ਭਾਗ –55
ਬਲਵੰਤ ਸਿੰਘ ਰਾਮੂਵਾਲੀਆ ਨਾਲ ਇਹ ਇੰਟਰਵਿਊ 28 ਜੁਲਾਈ 2022 ਨੂੰ ਪ੍ਰਕਾਸ਼ਿਤ ਕੀਤੀ ਗਈ। ਇੰਟਰਵਿਉ ਦੀ ਸ਼ੁਰੂਆਤ ਵਿਚ ਜਦੋਂ ਉਨ੍ਹਾਂ ਨੂੰ ਮੌਜੂਦਾ ਪੰਜਾਬ ਦੇ ਹਲਾਤਾਂ ਲਈ ਜ਼ਿੰਮੇਵਾਰ ਪੁਰਾਣੇ ਜਾਂ ਨਵੇਂ ਰਾਜਨੀਤਕ ਸਖਸ਼ੀਅਤਾਂ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਪੰਜਾਬ ਦੀ ਅਜਿਹੀ ਹਾਲਤ ਨਵੇਂ ਸਿਆਸਤਦਾਨਾਂ ਕਰਕੇ ਹੋਈ ਹੈ ਅਤੇ ਬਾਦਲਾਂ ਨੇ ਪੰਜਾਬ ਨੂੰ ਲੁੱਟਿਆ ਹੈ। ਉਨ੍ਹਾਂ ਕਿਹਾ ਕਿ ਪੁਰਾਣੇ ਲੀਡਰ ਬਹੁਤ ਦਿਆਨਤਦਾਰ ਅਤੇ ਚੰਗੇ ਕਿਰਦਾਰ ਵਾਲੇ ਸਨ, ਜਿਨ੍ਹਾਂ ਨੇ ਨਹਿਰੂ ਅਤੇ ਇੰਦਰਾ ਦੇ ਜ਼ੁਲਮਾਂ ਵਿਰੁੱਧ ਲੜ ਕੇ ਪੰਜਾਬ ਬਚਾਇਆ ਸੀ। ਬਾਦਲਾਂ ਦੇ ਬਾਰੇ ਗੱਲ ਕਰਦਿਆਂ ਰਾਮੂਵਾਲੀਆ ਨੇ ਕਿਹਾ ਕਿ ਉਨ੍ਹਾਂ ਨੇ ਪੰਜਾਬ ਨੂੰ ਤਬਾਹ ਕੀਤਾ ਹੈ ਜਿਵੇਂ ਕਿ ਉੱਚ ਅਹੁਦਿਆਂ ਤੇ ਆਪਣੇ ਰਿਸ਼ਤੇਦਾਰਾਂ ਨੂੰ ਨਿਯੁਕਤ ਕਰਨਾ, ਚੰਡੀਗੜ੍ਹ ਦਾ ਮਸਲਾ ਉਲਝਾਉਣਾ , ਅਨੰਦਪੁਰ ਸਾਹਿਬ ਦਾ ਮਤਾ ਉਲਝਾਉਣਾ, ਖੇਤੀ ਵਿਰੋਧੀ ਕਾਨੂੰਨਾਂ ਦੀ ਹਿਮਾਇਤ ਆਦਿ। ਗੱਲਬਾਤ ਦੌਰਾਨ ਉਨ੍ਹਾਂ ਨੇ 1985 ਵਿੱਚ ਬਾਦਲਾਂ ਦੀ ਪਾਰਟੀ ਛੱਡਣ, ਬਾਦਲਾਂ ਤੋਂ ਆਇਆ ਰਾਮੂਵਾਲੀਆ ਖਿਲਾਫ ਸਾਜਿਸ਼ ਕਰ ਕੇ ਉਸ ਨੂੰ ਹਰਾਉਣ ਬਾਰੇ ਅਤੇ 2012 ਵਿਚ ਰਿਟਾਇਰਮੈਂਟ ਪਿੱਛੇ ਦੀ ਕਹਾਣੀ ਬਾਰੇ ਖੁੱਲ੍ਹਕੇ ਗੱਲਬਾਤ ਕੀਤੀ। ਰਾਮੂਵਾਲੀਆ ਨੇ ਕਿਹਾ ਕਿ ਉਹ ਕਦੇ ਵੀ ਕਾਂਗਰਸ ਜਾਂ ਬੀਜੇਪੀ ਵਿੱਚ ਸ਼ਾਮਲ ਨਹੀਂ ਹੋਏ। ਰਾਮੂਵਾਲੀਆ ਨੇ ਸ਼੍ਰੋਮਣੀ ਅਕਾਲੀ ਦਲ ਦੇ ਭਵਿੱਖ ਦੀ ਗੱਲ ਕਰਦਿਆਂ ਕਿਹਾ ਕਿ ਜਿੰਨਾ ਚਿਰ ਬਾਦਲਾਂ ਦਾ ਨਾਮ ਇਸ ਪਾਰਟੀ ਨਾਲ ਜੁੜਿਆ ਹੈ, ਇਸ ਪਾਰਟੀ ਦਾ ਭਵਿੱਖ ਬਿਲਕੁਲ ਰੱਦੀ ਹੈ। ਰਾਮੂਵਾਲੀਆ ਨੇ ਕਿਹਾ ਕਿ ਉਨ੍ਹਾਂ ਸੰਗਰੂਰ ਜ਼ਿਮਨੀ ਚੋਣਾਂ ਵਿਚ ਕਿਸੇ ਦੇ ਪੱਖ ਵਿੱਚ ਚੋਣ ਪ੍ਰਚਾਰ ਨਹੀਂ ਕੀਤਾ ਪਰ ਨਿੱਜੀ ਤੌਰ ਤੇ ਉਹ ਸਭ ਨੂੰ ਸਿਮਰਨਜੀਤ ਸਿੰਘ ਮਾਨ ਨੂੰ ਵੋਟਾਂ ਪਾਉਣ ਲਈ ਅਪੀਲ ਕਰਦੇ ਰਹੇ ਸਨ। ਰਾਮੂਵਾਲੀਆ ਨੇ ਕਿਹਾ ਕਿ ਭਗਵੰਤ ਮਾਨ ਨੇ ਸਾਦਗੀ ਨਾਲ ਵਿਆਹ ਕਰਾ ਕੇ ਪੰਜਾਬ ਵਿੱਚ ਮਿਸਾਲ ਕਾਇਮ ਕੀਤੀ ਹੈ ਜੋ ਕਿ ਹਰ ਪੰਜਾਬੀ ਨੂੰ ਅਜਿਹੀ ਰੀਤ ਅਪਣਾਉਣੀ ਚਾਹੀਦੀ ਹੈ। ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਨੂੰ ਕੰਮ ਕਰਨ ਲਈ ਸਮਾਂ ਦੇਣਾ ਚਾਹੀਦਾ ਹੈ ਪਰ ਭਗਵੰਤ ਮਾਨ ਨੂੰ ਪੰਜਾਬ ਵਿਚ ਟਰੈਵਲ ਏਜੰਟਾਂ ਦੀ ਠੱਗੀ ਉੱਤੇ ਠੱਲ ਪਾਉਣੀ ਚਾਹੀਦੀ ਹੈ । ਰਾਘਵ ਚੱਡਾ ਦੀ ਪੰਜਾਬ ਵਿੱਚ ਮੌਜੂਦਗੀ ਉੱਪਰ ਰਾਮੂਵਾਲੀਆ ਨੇ ਕਿਹਾ ਕਿ ਜੇਕਰ ਭਗਵੰਤ ਮਾਨ ਦੀ ਸੱਤਾ ਨੂੰ ਇਸ ਨਾਲ ਕੋਈ ਨੁਕਸਾਨ ਨਹੀਂ ਹੁੰਦਾ ਤਾਂ ਇਸ ਵਿੱਚ ਕੁਝ ਵੀ ਗਲਤ ਨਹੀਂ ਹੈ। ਰਾਮੂਵਾਲੀਆ ਨੇ ਕਿਹਾ ਕਿ ਉਹਨਾਂ ਵਰਿਆਮ ਸਿੰਘ ਨੂੰ ਜੇਲ੍ਹ ਵਿੱਚੋਂ ਰਿਹਾਅ ਕਰਵਾਇਆ ਸੀ ਜਦੋਂਕਿ ਬਾਦਲ ਅਤੇ ਕੈਪਟਨ ਅਮਰਿੰਦਰ ਸਿੰਘ , ਬੰਦੀ ਸਿੰਘਾਂ ਨੂੰ ਰਿਹਾਅ ਨਹੀਂ ਕਰਵਾ ਸਕੇ ਸਨ। ਰਾਮੂਵਾਲੀਆ ਨੇ ਬਾਦਲਾਂ ‘ਤੇ ਇਲਜ਼ਾਮ ਲਾਇਆ ਕਿ ਉਹਨਾਂ ਬਰਗਾੜੀ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਵਾਈ ਸੀ। ਅਖੀਰ ਵਿੱਚ ਪੰਜਾਬ ਵਿੱਚ ਆਈਵੀਐਫ ਸੈਂਟਰ ਅਤੇ ਡਰੱਗਜ਼ ਬਾਰੇ ਗੱਲ ਕਰਦਿਆਂ ਰਾਮੂਵਾਲੀਆ ਨੇ ਕਿਹਾ ਕਿ ਬਾਦਲਾਂ ਦੀ ਸਿਆਸਤ ਖ਼ਤਮ ਹੋ ਚੁੱਕੀ ਹੈ ਅਤੇ ਮੌਜੂਦਾ ਸਰਕਾਰ ਨੂੰ ਪੰਜਾਬ ਦੇ 200 ਕਾਲਜਾਂ ਵਿੱਚ ਵਿਦਿਆਰਥੀਆਂ ਨੂੰ ਆਈਲੈਟਸ ਮੁਫਤ ਕਰਾਉਣੀ ਚਾਹੀਦੀ ਹੈ।
~ ਕੁਲਵਿੰਦਰ ਕੌਰ ਬਾਜਵਾ