਟਾਂ ਚਲਦੀਆਂ ਹਨ। ਉਨ੍ਹਾਂ ਨੇ ਕਿਹਾ ਕਿ ਉਹ ਬੰਦੀ ਸਿੰਘਾਂ ਦੀ ਰਿਹਾਈ ਲਈ ਆਸਵੰਦ ਹੈ। ਏਸ ਤੋਂ ਇਲਾਵਾ ਉਨ੍ਹਾਂ ਨੇ ਬੰਦੀ ਸਿੰਘਾਂ ਦੀ ਪੈਰੋਲ ਅਤੇ 1984 ਦੇ ਇਨਸਾਫ਼ ਬਾਰੇ ਵੀ ਕਈ ਅਹਿਮ ਗੱਲਾਂ ਕੀਤੀਆਂ। ਉਨ੍ਹਾਂ ਨੇ ਪੰਜਾਬ ਵਿਚ ਵਧ ਰਹੇ ਗੈਂਗਸਟਰ ਕਲਚਰ ਬਾਰੇ ਵੀ ਆਪਣੇ ਵਿਚਾਰ ਸਾਂਝੇ ਕੀਤੇ। ਅਖੀਰ 1995 ਵਿਚ ਉਨ੍ਹਾਂ ਵੱਲੋਂ ਕੀਤੇ ਐਕਸ਼ਨ ਦੇ ਬਾਰੇ ਵਿੱਚ ਗੱਲਬਾਤ ਕਰਦਿਆਂ ਉਨ੍ਹਾਂ ਨੇ ਕਿਹਾ ਕਿ ਆਪਣੇ ਹੱਕਾਂ ਅਤੇ ਹੋਂਦ ਲਈ ਇਨਸਾਫ਼ ਆਪ ਲੈਣਾ ਪੈਂਦਾ ਹੈ।

~ਕੁਲਵਿੰਦਰ ਕੌਰ ਬਾਜਵਾ

Leave a Comment

Your email address will not be published. Required fields are marked *