ਰੁਸਤਮ ਏ ਹਿੰਦ ਜੱਸਾ ਪੱਟੀ

ਭਾਗ – 25 ਇਹ ਇੰਟਰਵਿਊ 22 ਮਈ 2022 ਨੂੰ ਰੁਸਤਮ ਏ ਹਿੰਦ ਅਤੇ ਪੰਜਾਬ ਕੇਸਰੀ ਜਿਹੇ ਟਾਈਟਲ ਜਿੱਤਣ ਵਾਲੇ ਪਹਿਲਵਾਨ ਜੱਸਾ ਪੱਟੀ ਨਾਲ ਕੀਤੀ ਗਈ। ਇੰਟਰਵਿਊ ਦੀ ਸ਼ੁਰੂਆਤ ਵਿੱਚ ਉਹਨਾਂ ਨੂੰ ਕੁਸ਼ਤੀ ਦੇ ਭਵਿੱਖ ਬਾਰੇ ਪੁੱਛਿਆ ਗਿਆ ਤਾਂ ਉਹਨਾਂ ਕਿਹਾ ਕਿ ਕੁਸ਼ਤੀ ਦਾ ਭਵਿੱਖ ਵਧੀਆ ਹੀ ਹੋਵੇਗਾ ਕਿਉਂਕਿ ਪਿਛਲੇ 10 ਸਾਲ ਤੋਂ ਪੰਜਾਬ ਖੇਡਾਂ ਵਾਲੇ ਮਾਮਲੇ ਵਿੱਚ ਅੱਗੇ ਵੱਧ ਰਿਹਾ ਹੈ। ਜਦੋਂ ਜੱਸਾ ਪੱਟੀ ਤੋਂ ਉਨ੍ਹਾਂ ਦੇ ਸੰਘਰਸ਼ ਦੇ ਦਿਨਾਂ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਉਹ 2006 ਤੋਂ ਭਾਵ 13 ਸਾਲ ਦੀ ਉਮਰ ਤੋਂ ਕੁਸ਼ਤੀ ਖੇਡ ਰਹੇ ਹਨ ਅਤੇ ਇਸ ਦੌਰਾਨ ਉਨ੍ਹਾਂ ਬਹੁਤ ਮਿਹਨਤ ਕੀਤੀ ਅਤੇ ਉਨ੍ਹਾਂ ਨੂੰ ਸੱਟਾਂ ਅਤੇ ਆਲੋਚਨਾ ਦਾ ਵੀ ਸਾਹਮਣਾ ਕਰਨਾ ਪਿਆ। ਜਦੋਂ ਪੱਤਰਕਾਰ ਨੇ ਉਨ੍ਹਾਂ ਨੂੰ ਮੋਢੇ ਉਪਰ ਲੱਗੀ ਸੱਟ ਕਾਰਨ ਤਿੰਨ ਚਾਰ ਸਾਲ ਦਾ ਸਮਾਂ ਖਰਾਬ ਹੋਣ ਬਾਰੇ ਪੁੱਛਿਆ ਤਾਂ ਉਹਨਾਂ ਕਿਹਾ ਕਿ ਉਹ ਇਸ ਗੱਲ ਲਈ ਜ਼ਿਹਨੀ ਤੌਰ ਤੇ ਹਮੇਸ਼ਾ ਤਿਆਰ ਰਹਿੰਦੇ ਸਨ ਕਿ ਕੁਸ਼ਤੀ ਦੇ ਦੌਰਾਨ ਸੱਟਾਂ ਲੱਗੀਆਂ ਸੁਭਾਵਿਕ ਹਨ। ਪਰ ਫਿਰ ਵੀ ਉਹਨਾਂ ਕਦੇ ਹੌਸਲਾ ਨਹੀਂ ਹਾਰਿਆ ਸੀ। ਜਦੋਂ ਪੱਤਰਕਾਰ ਨੇ ਜੱਸਾ ਪੱਟੀ ਨੂੰ ਲੋਕਾਂ ਦੁਆਰਾ ਕੀਤੀ ਜਾਂਦੀ ਆਲੋਚਨਾ ਬਾਰੇ ਪੁੱਛਿਆ ਤਾਂ ਜੱਸਾ ਪੱਟੀ ਨੇ ਕਿਹਾ ਕਿ ਅਜਿਹੇ ਲੋਕਾਂ ਨੂੰ ਬਿਲਕੁਲ ਗਿਆਨ ਨਹੀਂ ਹੁੰਦਾ ਕਿ ਉਹ ਕੀ ਅਤੇ ਕਿਸ ਬਾਰੇ ਗੱਲ ਕਰ ਰਹੇ ਹਨ। ਮੋਬਾਇਲ ਬਾਰੇ ਗੱਲਬਾਤ ਕਰਦਿਆਂ ਜੱਸਾ ਪੱਟੀ ਨੇ ਕਿਹਾ ਕਿ ਮੋਬਾਈਲ ਦੀ ਸਕਰਾਤਮਕ ਜਾਂ ਨਕਾਰਤਮਕ ਪੱਖ ਨਾਲ ਵਰਤੋਂ ਕਰਨਾ ਬਿਲਕੁਲ ਇਨਸਾਨ ਦੇ ਉੱਪਰ ਨਿਰਭਰ ਕਰਦਾ ਹੈ। ਇਸ ਤੋਂ ਇਲਾਵਾ ਜੱਸੇ ਪੱਟੀ ਨਾਲ ਉਨ੍ਹਾਂ ਦੁਆਰਾ ਚਲਾਏ ਜਾਂਦੇ ਅਖਾੜੇ ਬਾਰੇ ਵੀ ਗੱਲਬਾਤ ਕੀਤੀ ਗਈ। ਪੱਤਰਕਾਰ ਦੁਆਰਾ ਜੱਸਾ ਪੱਟੀ ਨਾਲ ਓਲੰਪਿਕ ਖੇਡਾਂ ਦੌਰਾਨ ਹੋਈ ਘਟਨਾ ਬਾਰੇ ਵੀ ਵਿਸਥਾਰ ਪੂਰਵਕ ਗੱਲਬਾਤ ਕੀਤੀ ਗਈ। ਜੱਸਾ ਪੱਟੀ ਨੇ ਕਿਹਾ ਕਿ ਕਿਸੇ ਵੀ ਇੰਡੀਅਨ ਫੈਡਰੇਸ਼ਨ ਜਾਂ ਧਾਰਮਿਕ ਸੰਸਥਾ ਨੇ ਇਸ ਘਟਨਾ ਤੋਂ ਬਾਅਦ ਉਨ੍ਹਾਂ ਨਾਲ ਹਮਦਰਦੀ ਨਹੀਂ ਜਤਾਈ। ਆਪਣੇ ਭਵਿੱਖ ਬਾਰੇ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਮੈਂ ਭਵਿੱਖ ਵਿਚ ਵੀ ਇਸੇ ਤਰਾਂ ਮਿਹਨਤ ਜਾਰੀ ਰੱਖਾਂਗਾ ਅਤੇ ਨਵੇਂ ਪਹਿਲਵਾਨਾ ਦੀ ਵੀ ਇਸੇ ਤਰ੍ਹਾਂ ਮਦਦ ਕਰਦਾ ਰਹਾਂਗਾ। ਇਸ ਤੋਂ ਇਲਾਵਾ ਉਨ੍ਹਾਂ ਖਿਡਾਰੀ ਦੇ ਜੀਵਨ ਵਿੱਚ ਅਨੁਸ਼ਾਸਨ ਦੀ ਭੂਮਿਕਾ ਅਤੇ ਆਪਣੇ ਬਾਰੇ ਗੱਲਬਾਤ ਕਰਦਿਆਂ ਕਿਹਾ ਕਿ ਉਹ ਹੋਰ ਉੱਚਾ ਮੁਕਾਮ ਹਾਸਿਲ ਕਰਨ ਅਤੇ ਕੇਸਧਾਰੀ ਬੱਚਿਆਂ ਦੀ ਮਦਦ ਕਰਨ ਲਈ ਹਮੇਸ਼ਾ ਤਿਆਰ ਰਹਿਣਗੇ। ਅਖੀਰ ਵਿਚ ਸੁਨੇਹਾ ਦਿੰਦਿਆਂ ਉਨ੍ਹਾਂ ਨੇ ਕਿਹਾ ਕਿ ਖਿਡਾਰੀਆਂ ਨੂੰ ਆਪਸ ਵਿਚ ਏਕਤਾ ਬਣਾ ਕੇ ਰੱਖਣੀ ਚਾਹੀਦੀ ਹੈ।

ਕੁਲਵਿੰਦਰ ਕੌਰ ਬਾਜਵਾ

Leave a Comment

Your email address will not be published. Required fields are marked *