ਭਾਗ –80 ਇਹ ਇੰਟਰਵੀਊ ਰਣਜੀਤ ਸਿੰਘ ਕੁੱਕੀ ਗਿੱਲ ਨਾਲ 21 ਸਤੰਬਰ 2022 ਨੁੰ ਪ੍ਰਕਾਸ਼ਿਤ ਕੀਤੀ ਗਈ। ਇੰਟਰਵਿਊ ਦੀ ਸ਼ੁਰੂਆਤ ਵਿਚ ਪੱਤਰਕਾਰਾਂ ਦੁਆਰਾ ਕੁੱਕੀ ਗਿੱਲ ਨੂੰ ਉਨ੍ਹਾਂ ਆਪਣੇ ਦੌਰ ਦੌਰਾਨ ਜੋ ਭੁਗਤਿਆ ਉਸ ਬਾਰੇ ਪੁੱਛਿਆ ਗਿਆ ਤਾਂ ਕੁੱਕੀ ਗਿੱਲ ਨੇ ਕਿਹਾ ਕਿ ਓਦੋਂ ਹਲਾਤ ਵੱਖਰੇ ਸਨ। ਉਨ੍ਹਾਂ ਨੇ ਸਿੱਖ ਕੌਮ ਦਾ ਡਿੱਗਿਆ ਹੋਇਆ ਮਨੋਬਲ ਮੁੜ ਉੱਪਰ ਚੁੱਕਣ ਲਈ ਉਹ ਕਦਮ ਚੁੱਕਿਆ ਸੀ। ਉਹਨਾਂ ਕਿਹਾ ਕਿ ਮੈਂ ਜੋ ਕੀਤਾ ਸੀ ਉਸ ਲਈ ਮੈਨੂੰ ਨਾ ਤਾਂ ਕੋਈ ਪਛਤਾਵਾ ਹੈ ਅਤੇ ਨਾ ਹੀ ਮੈਨੂੰ ਕਿਸੇ ਨੇ ਕੁਰਾਹੇ ਪਾਇਆ ਸੀ। ਉਹ ਆਪਣੇ ਮਕਸਦ ਨੂੰ ਲੈ ਕੇ ਬਹੁਤ ਸਪੱਸ਼ਟ ਸਨ। ਉਨ੍ਹਾਂ ਕਿਹਾ ਕਿ ਹਜ਼ਾਰਾਂ ਮੁਸ਼ਕਿਲਾਂ ਦੇ ਬਾਵਜੂਦ ਵੀ ਕਦੇ ਹਾਰ ਨਹੀਂ ਮੰਨੀ ਸੀ। ਕੁੱਕੀ ਗਿੱਲ ਨੇ ਕਿਹਾ ਕਿ ਅੱਜ ਕੱਲ ਸਮਾਜਿਕ ਕੁਰੀਤੀਆਂ ਅਤੇ ਰਾਜਨੀਤੀ ਦੀ ਪੀੜ ਹੈ ਅਤੇ ਅਜਿਹਾ ਪਹਿਲੀ ਵਾਰ ਹੋਇਆ ਹੈ ਕਿ ਪੰਜਾਬ ਤੋਂ ਬਾਹਰ ਦਾ ਵਿਅਕਤੀ ਪੰਜਾਬ ਵਿਚ ਆ ਕੇ ਸੁਪਰ ਸੀਐਮ (ਰਾਘਵ ਚੱਡਾ) ਬਣਿਆਂ ਹੋਵੇ। ਭਗਵੰਤ ਮਾਨ ਬਾਰੇ ਗੱਲ ਕਰਦਿਆਂ ਕੁੱਕੀ ਗਿੱਲ ਨੇ ਕਿਹਾ ਕਿ ਉਸ ਦੀ ਕੋਈ ਸਪੱਸ਼ਟ ਸੋਚ ਨਹੀਂ ਹੈ ਅਤੇ ਨਾ ਹੀ ਕੋਈ ਮਕਸਦ। ਸੀਐਮ ਬਣਨ ਲਈ ਉਸ ਨੇ ਸਮਝੌਤਾ ਕੀਤਾ ਹੈ। ਸ਼੍ਰੋਮਣੀ ਅਕਾਲੀ ਦਲ ਬਾਰੇ ਕੁੱਕੀ ਗਿੱਲ ਨੇ ਕਿਹਾ ਕਿ ਉਹ ਪਾਰਟੀ ਪਰਿਵਾਰ ਦੀ ਨਿੱਜੀ ਪਾਰਟੀ ਬਣ ਚੁੱਕੀ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਹਮੇਸ਼ਾ ਤੋਂ ਹੀ ਪੰਜਾਬ ਵਿਰੋਧੀ ਰਹੀ ਹੈ। ਖੇਤਰੀ ਪਾਰਟੀਆਂ ਅਤੇ ਉਨ੍ਹਾਂ ਦੇ ਮਹੱਤਵ ਦੀ ਗੱਲ ਕਰਦਿਆਂ ਕੁੱਕੀ ਗਿੱਲ ਨੇ ਸਿਮਰਨਜੀਤ ਸਿੰਘ ਮਾਨ ਦੇ ਟਵੀਟ (ਜੋ ਕਿ ਇੰਗਲੈਂਡ ਦੀ ਰਾਣੀ ਦੀ ਮੌਤ ਤੇ ਦੁੱਖ ਪ੍ਰਗਟ ਕਰਨ ਲਈ ਕੀਤਾ ਗਿਆ ਸੀ ) ਬਾਰੇ ਆਪਣੀ ਰਾਇ ਦਿੱਤੀ। ਪੰਜਾਬ ਵਿੱਚ ਗੈਂਗਸਟਰ ਕਲਚਰ ਬਾਰੇ ਵੀ ਉਹਨਾਂ ਨੇ ਖੁੱਲ ਕੇ ਗੱਲਬਾਤ ਕੀਤੀ। ਉਨ੍ਹਾਂ ਕਿਹਾ ਕਿ ਗੈਂਗਸਟਰ ਸਰਕਾਰਾਂ ਦੁਆਰਾ ਕੀ ਪਾਲੇ ਜਾਂਦੇ ਹਨ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਵੀ ਗੈਂਗਸਟਰਾਂ ਦੀਆਂ ਧਮਕੀਆਂ ਆ ਰਹੀਆਂ ਹਨ ਪਰ ਉਹ ਕਿਸੇ ਤੋਂ ਨਹੀਂ ਡਰਦੇ। ਸਿੱਧੂ ਮੂਸੇਵਾਲਾ ਦੇ ਕਤਲ ਬਾਰੇ ਉਹਨਾਂ ਕਿਹਾ ਕਿ ਸੱਚ ਉਹ ਨਹੀਂ ਹੈ ਜੋ ਲੋਕਾਂ ਨੂੰ ਦਿਖਾਇਆ ਜਾ ਰਿਹਾ ਹੈ । ਅਖੀਰ ਭਗਵੰਤ ਮਾਣ ਸਰਕਾਰ ਦੀ ਆਲੋਚਨਾ ਕਰਦਿਆਂ ਉਨ੍ਹਾਂ ਕਿਹਾ ਕਿ ਖੇਤਰੀ ਪਾਰਟੀਆਂ ਨੂੰ ਰਵਾਇਤੀ ਪਾਰਟੀਆਂ ਵਿਚੋਂ ਸਿੱਖ ਰਾਜਨੀਤੀ ਨੂੰ ਕੱਢਣਾ ਪਵੇਗਾ।
~ਕੁਲਵਿੰਦਰ ਕੌਰ ਬਾਜਵਾ