ਭਾਗ –79 ਇਹ ਇੰਟਰਵਿਊ ਸੀਨੀਅਰ ਜਰਨਲਿਸਟ ਰਿਤੇਸ਼ ਲੱਖੀ ਨਾਲ 18 ਸਤੰਬਰ 2022 ਨੂੰ ਪ੍ਰਕਾਸ਼ਿਤ ਕੀਤੀ ਗਈ। ਇੰਟਰਵੀਊ ਦੀ ਸ਼ੁਰੂਆਤ ਵਿੱਚ ਉਹਨਾਂ ਨੂੰ ਸੰਦੀਪ ਨੰਗਲ ਅੰਬੀਆਂ, ਵਿੱਕੀ ਮਿੱਡੂ ਖੇੜਾ ਅਤੇ ਮੂਸੇਵਾਲਾ ਦੇ ਕਤਲ ਹੋਣ ਨਾਲ ਗੈਂਗਸਟਰਾਂ ਦੇ ਸਬੰਧਾਂ ਬਾਰੇ ਗੱਲਬਾਤ ਕੀਤੀ ਗਈ। ਗੱਲਬਾਤ ਕਰਦਿਆਂ ਸ੍ਰੀ ਰਕੇਸ਼ ਲੱਖੀ ਨੇ ਦੱਸਿਆ ਕਿ ਜਦੋਂ ਇਹ ਤਿੰਨੋਂ ਕਤਲ ਹੋਏ ਸਨ ਉਸ ਸਮੇਂ ਵੱਖ ਪਾਰਟੀਆਂ ਦੀਆਂ ਸਰਕਾਰਾਂ ਸਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਕਤਲਾਂ ਤੋਂ ਇਲਾਵਾ ਪੰਜਾਬ ਵਿਚ ਹੋਰ ਵੀ ਗੈਂਗਵਾਰ ਚੱਲਦੇ ਰਹਿੰਦੇ ਹਨ ਜੋ ਕਦੇ ਉਭਰ ਕੇ ਸਾਹਮਣੇ ਨਹੀਂ ਆਉਂਦੇ। ਰਿਤੇਸ਼ ਨੇ ਕਿਹਾ ਕਿ ਸਰਕਾਰਾਂ ਨੂੰ ਟਾਸਕ ਫੋਰਸਾਂ ਬਣਾਉਣ ਦੀ ਬਜਾਏ ਉਹ ਕਾਰਨ ਲੱਭਣੇ ਚਾਹੀਦੇ ਹਨ ਜਿਨ੍ਹਾਂ ਕਰਕੇ ਨੌਜਵਾਨ ਗੈਂਗਸਟਰ ਬਣਦੇ ਹਨ। ਉਨ੍ਹਾਂ ਕਿਹਾ ਕਿ ਡੀ ਜੀ ਪੀ ਅਤੇ ਏ ਡੀ ਜੀ ਪੱਧਰ ਦੇ ਅਧਿਕਾਰੀਆਂ ਦੀ ਨਿਰਭਰਤਾ ਹੇਠਲੇ ਅਧਿਕਾਰੀਆਂ ‘ਤੇ ਰਹਿੰਦੀ ਹੈ। ਉਹਨਾਂ ਦੱਸਿਆ ਕਿ ਕਿਵੇਂ ਗੈਂਗਸਟਰ ਫਿਰੌਤੀਆਂ ਲੈਣ ਲੋਕਾਂ ਨੂੰ ਤੰਗ ਕਰਦੇ ਹਨ ਅਤੇ ਪੈਸਾ ਲੈਣ ਲਈ ਉਹ ਲੋਕਾਂ ਨੂੰ ਕਿਵੇਂ ਟਾਰਚਰ ਕਰਦੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੀਆਂ ਜੇਲ੍ਹਾਂ ਤੇ ਸਰਕਾਰ ਦਾ ਕੰਟਰੋਲ ਨਹੀਂ ਹੈ ਅਤੇ ਮੁਖ਼ਤਾਰ ਅੰਸਾਰੀ ਦੇ ਕੇਸ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਜੇਲਾਂ ਵਿੱਚ ਗੈਂਗਸਟਰਾਂ ਨੂੰ VIP ਟਰੀਟਮੈਂਟ ਦਿੱਤਾ ਜਾਂਦਾ ਹੈ। ਰਿਤੇਸ਼ ਲੱਖੀ ਨੇ ਦੱਸਿਆ ਕਿ ਉਨ੍ਹਾਂ ਦੀਆਂ ਇੰਟਰਵਿਊਜ਼ ਵਿੱਚ, ਗੈਂਗਸਟਰ ਆਪਣਾ ਪੱਖ ਕਿਵੇਂ ਪੇਸ਼ ਕਰਦੇ ਹਨ। ਰਿਤੇਸ਼ ਨੇ ਕਿਹਾ ਕਿ ਪੰਜਾਬ ਸਰਕਾਰ ਨੂੰ ਮੁਲਜ਼ਮਾਂ ਦੇ ਸਕੈਚ ਜਾਰੀ ਕਰਨੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਸੰਦੀਪ ਨੰਗਲ ਅੰਬੀਆਂ ਨੂੰ ਮਾਰਨ ਵਾਲੇ ਤਿੰਨ ਸ਼ੂਟਰ ਅਜੇ ਤੱਕ ਫੜੇ ਨਹੀ ਗਏ ਹਨ। ਉਨ੍ਹਾਂ ਇਹ ਵੀ ਕਿਹਾ ਕਿ ਪੰਜਾਬ ਸਰਕਾਰ ਨੇ ਪੀੜਤਾਂ ਤੋਂ ਕਾਰਵਾਈ ਬਾਰੇ ਜਾਣਕਾਰੀ ਲੁਕਾਉਣੀ ਨਹੀਂ ਚਾਹੀਦੀ। ਉਨ੍ਹਾਂ ਕਿਹਾ ਕਿ ਪੁਲੀਸ ਦਾ ਸਿਆਸੀਕਰਨ ਹੋ ਚੁੱਕਾ ਹੈ ਅਤੇ ਨਾਲ ਹੀ ਮੌਜੂਦਾ ਸਰਕਾਰ ਆਪਣੀਆਂ ਪ੍ਰਾਪਤੀਆਂ ਨੂੰ ਵਧਾਅ-ਚੜ੍ਹਾਅ ਕੇ ਦੱਸਣ ਦੀ ਕੋਸ਼ਿਸ਼ ਕਰ ਰਹੀ ਹੈ। ਉਹਨਾਂ ਦੱਸਿਆ ਕਿ ਸਿੱਧੂ ਮੂਸੇਵਾਲਾ ਦੀ ਮੌਤ ਨੇ ਕਿਵੇਂ ਪੰਜਾਬ ਨੂੰ ਪ੍ਰਭਾਵਿਤ ਕੀਤਾ। ਸਿੱਧੂ ਮੂਸੇਵਾਲਾ ਦੇ ਕਤਲ ਬਾਰੇ ਗੱਲ ਕਰਦਿਆਂ ਉਨ੍ਹਾਂ ਨੇ ਵਿੱਕੀ ਮਿੱਡੂਖੇੜਾ ਅਤੇ ਗੋਲਡੀ ਬਰਾੜ, ਇਨਾਂ ਸਾਰੇ ਨਾਮਾਂ ਦੇ ਪਿੱਛੇ ਦੀ ਕਹਾਣੀ ਵਿਸਥਾਰਪੂਰਵਕ ਬਿਆਨ ਕੀਤੀ। ਉਨ੍ਹਾਂ ਕਿਹਾ ਕਿ ਬਿਨਾ ਸਬੂਤਾਂ ਤੋਂ ਕਿਸੇ ਗਾਇਕ ਤੇ ਇਲਜ਼ਾਮ ਲਾਉਣਾ ਸਹੀ ਨਹੀਂ ਹੈ। ਆਪਣੇ ਬਾਰੇ ਗੱਲ ਕਰਦਿਆਂ ਰਿਤੇਸ਼ ਲੱਕੀ ਨੇ ਦਸਿਆ ਕਿ ਸ਼ੁਰੂ ਵਿੱਚ ਉਨ੍ਹਾਂ ਦਾ ਕ੍ਰਾਈਮ ਨਿਊਜ਼ ਬਾਰੇ ਵੀਡੀਓ ਬਣਾਉਣ ਦਾ ਕੋਈ ਪਲਾਨ ਨਹੀਂ ਸੀ ਪਰ ਜਦੋਂ ਉਨ੍ਹਾਂ ਜੈਪਾਲ ਭੁੱਲਰ ਬਾਰੇ ਵੀਡੀਓ ਬਣਾਈ ਸੀ ਤਾਂ ਬਾਅਦ ਵਿੱਚ ਬਾਕੀ ਗੈਂਗਸਟਰਾਂ ਨੇ ਉਨ੍ਹਾਂ ਨਾਲ ਸੰਪਰਕ ਕਰਨਾ ਸ਼ੁਰੂ ਕੀਤਾ। ਇੰਟਰਵਿਊ ਵਿਚ ਸਿੱਧੂ ਮੂਸੇ ਵਾਲਾ ਦੇ ਕੇਸ ਅਤੇ ਗੋਲਡੀ ਬਰਾੜ ਬਾਰੇ ਵੀ ਗੱਲਬਾਤ ਕੀਤੀ ਗਈ।
~ਕੁਲਵਿੰਦਰ ਕੌਰ ਬਾਜਵਾ