ਭਾਗ –135
ਇਹ ਇੰਟਰਵਿਊ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਬਲਦੇਵ ਸਿੰਘ ਜ਼ੀਰਾ ਨਾਲ 31 ਦਸੰਬਰ 2022 ਨੂੰ ਪ੍ਰਕਾਸ਼ਿਤ ਕੀਤੀ ਗਈ। ਇਹ ਇੰਟਰਵਿਊ ਵਿਚ ਉਹਨਾ ਨਾਲ ਜ਼ੀਰਾ ਸ਼ਰਾਬ ਫੈਕਟਰੀ ਦੇ ਵਿਰੁੱਧ ਲੱਗੇ ਧਰਨੇ ਬਾਰੇ ਗੱਲਬਾਤ ਕੀਤੀ ਗਈ। ਉਨ੍ਹਾਂ ਕਿਹਾ ਕਿ ਇਹ ਧਰਨਾ ਚੜ੍ਹਦੀਕਲਾ ਵਿੱਚ ਚੱਲ ਰਿਹਾ ਹੈ ਅਤੇ ਹਰ ਰੋਜ਼ ਲੋਕ ਇਕੱਤਰ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਜੇਕਰ ਫੈਕਟਰੀ ਵਾਲੇ ਦਾਅਵਾ ਕਰ ਰਹੇ ਹਨ ਕਿ ਉਹ ਲੋਕਾਂ ਸਾਹਮਣੇ ਇਹ ਪਾਣੀ ਪੀਣਗੇ। ਤਾਂ ਅਸੀਂ ਉਨ੍ਹਾਂ ਨੂੰ ਚੈਲੰਜ ਕਰਦੇ ਹਾਂ ਕਿ ਉਹ ਇੱਕ ਹਫਤਾ ਲਗਾਤਾਰ ਸਾਡੇ ਪਿੰਡਾਂ ਦਾ ਪਾਣੀ ਪੀ ਕੇ ਸਾਨੂੰ ਸਾਬਿਤ ਕਰ ਦੇਣ ਕਿ ਇਹ ਪਾਣੀ ਪੀਣ ਯੋਗ ਹੈ ਤਾਂ ਅਸੀਂ ਧਰਨਾ ਬੰਦ ਕਰ ਦੇਵਾਂਗੇ। ਉਨ੍ਹਾਂ ਕਿਹਾ ਕਿ ਸਰਕਾਰ ਦੀ ਫੈਕਟਰੀ ਮਾਲਕ ਮਲਹੋਤਰਾ ਦੇ ਨਾਲ ਮਿਲੀਭੁਗਤ ਹੈ। ਉਹਨਾਂ ਕਿਹਾ ਕਿ ਸਾਡੇ ਪਿੰਡਾਂ ਦਾ ਪਾਣੀ ਬਹੁਤ ਜਿਆਦਾ ਪ੍ਰਦੂਸ਼ਿਤ ਹੋ ਚੁੱਕਾ ਹੈ ਅਤੇ ਬੋਰ ਵੈਲਾਂ ਵਿਚੋਂ ਕਾਲ਼ਾ ਤੇ ਗੰਧਲਾ ਪਾਣੀ ਨਿਕਲ ਰਿਹਾ ਹੈ। ਇਸ ਤੋਂ ਇਲਾਵਾ ਲੋਕ ਅਤੇ ਪਸ਼ੂ ਵੀ ਜਾਨਲੇਵਾ ਬਿਮਾਰੀਆਂ ਨਾਲ ਮਰ ਰਹੇ ਹਨ। ਉਨ੍ਹਾਂ ਕਿਹਾ ਕਿ ਲੋਕਾਂ ਵਿੱਚ ਸਾਹ ਦੇ ਰੋਗ, ਕੈਂਸਰ ਅਤੇ ਪਸ਼ੂਆਂ ਵਿੱਚ ਵੀ ਬੀਮਾਰੀਆਂ ਫੈਲ ਰਹੀਆਂ ਹਨ। ਇਸ ਤੋ ਇਲਾਵਾ ਉਨ੍ਹਾਂ ਨੇ ਕਮੇਟੀਆਂ ਦੀ ਮਾੜੀ ਕਾਰਗੁਜ਼ਾਰੀ ਤੇ ਵੀ ਸਵਾਲ ਚੁੱਕੇ। ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਅਕਾਲੀ ਸਰਕਾਰ ਅਤੇ ਕਾਂਗਰਸ ਸਰਕਾਰ ਤੋਂ ਵੀ ਜ਼ਿਆਦਾ ਗਲਤ ਸਾਬਿਤ ਹੋਈ ਹੈ। ਉਨ੍ਹਾਂ ਕਿਹਾ ਕਿ ਸੰਤ ਸੀਚੇਵਾਲ ਹੁਣ ਸੰਤ ਨਹੀਂ ਰਹੇ ਬਲਕਿ ਉਹ ਰਾਜਨੇਤਾ ਬਣ ਚੁੱਕੇ ਹਨ ਜੋ ਭਗਵੰਤ ਮਾਨ ਦੀ ਬੋਲੀ ਬੋਲਦਾ ਹੈ। ਉਹਨਾਂ ਕਿਹਾ ਕਿ ਬਾਦਲਾਂ ਨੇ ਆਪਣੀ ਸਰਕਾਰ ਵੇਲੇ ਇਹ ਫੈਕਟਰੀ ਝੂਠ ਬੋਲਕੇ ਸ਼ੁਰੂ ਕੀਤੀ ਸੀ। ਉਨ੍ਹਾਂ ਕਿਹਾ ਕਿ ਬਾਦਲਾਂ ਵੱਲੋਂ ਆਪਣੀ ਸਰਕਾਰ ਵੇਲੇ ਲੋਕਾਂ ਨੂੰ ਦੱਸਿਆ ਗਿਆ ਸੀ ਕਿ ਇੱਥੇ ਸਾਇਕਲਾਂ ਦੀ ਫੈਕਟਰੀ ਸ਼ੁਰੂ ਹੋ ਰਹੀ ਹੈ। ਜਦੋਂਕਿ ਇਹ ਸ਼ਰਾਬ ਦੀ ਫੈਕਟਰੀ ਸੀ, ਜਿਸ ਦੇ ਅੰਦਰ ਕੈਮੀਕਲ ਦੀ ਫੈਕਟਰੀ ਵੀ ਹੈ ਅਤੇ ਲੋਕ ਇਹ ਤੱਕ ਨਹੀਂ ਜਾਣਦੇ ਕਿ ਉਸ ਅੰਦਰ ਕਿਸ ਕਿਸਮ ਦਾ ਕੈਮੀਕਲ ਬਣਦਾ ਹੈ। ਉਨ੍ਹਾਂ ਕਿਹਾ ਕਿ ਇਸ ਫੈਕਟਰੀ ਨੂੰ ਬੰਦ ਕਰਵਾਉਣ ਲਈ ਅਸੀਂ ਕੁਰਬਾਨੀਆਂ ਦੇਣ ਲਈ ਵੀ ਤਿਆਰ ਹਾਂ। ਉਨ੍ਹਾਂ ਕਿਹਾ ਕਿ ਸਾਨੂੰ ਸਰਕਾਰ ‘ਤੇ ਕੋਈ ਭਰੋਸਾ ਨਹੀਂ ਹੈ ਪਰ ਲੋਕਾਂ ਦੀ ਏਕਤਾ ਤੇ ਭਰੋਸਾ ਹੈ। ਅਖੀਰ ਉਨ੍ਹਾਂ ਸੀ ਐੱਮ ਨੂੰ ਅਪੀਲ ਕੀਤੀ ਕਿ ਇਹ ਫ਼ੈਕਟਰੀ ਬੰਦ ਹੋਣੀ ਚਾਹੀਦੀ ਹੈ।
~ਕੁਲਵਿੰਦਰ ਕੌਰ ਬਾਜਵਾ