ਭਾਗ –59
ਇਹ ਇੰਟਰਵਿਊ ਆਨੰਦਪੁਰ ਸਾਹਿਬ ਦੇ ਹਲਕਾ ਇੰਚਾਰਜ ਅਤੇ ਆਮ ਆਦਮੀ ਪਾਰਟੀ ਦੇ ਮੁੱਖ ਬੁਲਾਰੇ ਮਲਵਿੰਦਰ ਕੰਗ ਦੇ ਨਾਲ 5 ਅਗਸਤ 2022 ਨੂੰ ਪ੍ਰਕਾਸ਼ਿਤ ਕੀਤੀ ਗਈ। ਇੰਟਰਵਿਉ ਦੀ ਸ਼ੁਰੂਆਤ ਵਿਚ ਉਨ੍ਹਾਂ ਤੋਂ ਪੁੱਛਿਆ ਗਿਆ ਕਿ ਕਿਉਂ ਕੁਝ ਹੀ ਮਹੀਨਿਆਂ ਵਿੱਚ ਲੋਕਾਂ ਦਾ ਆਮ ਆਦਮੀ ਪਾਰਟੀ ਤੋਂ ਵਿਸ਼ਵਾਸ ਉਠ ਰਿਹਾ ਹੈ ? ਤਾਂ ਉਨ੍ਹਾਂ ਕਿਹਾ ਕਿ ਲੋਕਾਂ ਦਾ ਭਰੋਸਾ ਸਰਕਾਰ ਤੇ ਹੋਰ ਜ਼ਿਆਦਾ ਵਧਿਆ ਹੈ ਅਤੇ ਸਰਕਾਰ ਸੱਤਾ ਵਿਚ ਆਉਣ ਤੋਂ ਬਾਅਦ ਬਹੁਤ ਸਾਰੇ ਕੰਮ ਵੀ ਕਰ ਰਹੀ ਹੈ ਜਿਵੇਂ ਕਿ ਪੰਚਾਇਤੀ ਜ਼ਮੀਨਾਂ ਕਬਜ਼ਿਆਂ ਚੋਂ ਛੁਡਾਉਣ ਅਤੇ 1 MLA 1 ਪੈਨਸ਼ਨ,ਬਿਜਲੀ ਅਤੇ ਸਿੰਚਾਈ ਵਿਭਾਗ ਵਿੱਚ ਭਰਤੀਆਂ ਆਦਿ। ਉਨ੍ਹਾਂ ਕਿਹਾ ਕਿ ਸਰਕਾਰ ਪੰਜਾਬ ਨੂੰ ਆਰਥਿਕ ਤੌਰ ਤੇ ਮਜ਼ਬੂਤ ਕਰਨ ਲਈ ਕਿਸਾਨਾਂ ਨੂੰ MSP ਦੇ ਕੇ ਅਤੇ ਸਿੱਧੀ ਬਿਜਾਈ ਲਈ 1500 ਰੁਪਿਆ ਪ੍ਰੋਤਸਾਹਨ ਵੀ ਦੇ ਰਹੀ ਹੈ। ਮਲਵਿੰਦਰ ਕੰਗ ਨੇ ਕਿਹਾ ਕਿ ਸਰਕਾਰ ਭ੍ਰਿਸ਼ਟਾਚਾਰ ਅਤੇ VIP ਕਲਚਰ ਦੇ ਵਿਰੁੱਧ ਵੀ ਕੰਮ ਕਰ ਰਹੀ ਹੈ। ਪੱਤਰਕਾਰ ਨੇ ਕੰਗ ਨੂੰ ਸਰਕਾਰ ਦੁਆਰਾ ਸਿੱਧੂ ਮੂਸੇਵਾਲਾ ਦੀ ਸਕਿਓਰਿਟੀ ਵਾਪਿਸ ਲੈਣ ਬਾਰੇ ਲੀਕ ਹੋਈ ਸੂਚਨਾ ਅਤੇ ਉਸਦੇ ਕਾਤਲਾਂ ਨੂੰ ਸਜ਼ਾ ਦੇ ਕੇ ਪਰਿਵਾਰ ਨੂੰ ਇਨਸਾਫ ਦੇਣ ਬਾਰੇ ਵੀ ਸਵਾਲ ਪੁੱਛੇ।ਕੰਗ ਨੇ ਕਿਹਾ ਕਿ ਸਰਕਾਰ ਦੁਆਰਾ ਪੰਜਾਬ ਵਿੱਚ ਕਾਨੂੰਨੀ ਵਿਵਸਥਾ ਵੀ ਪੂਰੀ ਤਰ੍ਹਾਂ ਸੁਧਾਰੀ ਜਾ ਰਹੀ ਹੈ। ਜਦੋਂ ਪੱਤਰਕਾਰ ਨੇ ਕੰਗ ਨੂੰ ਪੁੱਛਿਆ ਕਿ ਨੌਕਰੀਆਂ ਲੈਣ ਲਈ ਮੁੱਖ ਮੰਤਰੀ ਦੀ ਕੋਠੀ ਦੇ ਬਾਹਰ ਧਰਨਾ ਦੇ ਰਹੇ ਬੇਰੋਜ਼ਗਾਰ ਉਪਰ ਪੁਲਸ ਵੱਲੋਂ ਲਾਠੀਚਾਰਜ ਕਿਉਂ ਕੀਤਾ ਸੀ? ਤਾਂ ਕੰਗ ਨੇ ਕਿਹਾ ਕਿ ਉਹ ਇਸ ਗੱਲ ਦਾ ਵਿਰੋਧ ਕਰਦੇ ਹਨ ਪਰ ਨੌਕਰੀਆਂ ਦੇਣ ਲਈ ਇੱਕ ਸੰਵਿਧਾਨਕ ਪ੍ਰਕਿਰਿਆ ਹੁੰਦੀ ਹੈ ਇਸ ਲਈ ਸਰਕਾਰ ਨੂੰ ਸਮਾਂ ਲੱਗ ਰਿਹਾ ਹੈ। ਸਰਕਾਰ ਦੁਆਰਾ ਹਰਿਆਣਾ, ਹਿਮਾਚਲ ਅਤੇ ਗੁਜਰਾਤ ਵਿੱਚ ਇਸ਼ਤਿਹਾਰਬਾਜ਼ੀ ਕਰਨ ਬਾਰੇ ਉਨ੍ਹਾਂ ਕਿਹਾ ਕਿ ਇਸ਼ਤਿਹਾਰਬਾਜ਼ੀ ਕਰਨ ਦੇ ਬਾਵਜੂਦ ਵੀ ਸਰਕਾਰ ਬਹੁਤ ਸਾਰਾ ਪੈਸਾ ਬਚਾਅ ਰਹੀ ਹੈ ਜੋ ਲੋਕਾਂ ਦੇ ਭਲੇ ਲਈ ਵਰਤਿਆ ਜਾਵੇਗਾ। SYL ਤੇ ਆਪਣਾ ਸਟੈਂਡ ਸਪੱਸ਼ਟ ਕਰਦੇ ਹੋਏ ਕੰਗ ਨੇ ਕਿਹਾ ਕਿ ਪੰਜਾਬ ਕੋਲ ਕਿਸੇ ਹੋਰ ਰਾਜ ਨੂੰ ਦੇਣ ਲਈ ਬਿਲਕੁਲ ਵੀ ਪਾਣੀ ਨਹੀਂ ਹੈ। ਇਸ ਤੋਂ ਇਲਾਵਾ ਹੋਰ ਵੀ ਕਈ ਅਹਿਮ ਮੁੱਦਿਆਂ ਤੇ ਪੱਤਰਕਾਰ ਦੁਆਰਾ ਮਲਵਿੰਦਰ ਕੰਗ ਨਾਲ ਖੁੱਲ ਕੇ ਗੱਲਬਾਤ ਕੀਤੀ ਗਈ।
~ਕੁਲਵਿੰਦਰ ਕੌਰ ਬਾਜਵਾ