ਇਹ ਇੰਟਰਵਿਊ ਸੰਦੀਪ ਨੰਗਲ ਅੰਬੀਆਂ ਦੀ ਪਤਨੀ ਰੁਪਿੰਦਰ ਕੌਰ ਸੰਧੂ ਨਾਲ 12 ਅਪ੍ਰੈਲ 2023 ਨੂੰ ਪ੍ਰਕਾਸ਼ਿਤ ਕੀਤੀ ਗਈ। ਜੋ ਕਿ ਸੰਦੀਪ ਨੰਗਲ ਅੰਬੀਆਂ ਦੀ ਪਹਿਲੀ ਬਰਸੀ ਮਨਾਉਣ ਲਈ ਪੰਜਾਬ ਆਏ ਹੋਏ ਹਨ ਅਤੇ ਸੰਦੀਪ ਦੀ ਯਾਦ ਵਿੱਚ ਕਬੱਡੀ ਕੱਪ ਵੀ ਕਰਾਇਆ। ਉਨ੍ਹਾਂ ਕਿਹਾ ਕਿ ਪ੍ਰਸ਼ਾਸ਼ਨ ਨੂੰ ਬਹੁਤ ਲੰਬੇ ਸਮੇਂ ਤੋਂ ਅਪੀਲਾਂ ਕੀਤੀਆਂ ਜਾ ਰਹੀਆਂ ਹਨ ਪਰ ਸਰਕਾਰ ਵੱਲੋਂ ਕੋਈ ਇਨਸਾਫ ਨਹੀਂ ਦਿੱਤਾ ਜਾ ਰਿਹਾ। ਰੁਪਿੰਦਰ ਕੌਰ ਨੇ ਦੱਸਿਆ ਕਿ ਉਨ੍ਹਾਂ ਸੰਦੀਪ ਦੇ ਕਤਲ ਦੇ ਬਾਰੇ ਕੁੱਝ ਪ੍ਰਮੁੱਖ ਨਾਮ ਸਰਕਾਰ ਨੂੰ ਦਿੱਤੇ ਸਨ ਅਤੇਉਨ੍ਹਾਂ ਬੰਦਿਆਂ ਦੀ ਲੋਕੇਸ਼ਨ ਵੀ ਭੇਜੀ ਸੀ, ਜਿਨ੍ਹਾਂ ਤੋਂ ਸਰਕਾਰ ਨੇ ਪੁੱਛ ਗਿੱਛ ਤੱਕ ਨਹੀਂ ਕੀਤੀ। ਸਗੋਂ ਪ੍ਰਸ਼ਾਸ਼ਨ ਦੁਆਰਾ ਰੁਪਿੰਦਰ ਕੌਰ ਨੂੰ ਕਿਹਾ ਜਾਂਦਾ ਹੈ ਕਿ ਬਿਨਾਂ ਸਬੂਤਾਂ ਦੇ ਕੋਈ ਕਾਰਵਾਈ ਨਹੀਂ ਕੀਤੀ ਜਾ ਸਕਦੀ, ਜਦਕਿ ਸਬੂਤ ਲੱਭਣਾ ਪ੍ਰਸ਼ਾਸ਼ਨ ਦਾ ਕੰਮ ਹੁੰਦਾ ਹੈ। ਰੁਪਿੰਦਰ ਕੌਰ ਨੇ ਕਿਹਾ ਕਿ ਕਾਤਲਾਂ ਨੇ ਸੰਦੀਪ ਨੂੰ ਗਰਾਊਂਡ ਵਿੱਚ ਗੋਲੀ ਮਾਰ ਕੇ ਡਰ ਦਾ ਮਾਹੌਲ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਹੈ, ਇਸੇ ਲਈ ਖਿਡਾਰੀ ਵੀ ਅਵਾਜ਼ ਨਹੀਂ ਚੁੱਕ ਰਹੇ। ਰੁਪਿੰਦਰ ਨੇ ਕਿਹਾ ਕਿ ਉਨ੍ਹਾਂ ਨੂੰ ਖਿਡਾਰੀਆਂ ਦੇ ਸਾਥ ਦੀ ਜ਼ਰੂਰਤ ਹੈ ਪਰ ਪਹਿਲਾਂ ਖਿਡਾਰੀ ਆਪਣੀ ਸੁਰੱਖਿਆ ਦਾ ਧਿਆਨ ਰੱਖਣ। ਰੁਪਿੰਦਰ ਨੇ ਦੱਸਿਆ ਕਿ ਉਨ੍ਹਾਂ ਨੂੰ ਵੀ ਧਮਕੀਆਂ ਆਉਂਦੀਆਂ ਹਨ। ਇਸ ਦੇ ਨਾਲ ਹੀ ਮੈਗਾ ਲੀਗ ਬਾਰੇ ਜਾਣਕਾਰੀ ਦਿੰਦੇ ਹੋਏ ਉਨ੍ਹਾਂ ਦੱਸਿਆ ਕਿ ਸੰਦੀਪ ਕੱਬਡੀ ਵਿੱਚ ਕਿਹੜੇ ਸੁਧਾਰ ਕਰਨਾ ਚਾਹੁੰਦਾ ਸੀ। ਉਹ ਚਾਹੁੰਦਾ ਸੀ ਕਿ ਕੱਬਡੀ ਨੂੰ ਨਸ਼ਾ ਮੁਕਤ ਕੀਤਾ ਜਾ ਸਕੇ, ਖਿਡਾਰੀਆਂ ਦੇ ਬੀਮੇ ਹੋਣ, ਖੇਡ ਦੇ ਨਿਯਮਾਂ ਦੀ ਪੂਰਨ ਪਾਲਣਾ ਹੋਵੇ ਅਤੇ ਉਸਦੇ ਬੱਚੇ ਵੀ ਭਵਿੱਖ ਵਿੱਚ ਖੇਡਾਂ ਵਿੱਚ ਜਾਣ। ਉਹਨਾਂ ਦੱਸਿਆ ਕਿ ਸੰਦੀਪ ਕਿਵੇਂ ਹਰ ਇੱਕ ਦੀ ਮਦਦ ਕਰਦਾ ਸੀ, ਉਹ ਨਵੇਂ ਖਿਡਾਰੀਆਂ ਦੀ, ਰਿਟਾਇਰਡ ਖਿਡਾਰੀਆਂ ਦੀ, ਆਰਥਿਕ ਪੱਖ ਤੋਂ ਕਮਜ਼ੋਰ ਖਿਡਾਰੀਆਂ ਦੀ ਪੈਸੇ ਨਾਲ ਵੀ ਮਦਦ ਕਰਦਾ ਸੀ। ਜੇਕਰ ਉਸਨੂੰ ਸਮਾਂ ਮਿਲ ਜਾਂਦਾ ਤਾਂ ਅਜੇ ਉਸਨੇ ਬਹੁਤ ਕੁੱਝ ਕਰਨਾ ਸੀ। ਉਨ੍ਹਾਂ ਗੈਂਗਸਟਰਾਂ ਬਾਰੇ ਅਤੇ ਕਬੱਡੀ ਵਿੱਚ ਆਪਣੀ ਪ੍ਰਧਾਨਗੀ ਚਲਾਉਣ ਦੇ ਚਾਹਵਾਨ ਲੋਕਾਂ ਬਾਰੇ ਵੀ ਖੁੱਲ ਕੇ ਗੱਲਬਾਤ ਕੀਤੀ। ਰੁਪਿੰਦਰ ਕੌਰ ਨੇ ਦੱਸਿਆ ਕਿ ਸੰਦੀਪ ਨੰਗਲ ਅੰਬੀਆਂ ਕਦੇ ਵੀ ਕਿਸੇ ਗੈਂਗਸਟਰ ਦੇ ਪ੍ਰੈਸ਼ਰ ਵਿਚ ਨਹੀ ਖੇਡੇ ਸਨ। ਇੱਕ ਕਾਮਯਾਬ ਖਿਡਾਰੀ ਹੋਣ ਦੇ ਨਾਲ-ਨਾਲ ਸੰਦੀਪ ਇੱਕ ਵਧੀਆ ਮੈਨੇਜਰ ਵੀ ਸਨ ਅਤੇ ਕਈ ਵੱਡੇ ਖਿਡਾਰੀ ਉਸਦਾ ਮਾਰਗ-ਦਰਸ਼ਨ ਵੀ ਲੈਂਦੇ ਸਨ। ਰੁਪਿੰਦਰ ਕੌਰ ਸੰਧੂ ਨੇ ਕਿਹਾ ਕਿ ਉਹ ਧਰਨੇ ਲਾ ਕੇ ਲੋਕਾਂ ਨੂੰ ਪਰੇਸ਼ਾਨ ਕਰਨ ਦੀ ਬਜਾਏ ਪੰਜਾਬ ਸਰਕਾਰ ਨੂੰ ਕਾਰਵਾਈ ਲਈ ਹੋਰ ਸਮਾਂ ਦੇਣਾ ਚਾਹੁੰਦੇ ਹਨ। ਪਰ ਆਸ ਕਰਦੇ ਹਨ ਕਿ ਸਰਕਾਰ ਉਹਨਾਂ ਨੂੰ ਇਨਸਾਫ਼ ਦਵਾਏਗੀ। ਇਸ ਇੰਟਰਵਿਊ ਵਿੱਚ ਹੋਰ ਵੀ ਮਹੱਤਵਪੂਰਨ ਗੱਲਾਂ ਕੀਤੀਆਂ ਗਈਆਂ।
~ਕੁਲਵਿੰਦਰ ਕੌਰ ਬਾਜਵਾ