ਭਾਗ –128
ਇਹ ਇੰਟਰਵੀਊ ਰੋਮਨ ਬਰਾੜ ਨਾਲ 19 ਦਸੰਬਰ 2022 ਨੂੰ ਪ੍ਰਕਾਸ਼ਿਤ ਕੀਤੀ ਗਈ। ਇਹ ਇੰਟਰਵਿਊ ਵਿੱਚ ਉਨ੍ਹਾਂ ਨਾਲ ਜ਼ੀਰੇ ਵਿਖੇ ਲੱਗੇ ਸ਼ਰਾਬ ਫੈਕਟਰੀ ਦੇ ਖ਼ਿਲਾਫ਼ ਧਰਨੇ ਬਾਰੇ ਗੱਲਬਾਤ ਕੀਤੀ ਗਈ। ਇੰਟਰਵਿਉ ਦੀ ਸ਼ੁਰੂਆਤ ਵਿਚ ਉਨ੍ਹਾਂ ਨੇ ਦੱਸਿਆ ਕਿ ਸਰਕਾਰ ਨੇ ਸ਼ਾਂਤਮਈ ਧਰਨਾ ਪ੍ਰਦਰਸ਼ਨ ਕਰ ਰਹੇ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਹੈ। ਉਨ੍ਹਾਂ ਕਿਹਾ ਕਿ ਇਹ ਜੋ ਲੋਕ ਸਰਕਾਰ ਕੋਲੋਂ ਸਿਰਫ ਸਾਫ ਹਵਾ, ਪਾਣੀ ਅਤੇ ਮਿੱਟੀ ਦੀ ਮੰਗ ਕਰ ਰਹੇ ਹਨ ਉਨ੍ਹਾਂ ਖਿਲਾਫ਼ ਕਾਰਵਾਈਆਂ ਕਿਉਂ ਹੋ ਰਹੀਆਂ ਹਨ ਜਦਕਿ ਗਿਰਫ਼ਤਾਰ ਉਹ ਹੋਣੇ ਚਾਹੀਦੇ ਹਨ ਜੋ ਨਸ਼ੇ ਵੇਚਦੇ ਹਨ। ਗੱਲਬਾਤ ਦੇ ਦੌਰਾਨ ਉਨ੍ਹਾਂ ਨੇ ਭਗਵੰਤ ਮਾਨ ਨਾਲ ਹੋਈ ਮੀਟਿੰਗ ਬਾਰੇ ਦੱਸਿਆ ਕਿ ਸੀ ਐੱਮ ਕੋਲ ਫ਼ੈਕਟਰੀ ਬੰਦ ਕਰਨ ਦੀ ਮੰਗ ਕੀਤੀ ਗਈ ਸੀ। ਪਰ ਸਰਕਾਰ ਇਸ ਮੁੱਦੇ ਨੂੰ ਗੰਭੀਰਤਾ ਨਾਲ ਨਹੀਂ ਲੈ ਰਹੀ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਦੋ ਐਮ ਐਲ ਏ ਮੰਨਦੇ ਹਨ ਕਿ ਪਿੰਡ ਦਾ ਪਾਣੀ ਇੰਨਾ ਪ੍ਰਦੂਸ਼ਤ ਹੈ ਕਿ ਇਹ ਪੀਣ ਯੋਗ ਨਹੀਂ ਰਿਹਾ। ਪਰ ਸਰਕਾਰ ਕਹਿ ਰਹੀ ਹੈ ਕਿ ਫੈਕਟਰੀ ਚੱਲਣ ਯੋਗ ਹੈ। ਇਸ ਤੋਂ ਇਲਾਵਾ ਸਰਕਾਰੀ ਟੈਸਟ ਦੇ 10 ਵਿਚੋਂ 8 ਸੈਂਪਲ ਵੀ ਫੇਲ ਸਾਬਿਤ ਹੋਏ ਹਨ। ਉਨ੍ਹਾਂ ਕਿਹਾ ਕਿ ਸੀਐਮ ਭਗਵੰਤ ਮਾਨ ਕੇਜਰੀਵਾਲ ਅਤੇ ਰਾਘਵ ਚੱਡਾ ਅਨੁਸਾਰ ਚਲਦੇ ਹਨ। ਉਨ੍ਹਾਂ ਕਿਹਾ ਕਿ ਫੈਕਟਰੀ ਦੇ ਮਾਲਕ ਵੱਲੋਂ ਆਪਣੀ ਗਲਤੀ ਮੰਨਣ ਉਪਰੰਤ ਉਨ੍ਹਾਂ ਲੋਕਾਂ ਦੇ ਖਾਤਿਆਂ ਵਿਚ ਪੈਸੇ ਭੇਜੇ ਗਏ ਸਨ, ਜਿਨ੍ਹਾਂ ਦੇ 60 ਤੋਂ 70 ਪਸ਼ੂ ਇਸ ਫੈਕਟਰੀ ਦੇ ਪ੍ਰਦੂਸ਼ਣ ਕਾਰਨ ਮਰੇ ਸਨ। ਪਰ ਸਰਕਾਰ ਸ਼ਾਂਤਮਈ ਧਰਨਾ ਪ੍ਰਦਰਸ਼ਨ ਕਰ ਰਹੇ ਲੋਕਾਂ ਤੇ ਲਾਠੀਚਾਰਜ ਕਰ ਰਹੀ ਹੈ ਅਤੇ ਸੌ ਦੇ ਕਰੀਬ ਧਰਨਾਕਾਰੀ ਗ੍ਰਿਫਤਾਰ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਜੇ ਸੀਐੱਮ ਭਗਵੰਤ ਮਾਨ ਨੂੰ ਪੰਜਾਬ ਲਈ ਚਿੰਤਤ ਹੁੰਦਾ ਤਾਂ ਪੰਜਾਬ ਦੇ ਹਾਲਾਤ ਅਜਿਹੇ ਨਾ ਹੁੰਦੇ।
~ਕੁਲਵਿੰਦਰ ਕੌਰ ਬਾਜਵਾ