ਭਾਗ –106 ਅਦਾਕਾਰ ਮਹਾਂਬੀਰ ਸਿੰਘ ਭੁੱਲਰ ਨਾਲ ਇਹ ਇੰਟਰਵੀਊ 13 ਨਵੰਬਰ 2022 ਨੁੰ ਪ੍ਰਕਾਸ਼ਿਤ ਕੀਤੀ ਗਈ। ਅਕਸਰ ਹੀ ਫਿਲਮਾਂ ਵਿਚ ਉਨ੍ਹਾਂ ਨੂੰ ਗੰਭੀਰ ਕਿਰਦਾਰ ਨਿਭਾਉਂਦੇ ਹੋਏ ਦੇਖਿਆ ਜਾ ਸਕਦਾ ਹੈ ਪਰ ਅਸਲ ਜ਼ਿੰਦਗੀ ਵਿਚ ਉਹ ਬਹੁਤ ਹੀ ਮਜ਼ਾਕੀਆ ਸੁਭਾਅ ਦੇ ਇਨਸਾਨ ਹਨ। ਮੌਜੂਦਾ ਹਲਾਤਾਂ ਨੂੰ ਦੇਖਦੇ ਹੋਏ ਉਹ ਸਮਝਦੇ ਹਨ ਕਿ ਪੰਜਾਬ ਹਮੇਸ਼ਾ ਹੀ ਇਕ ਜੱਦੋਜਹਿਦ ਚੋਂ ਗੁਜਰ ਰਿਹਾ ਹੈ। ਉਹ ਸਮਝਦੇ ਹਨ ਕਿ ਨੌਜਵਾਨਾਂ ਦਾ ਵਿਦੇਸ਼ਾਂ ਵੱਲ ਵੱਧਦਾ ਰੁਝਾਣ ਇਕ ਗੰਭੀਰ ਮੁੱਦਾ ਹੈ। ਇੱਕ ਕਾਮਯਾਬ ਅਦਾਕਾਰ ਹੋਣ ਦੇ ਬਾਵਜੂਦ ਵੀ ਉਹ ਕਿਸੇ ਵੱਡੇ ਸ਼ਹਿਰ ਰਹਿਣ ਨਾਲੋਂ ਪਿੰਡ ਵਿੱਚ ਬਿਲਕੁਲ ਸਿੱਧਾ ਸਾਦਾ ਜੀਵਨ ਬਤੀਤ ਕਰਨਾ ਪਸੰਦ ਕਰਦੇ ਹਨ ਅਤੇ ਖੇਤੀਬਾੜੀ ਦਾ ਕੰਮ ਵੀ ਕਰਦੇ ਹਨ। ਫ਼ਿਲਮਾਂ ਦੇ ਦੌਰ ਬਾਰੇ ਗੱਲ ਕਰਦਿਆਂ ਉਹ ਕਹਿੰਦੇ ਹਨ ਕਿ ਜੋ ਜਿਸ ਤਰ੍ਹਾਂ ਹੋ ਰਿਹਾ ਹੈ ਬਿਲਕੁਲ ਸਹੀ ਹੈ। ਉਹ ਸਮਝਦੇ ਹਨ ਕਿ ਗਾਇਕਾਂ ਦੀ ਵੱਡੀ ਫੈਨ ਫੋਲੋਇੰਗ ਕਾਰਨ ਉਨ੍ਹਾਂ ਨੂੰ ਮੁੱਖ ਭੂਮਿਕਾ ਵਾਲੇ ਕਿਰਦਾਰਾਂ ਲਈ ਤਰਜੀਹ ਦਿੱਤੀ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਉਹ ਹਮੇਸ਼ਾਂ ਹੀ ਕੋਸ਼ਿਸ਼ ਕਰਦੇ ਹਨ ਕਿ ਆਪਣਾ ਕਿਰਦਾਰ ਬਹੁਤ ਹੀ ਵਧੀਆ ਤਰੀਕੇ ਨਾਲ ਨਿਭਾਇਆ ਜਾਵੇ ਅਤੇ ਉਹ ਟੀਮ ਵਰਕ ਵਿਚ ਵਿਸ਼ਵਾਸ ਰੱਖਦੇ ਹਨ। ਸਿੱਧੂ ਮੂਸੇਵਾਲਾ ਬਾਰੇ ਗੱਲ ਕਰਦਿਆਂ ਉਨ੍ਹਾਂ ਨੇ ਕਿਹਾ ਕਿ ਉਸ ਵਿਚ ਹਮੇਸ਼ਾ ਸਿੱਖਣ ਦੀ ਚਾਹਤ ਹੁੰਦੀ ਸੀ। ਮਹਾਂਬੀਰ ਭੁੱਲਰ ਨੇ ਦੱਸਿਆ ਕਿ ਉਹ ਕਮੇਡੀ ਵਾਲੇ ਕਿਰਦਾਰ ਘੱਟ ਹੀ ਕਰਦੇ ਹਨ। ਉਹਨਾਂ ਨੇ ਦੱਸਿਆ ਕਿ ਕੰਮ ਤੋਂ ਇਲਾਵਾ ਉਹ ਹਿੰਦੀ ਅਤੇ ਸਾਊਥ ਫਿਲਮਾਂ ਦੇਖਣਾ ਪਸੰਦ ਕਰਦੇ ਹਨ ਅਤੇ ਜੇਕਰ ਉਹ ਫਿਲਮ ਨਹੀਂ ਦੇਖ ਰਹੇ ਤਾਂ ਖ਼ਬਰਾਂ ਸੁਣਨਾ ਪਸੰਦ ਕਰਦੇ ਹਨ। OTT ਪਲੇਟਫਾਰਮ ਬਾਰੇ ਗੱਲਬਾਤ ਕਰਦਿਆਂ ਉਨ੍ਹਾਂ ਨੇ ਦੱਸਿਆ ਕਿ ਸਮੇਂ ਦੇ ਨਾਲ ਸਿਨੇਮਾ ਕਿੰਨਾ ਬਦਲ ਗਿਆ ਹੈ। ਉਹਨਾਂ ਨੇ ਇਮਤਿਆਜ਼ ਅਲੀ ਦੀ ਆ ਰਹੀ ਫਿਲਮ ਚਮਕੀਲਾ ਵਿਚ ਵੀ ਆਪਣੇ ਕਿਰਦਾਰ ਬਾਰੇ ਗੱਲਬਾਤ ਕੀਤੀ।
~ਕੁਲਵਿੰਦਰ ਕੌਰ ਬਾਜਵਾ