ਭਾਗ –117
ਇਹ ਇੰਟਰਵਿਊ ਰਾਜਵਿੰਦਰ ਸਿੰਘ ਰਾਹੀ ਨਾਲ 2 ਦਸੰਬਰ 2022 ਨੂੰ ਪ੍ਰਕਾਸ਼ਿਤ ਕੀਤੀ ਗਈ। ਇੰਟਰਵਿਉ ਦੀ ਸ਼ੁਰੂਆਤ ਵਿੱਚ ਜਦੋਂ ਉਹਨਾਂ ਨੂੰ ਜੋਗਿੰਦਰ ਸਿੰਘ ਉਗਰਾਹਾਂ ਵੱਲੋਂ ਭਗਤ ਸਿੰਘ ਦੇ ਜਨਮ ਦਿਹਾੜੇ ਤੇ ਦਿੱਤੇ ਗਏ ਇੱਕ ਬਿਆਨ ਬਾਰੇ ਪੁੱਛਿਆ ਗਿਆ ਤਾਂ ਉਸ ਬਾਰੇ ਉਨ੍ਹਾਂ ਨੇ ਕੁਝ ਵੀ ਕਹਿਣ ਤੋਂ ਇਨਕਾਰ ਕਰ ਦਿੱਤਾ। ਉਨ੍ਹਾਂ ਨੇ ਕਿਹਾ ਕਿ ਕਾਮਰੇਡਾਂ ਅਤੇ ਸਿੱਖ ਹਾਂ ਵਾਲੇ ਮਸਲੇ ਤੇ ਅਜੇ ਵੀ ਮੇਰਾ ਉਹੀ ਸਟੈਂਡ ਹੈ। ਉਨ੍ਹਾਂ ਕਿਹਾ ਕਿ ਅੱਜ ਕੱਲ ਲੋਕ ਕਿਤਾਬਾਂ ਨਹੀਂ ਪੜ੍ਹਦੇ, ਲੋਕ ਦਿਨ-ਬ-ਦਿਨ ਸਾਹਿਤ ਤੋਂ ਟੁੱਟਦੇ ਜਾ ਰਹੇ ਹਨ। ਪਰ ਪੁਸਤਕ ਮੇਲਿਆਂ ਕਾਰਨ ਨੌਜੁਆਨ ਵਿੱਚ ਕਿਤਾਬਾਂ ਪੜ੍ਹਨ ਲਈ ਜਾਗਰੂਕ ਹੋ ਰਹੇ ਹਨ। ਉਹਨਾਂ ਨੇ ਕਿਹਾ ਕਿ ਅੱਜ-ਕੱਲ੍ਹ ਸਿੱਖਾਂ ਵਿੱਚ ਅੰਧ ਵਿਸ਼ਵਾਸ ਵੱਧ ਗਿਆ ਹੈ ਅਤੇ ਕਿਸੇ ਅਥਾਰਟੀ ਜਾਂ ਹਸਤੀ ਨੂੰ ਇਸ ਦੇ ਖਿਲਾਫ਼ ਬੋਲਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਅਕਾਲ ਤਖਤ ਸਾਹਿਬ ਤੇ ਬ੍ਰਾਹਮਣਵਾਦੀ ਤਾਕਤਾਂ ਦਾ ਕਬਜ਼ਾ ਹੋ ਚੁੱਕਾ ਹੈ। ਇਸੇ ਲਈ ਉਨ੍ਹਾਂ ਦੇ ਪ੍ਰਭਾਵ ਹੇਠ ਹੀ ਸਾਰੇ ਫ਼ੈਸਲੇ ਹੁੰਦੇ ਹਨ,ਜਿਵੇਂ ਕਿ ਨਾਨਕਸ਼ਾਹੀ ਕੈਲੰਡਰ ਵਿੱਚ ਤਬਦੀਲੀਆਂ ਆਦਿ। ਉਨ੍ਹਾਂ ਕਿਹਾ ਕਿ ਨਿਹੰਗ ਸਿੰਘਾਂ (ਬੁੱਢਾ ਦਲ), ਬਾਬਾ ਬਕਾਲਾ, ਬਿਧੀ ਚੰਦ ਵਾਲੇ ਅਤੇ ਸੁਰ ਸਿੰਘ ਵਾਲੇ ਵੱਲੋਂ ਦਲਿਤ ਸਿੱਖਾਂ ਨਾਲ ਅੰਮ੍ਰਿਤ ਛਕਣ ਵਾਲੇ ਹੁੰਦੇ ਭੇਦਭਾਵ ਬਾਰੇ ਵੀ ਜਥੇਦਾਰ ਨਾਲ ਚਰਚਾ ਕੀਤੀ ਗਈ ਸੀ। ਜਿਸ ਦਾ ਕੋਈ ਵੀ ਸਿੱਟਾ ਨਹੀਂ ਨਿਕਲਿਆ।ਰਾਜਵਿੰਦਰ ਸਿੰਘ ਰਾਹੀ ਨੇ ਕਿਹਾ ਕਿ ਜਥੇਦਾਰ ਹਰਪ੍ਰੀਤ ਸਿੰਘ ਬਾਦਲ ਦੇ ਕਹੇ ਅਨੁਸਾਰ ਚਲਦੇ ਹਨ। ਉਨ੍ਹਾਂ ਕਿਹਾ ਕਿ ਅਸੀਂ ਜਥੇਦਾਰ ਦੀ ਨਿਯੁਕਤੀ ਸਬੰਧੀ ਇੱਕ ਪ੍ਰੋਗਰਾਮ ਕਰ ਰਹੇ ਹਾਂ ਜਿਸ ਵਿੱਚ ਸਾਰੇ ਸਿੱਖਾਂ ਦੀ ਸ਼ਮੂਲੀਅਤ ਹੋਵੇਗੀ ਕਿ ਕਿਵੇਂ ਜਥੇਦਾਰ ਨੂੰ ਅਹੁਦੇ ਤੋਂ ਲਾਇਆ ਜਾ ਸਕਦਾ ਹੈ ਨਿਯੁਕਤੀ ਕੀਤੀ ਜਾ ਸਕਦੀ ਹੈ। ਉਨ੍ਹਾਂ ਨੇ ਕਿਹਾ ਕਿ ਇਹ ਗੱਲ ਤਰਕ ਦੇ ਅਧਾਰ ਤੇ ਹੋਣੀ ਚਾਹੀਦੀ ਹੈ। ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਹੈ ਸ਼੍ਰੋਮਣੀ ਕਮੇਟੀ ਤੇ ਅਕਾਲ ਤਖ਼ਤ ਸਾਹਿਬ ਉੱਤੇ ਆਰਐੱਸਐੱਸ ਤੇ ਭਾਜਪਾ ਦਾ ਕਬਜ਼ਾ, ਅਕਾਲੀ ਦਲ ਦੁਆਰਾ ਕਰਵਾਇਆ ਗਿਆ ਹੈ। ਉਹ ਨਹੀਂ ਚਾਹੁੰਦੇ ਕਿ ਅਕਾਲ ਤਖ਼ਤ ਦੇ ਜਥੇਦਾਰ ਦੀਆਂ ਚੋਣਾਂ ਕਰਵਾਈਆਂ ਜਾਣ। ਬੀਬੀ ਜਗੀਰ ਕੌਰ ਦੀ ਉਦਾਹਰਣ ਦਿੰਦੇ ਹੋਏ ਉਨ੍ਹਾਂ ਕਿਹਾ ਕਿ ਇਸ ਬਾਰੇ ਸਿੱਖਾਂ ਵਿੱਚ ਜਾਗਰੂਕਤਾ ਵੀ ਆ ਰਹੀ ਹੈ ਜਿਸ ਕਰਕੇ ਬਗ਼ਾਵਤ ਵੀ ਹੋ ਰਹੀ ਹੈ। ਗੱਲਬਾਤ ਦੇ ਦੌਰਾਨ ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਦੇ ਮੈਂਬਰ ਸੁਆਰਥੀ ਹੋ ਗਏ ਹਨ। ਉਨ੍ਹਾਂ ਕਿਹਾ ਕਿ ਸਿੱਖੀ ਵਿੱਚ ਜਾਤ-ਪਾਤ ਦੇ ਅਧਾਰ ਤੇ ਕਦੇ ਵੀ ਵਿਤਕਰਾ ਨਹੀਂ ਹੋਣਾ ਚਾਹੀਦਾ ਕਿਉਂਕਿ ਇਹ ਗੁਰੂ ਗੋਬਿੰਦ ਸਿੰਘ ਜੀ ਦੀ ਸਿੱਖਿਆ ਨਹੀਂ ਹੈ।
~ਕੁਲਵਿੰਦਰ ਕੌਰ ਬਾਜਵਾ