ਭਾਗ –114 ਇਹ ਇੰਟਰਵਿਊ ਰੰਗਲੇ ਸਰਦਾਰ ਨਾਂ ਦੇ ਗਰੁੱਪ ਨਾਲ 27 ਨਵੰਬਰ ਨੂੰ ਪ੍ਰਕਾਸ਼ਿਤ ਕੀਤੀ ਗਈ ਜੋ ਕਿ ਇੱਕ ਚਾਰ ਮੈਂਬਰਾਂ ਦਾ ਗਰੁੱਪ ਹੈ। ਜਿਸ ਨੂੰ ਅਰਸ਼ਦੀਪ ਸਿੰਘ ਲੀਡ ਕਰਦਾ ਹੈ ਜੋ ਕਿ ਗਾਉਣ ਦੇ ਨਾਲ-ਨਾਲ ਸਾਰੰਗੀ ਵਜਾਉਂਦਾ ਹੈ ਅਤੇ ਉਸ ਦੇ ਬਾਕੀ ਸਾਥੀ ਹੋਰ ਸਾਜ਼ ਵਜਾਉਂਦੇ ਹਨ ਤੇ ਉਸ ਦੇ ਨਾਲ ਗਾਉਂਦੇ ਹਨ। ਅੱਜ ਕਲ੍ਹ ਉਹ ਆਪਣੇ ਗੀਤ ਵੀ ਰਿਲੀਜ਼ ਕਰ ਰਹੇ ਹਨ ਅਤੇ ਲਾਈਵ ਪ੍ਰੋਗਰਾਮ ਵੀ ਲਾਉਂਦੇ ਹਨ। ਸਭ ਤੋਂ ਵਿਲੱਖਣ ਗੱਲ ਇਹ ਹੈ ਕਿ ਅਰਸ਼ਦੀਪ ਸਿੰਘ ਮੁਸਲਿਮ ਪਰਿਵਾਰ ਦੇ ਨਾਲ ਸਬੰਧਤ ਹੋਣ ਦੇ ਬਾਵਜੂਦ ਵੀ ਚੌਥੀ ਕਲਾਸ ਤੋਂ ਸਿਰ ਤੇ ਦਸਤਾਰ ਸਜਾ ਰਹੇ ਹਨ। ਇਹ ਸਭ ਇਕ-ਦੂਜੇ ਨੂੰ ਕਾਲਜ ਦੇ ਯੂਥ ਫੈਸਟੀਵਲ ਵਿੱਚ ਪਹਿਲੀ ਵਾਰ ਮਿਲੇ ਸਨ ਅਤੇ ਉਸ ਤੋਂ ਬਾਅਦ ਇਨ੍ਹਾਂ ਨੇ ਇਕੱਠੇ ਹੋ ਕੇ ਆਪਣਾ ਗਰੁੱਪ ਬਣਾ ਲਿਆ। ਇਨ੍ਹਾਂ ਚਾਰਾਂ ਦੋਸਤਾਂ ਨੇ ਦਸਿਆ ਕਿ ਸ਼ੁਰੂ ਵਿੱਚ ਜਦੋਂ ਇਨ੍ਹਾਂ ਦੀਆਂ ਵੀਡੀਓ ਵਾਇਰਲ ਹੋਈਆਂ ਤਾਂ ਘਰਦਿਆਂ ਨੇ ਬਹੁਤ ਸ਼ਲਾਘਾ ਕੀਤੀ ਅਤੇ ਇਸ ਖੇਤਰ ਵੱਲ ਇਨ੍ਹਾਂ ਦਾ ਰੁਝਾਨ ਵਧਦਾ ਗਿਆ। 2014 ਤੋਂ ਹੀ ਇਹ ਸਭ ਇਕੱਠੇ ਹਨ ਅਤੇ ਇਸ ਖੇਤਰ ਵਿੱਚ ਆਪਣਾ ਕੰਮ ਕਰ ਰਹੇ ਹਨ। ਇਹਨਾਂ ਨੇ ਦੱਸਿਆ ਕਿ ਬਹੁਤ ਸਾਰੇ ਨੌਜਵਾਨ ਇਨ੍ਹਾਂ ਤੱਕ ਪਹੁੰਚਦੇ ਹਨ ਅਤੇ ਸੰਗੀਤ ਸਿੱਖਣ ਜਾਂ ਗਰੁੱਪ ਵਿੱਚ ਸ਼ਾਮਿਲ ਹੋਣ ਦੀ ਇੱਛਾ ਜ਼ਾਹਰ ਕਰਦੇ ਹਨ। ਉਹਨਾਂ ਦੱਸਿਆ ਕਿ ਉਹ ਆਪਣੇ ਗਰੁੱਪ ਦੇ ਇਕ ਮੈਂਬਰ ਸਬਰ ਸਿੰਘ ਦੇ ਲਿਖੇ ਹੋਏ ਗੀਤ ਹੀ ਜ਼ਿਆਦਾਤਰ ਪਸੰਦ ਕਰਦੇ ਹਨ। ਨਾਨ ਕਮਰਸ਼ੀਅਲ ਗਾਉਣ ਦੇ ਨਾਲ-ਨਾਲ ਉਹ ਕੁਝ ਗੀਤ ਕਮਰਸ਼ੀਅਲ ਦੀ ਕਰਦੇ ਹਨ। ਉਹਨਾਂ ਕਿਹਾ ਕਿ ਭਵਿੱਖ ਵਿੱਚ ਜੇਕਰ ਉਨ੍ਹਾਂ ਨੂੰ ਕਿਸੇ ਨਾਲ ਮਿਲ ਕੇ ਕੰਮ ਕਰਨ ਦਾ ਜਾਂ ਸਿੱਖਣ ਦਾ ਮੌਕਾ ਮਿਲੇ ਤਾਂ ਉਹ ਵਾਰਿਸ ਭਰਾ ਹੋਣਗੇ । ਅਰਸ਼ਦੀਪ ਸਿੰਘ ਨੇ ਦੱਸਿਆ ਕਿ ਉਹ ਬਚਪਨ ਤੋਂ ਹੀ ਸਰੰਗੀ ਸਿੱਖ ਰਿਹਾ ਹੈ। ਰੰਗਲੇ ਸਰਦਾਰ ਗਰੁੱਪ ਨੇ ਦੱਸਿਆ ਕਿ ਉਹ ਆਪਣੇ ਗੀਤ ਆਪਣੇ ਯੂ-ਟਿਊਬ ਚੈਨਲ ਤੇ ਹੀ ਰਿਲੀਜ਼ ਕਰਦੇ ਹਨ। ਇਸ ਇੰਟਰਵਿਊ ਦੌਰਾਨ ਉਨ੍ਹਾਂ ਨੇ ਬਹੁਤ ਸਾਰੇ ਗੀਤਾਂ ਅਤੇ ਗਿੱਧੇ ਦੀਆਂ ਬੋਲੀਆਂ ਨਾਲ ਦਰਸ਼ਕਾਂ ਦਾ ਮਨੋਰੰਜਨ ਕੀਤਾ।
~ਕੁਲਵਿੰਦਰ ਕੌਰ ਬਾਜਵਾ