ਭਾਗ –83 ਇਹ ਇੰਟਰਵੀਊ ਲੱਕੜ ਅਤੇ ਲੋਹੇ ਦੇ ਸੰਦ( ਜੋ ਖੇਤੀ ਲਈ, ਸ਼ੌਕ ਲਈ, ਆਤਮ ਰੱਖਿਆ ਲਈ,ਵਿਆਹਾਂ ਸਮੇਂ ਅਤੇ ਘਰਾਂ ਵਿੱਚ ਵਰਤੇ ਜਾਂਦੇ ਹਨ) ਬਣਾਉਣ ਵਾਲੇ ਮਿਸਤਰੀ ਬੁੱਧ ਸਿੰਘ ਨਾਲ 27 ਸਤੰਬਰ 2022 ਨੂੰ ਪ੍ਰਕਾਸ਼ਤ ਕੀਤੀ ਗਈ। ਜਿਨ੍ਹਾਂ ਦੀਆਂ ਤਿੰਨ ਪੀੜੀਆਂ ਇਸ ਰਵਾਇਤੀ ਕੰਮ ਨੂੰ ਕਰ ਰਹੀਆਂ ਹਨ, ਦਾਦਾ ਪੁੱਤ ਅਤੇ ਪੋਤਰਾ। ਉਹ ਪਿੰਡ ਭਾਈ ਬਖਤੌਰ ਜਿਲ੍ਹਾ ਬਠਿੰਡਾ ਵਿੱਚ ਰਹਿੰਦੇ ਹਨ। ਇੰਟਰਵਿਉ ਦੀ ਸ਼ੁਰੂਆਤ ਵਿਚ ਉਹਨਾਂ “ਸਫ਼ਾਜੰਗ” ਅਤੇ “ਟਕੂਆ” ਵਿੱਚ ਫ਼ਰਕ ਸਮਝਾਇਆ। ਉਹਨਾਂ ਦੱਸਿਆ ਕਿ “ਸਫ਼ਾਜੰਗ” ਵਿਆਹਾਂ ਵਿਚ ਵਰਤਿਆ ਜਾਂਦਾ ਹੈ ਅਤੇ “ਟਕੂਆ” ਕੁਹਾੜੀ ਦੀ ਤਰ੍ਹਾਂ। ਬਜ਼ੁਰਗ ਦੀ ਉਮਰ 80 ਸਾਲ ਹੈ ਅਤੇ ਉਹ 15 ਸਾਲ ਦੀ ਉਮਰ ਤੋਂ ਇਹ ਰਵਾਇਤ ਹੀ ਕੰਮ ਕਰ ਰਿਹਾ ਹੈ। ਉਸ ਨੇ ਆਪਣੀ ਕਲਾ ਆਪਣੇ ਪੁੱਤਰ ਨੂੰ ਦਿੱਤੀ ਅਤੇ ਉਸ ਦੇ ਪੁੱਤਰ ਨੇ ਅੱਗੇ ਆਪਣੇ ਪੁੱਤ ਨੂੰ ਇਹ ਸਾਰੀ ਸਿਖਲਾਈ ਦਿੱਤੀ। ਉਹਨਾਂ ਦੱਸਿਆ ਕਿ ਅਨੇਕਾਂ ਤਰ੍ਹਾਂ ਦੇ ਲੱਕੜ ਅਤੇ ਲੋਹੇ ਦੇ ਸਾਧਨ ਪੂਰੀ ਰੀਝ ਨਾਲ ਹੱਥੀਂ ਬਣਾਏ ਜਾਂਦੇ ਹਨ ਅਤੇ ਉਹ ਮਸ਼ੀਨਾਂ ਦਾ ਇਸਤੇਮਾਲ ਨਹੀਂ ਕਰਦੇ। ਆਪਣੀ ਕਲਾ ਦੀ ਵਿਲੱਖਣਤਾ ਦਸਦੇ ਹੋਏ ਉਨ੍ਹਾਂ ਨੇ ਕਿਹਾ ਕਿ ਉਹਨਾਂ ਵਰਗੇ ਸੰਦ ਹੋਰ ਕੋਈ ਵੀ ਨਹੀਂ ਬਣਾ ਸਕਦਾ। ਉਹਨਾਂ ਦੱਸਿਆ ਕਿ ਉਹਨਾਂ ਦੇ ਬਣਾਏ ਹੋਏ ਸੰਦਾਂ ਦੀ ਵਿਦੇਸ਼ਾਂ ਤੋਂ ਵੀ ਮੰਗ ਆਉਂਦੀ ਹੈ। ਆਪਣੇ ਸੰਦ ਬਣਾਉਣ ਦਾ ਖਾਸ ਤਰੀਕਾ ਦੱਸਦੇ ਹੋਏ ਉਹਨਾਂ ਨੇ ਇਹ ਵੀ ਦੱਸਿਆ ਕਿ ਕਿਸ ਸੰਦ ਨੂੰ ਬਣਾਉਣ ਲਈ ਕਿੰਨਾ ਸਮਾਂ ਲੱਗਦਾ ਹੈ । ਇੰਟਰਵਿਊ ਦੌਰਾਨ ਉਨ੍ਹਾਂ ਨੇ ਪੁਰਾਣੇ ਸਭਿਆਚਾਰ ਅਤੇ ਪੁਰਾਣੇ ਸਮਿਆਂ ਵਿਚ ਵਰਤੇ ਜਾਂਦੇ ਸੰਦਾਂ ਬਾਰੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਅੱਜ-ਕੱਲ੍ਹ ਇਹ ਵਿਰਸਾ ਬਹੁਤ ਘੱਟ ਗਿਆ ਹੈ ਪਰ ਪਹਿਲਾਂ ਲੋਕ ਅਜਿਹੀਆਂ ਬਹੁਤ ਚੀਜ਼ਾਂ ਵਿਆਹਾਂ ਵਿੱਚ ਬਣਵਾਉਂਦੇ ਸਨ। ਅਖੀਰ ਉਹਨਾਂ ਕਿਹਾ ਕਿ ਉਹ ਆਪਣੇ ਕੰਮ ਅਤੇ ਜ਼ਿੰਦਗੀ ਤੋਂ ਪੂਰੀ ਤਰ੍ਹਾਂ ਸੰਤੁਸ਼ਟ ਹਨ।
~ਕੁਲਵਿੰਦਰ ਕੌਰ ਬਾਜਵਾ