ਮੰਗਾ ਸਿੰਘ ਅੰਟਾਲ

ਭਾਗ – 40

ਇਹ ਇੰਟਰਵੀਊ 26 ਜੂਨ 2022 ਨੂੰ ਮੰਗਾ ਸਿੰਘ ਅੰਟਾਲ ਦੇ ਨਾਲ ਕੀਤੀ ਗਈ। ਜਿਨ੍ਹਾਂ ਨੇ ਆਪਣੀ ਸਵੈਜੀਵਨੀ ਵੀ ਲਿਖੀ ਹੈ ਅਤੇ “ਡਾਕੂਆਂ ਦਾ ਮੁੰਡਾ 2” ਪੰਜਾਬੀ ਫਿਲਮ ਉਨ੍ਹਾਂ ਦੀ ਜ਼ਿੰਦਗੀ ਦੀ ਸੱਚੀ ਕਹਾਣੀ ਤੇ ਨਿਰਧਾਰਿਤ ਹੈ। ਇਸ ਕਿਤਾਬ ਜਾਂ ਫ਼ਿਲਮ ਵਿਚ ਦਿਖਾਇਆ ਗਿਆ ਹੈ ਕਿ ਕਿਵੇਂ ਇੱਕ ਸਪੋਰਟਸਪਰਸਨ ਨੂੰ ਨਸ਼ੇ ਦੀ ਲਤ ਲੱਗ ਜਾਂਦੀ ਹੈ ਜਾਂ ਹਰ ਵਕਤ ਨਸ਼ੇ ਵਿਚ ਚੂਰ ਵਿਅਕਤੀ ਕਿਵੇਂ ਆਪਣੀ ਜ਼ਿੰਦਗੀ ਖਰਾਬ ਕਰਦਾ ਹੈ ਪਰ ਉਸ ਦੀ ਜੀਵਨ ਸਾਥੀ ਜਾਂ ਉਸ ਦਾ ਆਲਾ-ਦੁਆਲਾ ਨਸ਼ਾ ਛੱਡਣ ਵਿੱਚ ਕਿਵੇਂ ਉਸ ਦੀ ਸਹਾਇਤਾ ਕਰਦੇ ਹਨ । ਫ਼ਿਰ ਨਸ਼ੇ ਛੱਡਣ ਤੋਂ ਬਾਅਦ ਆਉਣ ਵਾਲੀਆਂ ਚੁਣੌਤੀਆਂ ਨਾਲ ਉਹ ਕਿਵੇਂ ਨਜਿੱਠਦਾ ਹੈ। ਮੰਗਾ ਸਿੰਘ ਨੇ ਦੱਸਿਆ ਕਿ ਪੰਜਾਬੀ ਫਿਲਮ ਇੰਡਸਟਰੀ ਏਨੀ ਵਿਕਸਿਤ ਨਹੀਂ ਹੈ, ਜੋ ਕਿਸੇ ਵਿਅਕਤੀ ਨੂੰ ਦੇ ਅੰਤਿਮ ਪਲਾਂ ਜਾਂ ਉਸ ਅਹਿਸਾਸ ਨੂੰ ਹੂ-ਬ-ਹੂ ਪੂਰੀ ਬਰੀਕੀ ਨਾਲ ਫਿਲਮ ਵਿੱਚ ਦਿਖਾ ਸਕੇ,ਜਿਸ ਨੇ ਨਸ਼ੇ ਦੀ ੳਵਰਡੋਜ਼ ਕਾਰਨ ਖੁਦ ਨੂੰ ਤਕਰੀਬਨ ਮੌਤ ਦੇ ਨੇੜੇ ਮਹਿਸੂਸ ਕੀਤਾ ਹੈ।ਮੰਗਾ ਸਿੰਘ ਅੰਟਾਲ ਨੇ ਦੱਸਿਆ ਕਿ ਕਿਵੇਂ ਇਕ ਨਸ਼ੇੜੀ, ਨਸ਼ੇ ਦੇ ਬਦਲੇ ਆਪਣਾ ਸਭ ਕੁਝ ਭੁੱਲ ਜਾਂਦਾ ਹੈ ਜਾਂ ਨਸ਼ਾ ਨਾ ਮਿਲਣ ਦੀ ਹਾਲਤ ਵਿਚ ਕਿੰਨਾ ਬੇਬਸ ਮਹਿਸੂਸ ਕਰਦਾ ਹੈ। ਇਕ ਨਸ਼ਾ ਗ੍ਰਸਤ ਵਿਅਕਤੀ ਮਰ ਵੀ ਰਿਹਾ ਹੋਵੇ ਤਾਂ ਉਹ ਕਿਸੇ ਨੂੰ ਨਹੀ ਦੱਸਦਾ ਕਿਉਂਕਿ ਉਸ ਨੂੰ ਡਰ ਹੁੰਦਾ ਹੈ ਕਿ ਉਸ ਦਾ ਪਾਜ ਖੁੱਲ੍ਹ ਜਾਵੇਗਾ। ਮੰਗਾ ਸਿੰਘ ਨੇ ਦੱਸਿਆ ਕਿ ਉਸ ਦੀ ਪਤਨੀ ਦੇ ਪਰਮਾਤਮਾ ਉੱਪਰ ਭਰੋਸੇ ਕਾਰਨ ਅਤੇ ਉਸਦੇ ਸਾਥ ਦੇਣ ਕਾਰਨ ਅੱਜ ਉਹ ਨਸ਼ੇ ਛੱਡਕੇ ਇਕ ਚੰਗਾ ਜੀਵਨ ਜੀਅ ਰਿਹਾ ਹੈ। ਉਹਨਾਂ ਕਿਹਾ ਕਿ ਅਸਲ ਯੋਧੇ ਉਹ ਹੁੰਦੇ ਹਨ ਜੋ ਇਕ ਨਸ਼ਾ ਗ੍ਰਸਤ ਵਿਅਕਤੀ ਦੀ ਨਸ਼ਾ ਛੱਡਣ ਵਿੱਚ ਮਦਦ ਕਰਦੇ ਹਨ। ਮੰਗਾ ਸਿੰਘ ਨੇ ਕਿਹਾ ਕਿ ਅਸਲੀ ਚੁਣੌਤੀਆਂ ਤਾਂ ਨਸ਼ਾ ਛੱਡਣ ਤੋਂ ਬਾਅਦ ਸ਼ੁਰੂ ਹੁੰਦੀਆਂ ਹਨ ਅਤੇ ਉਹ ਉਸ ਸਮੇਂ ਕਿਸੇ ਦਾ ਸਾਥ ਬਹੁਤ ਜ਼ਰੂਰੀ ਹੁੰਦਾ ਹੈ। ਜਿਵੇਂ ਕਿ ਫਿਲਮ ਰਿਲੀਜ਼ ਦੇ ਦੌਰਾਨ ਉਸ ਦੀ ਪਤਨੀ ਹਮੇਸ਼ਾਂ ਚਿੰਤਤ ਰਹਿੰਦੀ ਸੀ ਕਿ ਕਿਸੇ ਪ੍ਰਸਿੱਧੀ ਦੇ ਅਸਰ ਕਾਰਨ ਉਹ ਫਿਰ ਤੋਂ ਨਸ਼ੇ ਨਾ ਕਰਨ ਲੱਗ ਜਾਵੇ।ਉਸ ਨੇ ਦੱਸਿਆ ਕਿ ਨਸ਼ਿਆਂ ਕਾਰਨ ਉਸ ਨੇ ਜਾਂ ਉਸ ਦੇ ਪਰਿਵਾਰ ਨੇ ਜ਼ਿੰਦਗੀ ਵਿਚ ਕਿੰਨੀ ਜ਼ਲਾਲਤ ਦਾ ਸਾਹਮਣਾ ਕੀਤਾ ਹੈ। ਕਿਤਾਬ ਬਾਰੇ ਗੱਲ ਕਰਦਿਆਂ ਮੰਗਾ ਸਿੰਘ ਅੰਟਾਲ ਨੇ ਕਿਹਾ ਕਿ ਉਸ ਨੇ ਕਿਤਾਬ ਇਸ ਲਈ ਲਿਖੀ ਤਾਂ ਕਿ ਉਹ ਆਪਣਾ ਸੁਨੇਹਾ ਹਰ ਇਕ ਵਿਅਕਤੀ ਤੱਕ ਪਹੁੰਚਾ ਸਕੇ। ਪੱਤਰਕਾਰ ਨਾਲ ਗੱਲਬਾਤ ਕਰਦਿਆਂ ਮੰਗਾ ਸਿੰਘ ਅੰਟਾਲ ਨੇ ਕਿਹਾ ਕਿ ਸਰਕਾਰ ਜਾਂ ਸਟੇਟ ਕਦੇ ਵੀ ਨਹੀਂ ਚਾਹੁੰਦੀ ਕਿ ਲੋਕ ਨਸ਼ਾ ਛੱਡਣ ਕਿਉਂਕਿ ਜੇਕਰ ਲੋਕ ਨਸ਼ੇ ਛੱਡ ਦੇਣਗੇ ਤਾਂ ਉਹ ਆਪਣੇ ਹੱਕਾਂ ਲਈ ਆਵਾਜ਼ ਬੁਲੰਦ ਕਰਨਗੇ। ਉਸ ਨੇ ਆਪਣੇ ਜਨਮ ਸਮੇਂ ਦਾ ਇਕ ਦਿਲਚਸਪ ਕਿੱਸਾ ਦਰਸ਼ਕਾਂ ਨਾਲ ਸਾਂਝਾ ਕੀਤਾ ਅਤੇ ਦੱਸਿਆ ਕਿ ਨਸ਼ੇੜੀ ਵਿਅਕਤੀ ਕਿਵੇ ਆਪਣੇ ਪਰਿਵਾਰ ਨੂੰ ਦੁਖੀ ਕਰਦਾ ਹੈ। ਅਖੀਰ ਵਿਚ ਉਸ ਨੇ ਕਿਹਾ ਕਿ ਕੋਈ ਵੀ ਵਿਅਕਤੀ ਨਸ਼ੇ ਦਾ ਆਦੀ ਉਦੋਂ ਬਣਦਾ ਹੈ ਜਦੋਂ ਉਹ ਆਪਣੇ ਦਿਮਾਗ ਉੱਪਰ ਕਾਬੂ ਨਹੀਂ ਕਰ ਸਕਦਾ।

~ ਕੁਲਵਿੰਦਰ ਕੌਰ ਬਾਜਵਾ

Leave a Comment

Your email address will not be published. Required fields are marked *