ਬਲਵਿੰਦਰ ਸਿੰਘ ਭੂੰਦੜ

ਭਾਗ – 43

ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਬਲਵਿੰਦਰ ਸਿੰਘ ਭੂੰਦੜ ਨਾਲ ਕੀਤੀ ਇਹ ਇੰਟਰਵਿਊ 2 ਜੁਲਾਈ 2022 ਨੂੰ ਪ੍ਰਕਾਸ਼ਿਤ ਕੀਤੀ ਗਈ। ਜਿਸ ਦੀ ਸ਼ੁਰੂਆਤ ਵਿੱਚ ਪੱਤਰਕਾਰ ਵੱਲੋਂ ਭੂੰਦੜ ਨੂੰ ਪੁੱਛਿਆ ਗਿਆ ਕਿ ਕੀ ਸ਼੍ਰੋਮਣੀ ਅਕਾਲੀ ਦਲ (ਬਾਦਲ) ਆਪਣੇ ਕੀਤੇ ਗਏ ਕੰਮਾਂ ‘ਤੇ ਪਛਤਾ ਰਹੀ ਹੈ? ਤਾਂ ਭੂੰਦੜ ਨੇ ਕਿਹਾ ਕਿ ਹਰ ਪਾਰਟੀ ਵਿਚ ਚੰਗਾ ਮਾੜਾ ਸਮਾਂ ਆਉਂਦਾ ਰਹਿੰਦਾ ਹੈ ਪਰ ਲੋਕ ਸ਼੍ਰੋਮਣੀ ਅਕਾਲੀ ਦਲ ਦੀ ਜੱਦੋ ਜਹਿਦ ਨਹੀਂ ਦੇਖਦੇ। ਭੂੰਦੜ ਨੇ ਕਿਹਾ ਕਿ ਅਪਰੇਸ਼ਨ ਬਲਿਊ ਸਟਾਰ ਜਦੋਂ ਵਾਪਰਿਆ ਸੀ ਉਦੋਂ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੇ ਮਸਲਿਆਂ ਲਈ ਲੜ ਰਹੀ ਸੀ ਅਤੇ ਜਦੋਂ ਦਿੱਲੀ ਸਰਕਾਰ ਕੋਈ ਜਵਾਬ ਦੇ ਕਾਬਿਲ ਨਾ ਰਹੀ ਤਾਂ ਉਸ ਨੇ ਐਜੰਸੀਆਂ ਰਾਹੀਂ ਦੰਗੇ ਸ਼ੁਰੂ ਕਰਵਾ ਦਿੱਤੇ ਜਿਸ ਦਾ ਇਲਜ਼ਾਮ ਅਕਾਲੀ ਦਲ ਸਿਰ ਮੜ੍ਹਿਆ ਗਿਆ ਸੀ। ਉਸ ਦੌਰਾਨ ਕੁਝ ਨੌਜਵਾਨਾਂ ਨੇ ਸਰਦਾਰ ਭਗਤ ਸਿੰਘ ਅਤੇ ਊਧਮ ਸਿੰਘ ਦੀ ਤਰ੍ਹਾਂ ਕਦਮ ਚੁੱਕੇ ਸਨ ਜਿਸ ਦੀ ਸਜ਼ਾ ਉਹ ਅੱਜ ਤੱਕ ਭੁਗਤ ਰਹੇ ਹਨ। ਭਾਵੇਂ ਕਿ ਸੁਪਰੀਮ ਕੋਰਟ ਦੇ ਅਨੁਸਾਰ ਉਹ ਆਪਣੀ ਸਜ਼ਾ ਪੂਰੀ ਕਰ ਚੁੱਕੇ ਹਨ ਪਰ ਸਟੇਟ ਉਨ੍ਹਾਂ ਲਈ ਕੁਝ ਨਹੀਂ ਕਰ ਰਹੀ। ਪੱਤਰਕਾਰ ਨੇ ਭੂੰਦੜ ਨੂੰ ਪੁੱਛਿਆ ਕਿ ਬੀਜੇਪੀ ਨਾਲ ਗਠਜੋੜ ਹੋਣ ਉਪਰੰਤ ਅਕਾਲੀ ਦਲ ਪੰਥ ਦੇ ਮੁੱਦਿਆਂ ਨੂੰ ਕਿਉਂ ਭੁੱਲ ਗਈ ਸੀ ਜਾਂ ਹੁਣ 2022 ਤੱਕ ਵੀ ਇਹ ਮੁੱਦੇ ਅਕਾਲੀ ਦਲ ਨੂੰ ਕਿਉਂ ਨਹੀਂ ਯਾਦ ਆਏ? ਭੂੰਦੜ ਨੇ ਕਿਹਾ ਕਿ ਲੋਕ ਸਕਰਾਤਮਕ ਪੱਖਾਂ ਨੂੰ ਯਾਦ ਨਹੀਂ ਰੱਖਦੇ ਅਤੇ ਇਹ ਗਲਤ ਧਾਰਨਾ ਹੈ। ਭੂੰਦੜ ਨੇ ਕਿਹਾ ਕਿ ਮੀਡੀਆ ਅੱਜ ਕੱਲ ਸਰਮਾਏਦਾਰਾਂ ਦੇ ਹੱਥ ਵਿਚ ਹੈ ਤਾਂ ਪੱਤਰਕਾਰ ਨੇ ਪੁੱਛਿਆ ਕਿ ਕੀ ਇਸ ਦੀ ਸ਼ੁਰੂਆਤ ਸ਼੍ਰੋਮਣੀ ਅਕਾਲੀ ਦਲ (ਬਾਦਲ) ਨੇ ਕੀਤੀ ਸੀ? ਭੂੰਦੜ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਨਹੀ ਸਿਰਫ ਸ਼੍ਰੋਮਣੀ ਅਕਾਲੀ ਦਲ ਹੈ। ਭੂੰਦੜ ਨੇ ਕਿਹਾ ਕਿ ਉਹ ਮੰਨਦੇ ਹਨ ਕਿ ਪਾਰਟੀ ਵੱਲੋਂ ਕੁਝ ਗਲਤੀਆਂ ਹੋਈਆਂ ਸਨ ਅਤੇ ਅਕਾਲੀ ਦਲ ਦੀ ਨਵੀਂ ਪੀੜ੍ਹੀ ਉਹ ਕੁਰਬਾਨੀਆਂ ਨਹੀ ਕਰ ਸਕਦੀ ਜੋ ਅਕਾਲੀ ਦਲ ਦੇ ਪੁਰਖਿਆਂ ਨੇ ਕੀਤੀਆਂ ਸਨ। ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਸੰਗਰੂਰ ਜ਼ਿਮਨੀ ਚੋਣਾਂ ਵਿਚ ਸ਼੍ਰੋਮਣੀ ਅਕਾਲੀ ਦਲ ਦਾ ਐਜੰਡਾ ਬੰਦੀ ਸਿੰਘਾਂ ਦੀ ਰਿਹਾਈ ਸੀ ਜਿਸ ਨੂੰ ਲੋਕ ਸਮਝ ਨਹੀਂ ਸਕੇ ਸਨ। ਪੱਤਰਕਾਰ ਨੇ ਸੁਖਬੀਰ ਬਾਦਲ ਵੱਲੋਂ ਜਗਤਾਰ ਹਵਾਰਾ ਬਾਰੇ ਦਿੱਤੀਆਂ ਟਿਪਣੀਆਂ ਬਾਰੇ ਵੀ ਗੱਲਬਾਤ ਕੀਤੀ ਅਤੇ ਇਹ ਵੀ ਪੁੱਛਿਆ ਕਿ ਕਿਉਂ ਸ਼੍ਰੋਮਣੀ ਅਕਾਲੀ ਦਲ ਦੇ ਨੌਜਵਾਨ ਆਗੂਆਂ ਦਾ ਪ੍ਰਦਰਸ਼ਨ ਖਰਾਬ ਰਿਹਾ? ਇਸ ਤੋ ਇਲਾਵਾ ਭੂੰਦੜ ਨੇ ਆਮ ਆਦਮੀ ਪਾਰਟੀ ਦੇ ਐਲਾਨਾਂ ਅਤੇ ਕਾਰਗੁਜ਼ਾਰੀ ਬਾਰੇ ਖੁੱਲ੍ਹ ਕੇ ਗੱਲ ਕੀਤੀ। ਪਾਰਟੀ ਦੇ ਅੰਦਰੂਨੀ ਅਨੁਸ਼ਾਸਨ ਦੀ ਵਿਗੜੀ ਹਾਲਤ ਅਤੇ ਪਾਰਟੀ ਦੇ ਨਵਾਂ ਪ੍ਰਧਾਨ ਚੁਣਨ ਬਾਰੇ ਭੂੰਦੜ ਨੂੰ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਪਾਰਟੀ ਦਾ ਅਨੁਸ਼ਾਸ਼ਨ ਬਿਲਕੁਲ ਕਾਇਮ ਹੈ ਅਤੇ ਨਵੇਂ ਪ੍ਰਧਾਨ ਚੁਣਨ ਦਾ ਫੈਸਲਾ ਪਾਰਟੀ ਦਾ ਹੋਵੇਗਾ। ਭੂੰਦੜ ਨੇ ਇਕਬਾਲ ਸਿੰਘ ਝੂੰਡਾ ਕਮੇਟੀ ਦੀ ਰਿਪੋਰਟ ਬਾਰੇ ਖੁੱਲ ਕੇ ਕੋਈ ਗੱਲਬਾਤ ਨਹੀਂ ਕੀਤੀ। ਜ਼ਿਮਨੀ ਚੋਣਾਂ ਦੋਰਾਨ ਸਿਮਰਨਜੀਤ ਸਿੰਘ ਮਾਨ ਨਾਲ ਹੋਈ ਮੁਲਾਕਾਤ ਬਾਰੇ ਬੀ ਗੱਲਬਾਤ ਕੀਤੀ ਗਈ। ਅਖੀਰ ਭੂੰਦੜ ਨੇ ਕਿਹਾ ਕਿ ਅਕਾਲੀ ਦਲ ਪੂਰੀ ਏਕਤਾ ਨਾਲ ਪੰਜਾਬ ਦੇ ਭਲੇ ਲਈ ਕੰਮ ਕਰਨ ਲਈ ਅੱਗੇ ਆਵੇਗੀ।

~ ਕੁਲਵਿੰਦਰ ਕੌਰ ਬਾਦਲ

Leave a Comment

Your email address will not be published. Required fields are marked *