ਭਾਗ – 8 ਇਹ ਇੰਟਰਵਿਊ 28 ਅਪ੍ਰੈਲ 2022 ਨੂੰ ਪੰਜਾਬੀ ਗਾਇਕ ਅਤੇ MLA ਬਲਕਾਰ ਸਿੰਘ ਸਿੱਧੂ ਨਾਲ ਕੀਤੀ ਗਈ। ਇੰਟਰਵੀਊ ਦੀ ਸ਼ੁਰੂਆਤ ਵਿੱਚ ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਉਹ ਸ਼ੁਰੂਆਤੀ ਸਫ਼ਰ ਵਿੱਚ ਐਥਲੀਟ ਰਹੇ ਅਤੇ ਕਬੱਡੀ ਵੀ ਖੇਡਦੇ ਰਹੇ ਹਨ। ਫ਼ਿਰ ਗਾਇਕੀ ਕਰਨ ਦੇ ਨਾਲ ਨਾਲ ਰਾਜਨੀਤੀ ਵਿੱਚ ਵੀ ਆਏ,ਕੀ ਉਹਨਾਂ ਇਹ ਸਭ ਸੋਚਿਆ ਸੀ ਕਿ ਉਹ ਏਨੀ ਕਾਮਯਾਬੀ ਹਾਸਲ ਕਰਣਗੇ? ਤਾਂ ਬਲਕਾਰ ਸਿੱਧੂ ਨੇ ਕਿਹਾ ਕਿ ਉਨ੍ਹਾਂ ਨੇ ਸ਼ੁਰੂ ਤੋਂ ਹੀ ਇਹ ਸੋਚ ਰੱਖੀ ਸੀ ਕਿ ਇੱਕ ਦਿਨ ਉਹ ਜ਼ਿੰਦਗੀ ਵਿੱਚ ਪ੍ਰਸਿੱਧੀ ਹਾਸਿਲ ਕਰਣਗੇ। ਜਿਸ ਦੇ ਲਈ ਉਹਨਾਂ ਨੇ ਬਹੁਤ ਮਿਹਨਤ ਵੀ ਕੀਤੀ। ਉਹਨਾਂ ਨੇ ਦੱਸਿਆ ਕਿ ਸ.ਮਿਲਖਾ ਸਿੰਘ ਉਨ੍ਹਾਂ ਦੀ ਪ੍ਰੇਰਨਾ ਸਨ। ਗੱਲਬਾਤ ਦੌਰਾਨ ਬਲਕਾਰ ਸਿੱਧੂ ਨੇ ਦੱਸਿਆ ਕਿ ਉਨ੍ਹਾਂ ਨੂੰ ਸਮਾਜ ਸੇਵਾ ਕਰਨ ਦਾ ਸ਼ੌਂਕ ਸੀ ਜਿਸ ਕਰਕੇ ਉਹ ਪੋਲੀਟਿਕਸ ਵਿਚ ਆਏ ਅਤੇMLA ਬਣ ਗਏ। ਉਹਨਾਂ ਨੇ ਕਿਹਾ ਕਿ ਇਨਸਾਨ ਦੁਨੀਆਂ ਤਾਂ ਨਹੀਂ ਜਿੱਤ ਸਕਦਾ ਪਰ ਲੋਕਾਂ ਦੇ ਦਿਲ ਜਿੱਤ ਸਕਦਾ ਹੈ। ਗਾਇਕੀ ਦੇ ਖੇਤਰ ਵਿੱਚ ਆਪਣੀ ਸਫਲਤਾ ਬਾਰੇ ਗੱਲਬਾਤ ਕਰਦਿਆਂ ਉਨ੍ਹਾਂ ਨੇ ਦੱਸਿਆ ਕਿ ਉਹ ਹਮੇਸ਼ਾ ਹੀ ਬਾਕੀਆਂ ਨਾਲੋਂ ਕੁਝ ਵੱਖਰਾ ਕਰਨ ਦਾ ਚਾਹਵਾਨ ਰਹੇ ਹਨ ਅਤੇ ਉਨ੍ਹਾਂ ਨੇ ਹਮੇਸ਼ਾ ਕਿਸੇ ਦੂਸਰੇ ਦੀ ਨਕਲ ਨਾ ਕਰ ਕੇ ਆਪਣਾ ਵੱਖਰਾ ਤਜਰਬਾ ਕਰਨ ਦੀ ਕੋਸ਼ਿਸ਼ ਕੀਤੀ। ਪੱਤਰਕਾਰ ਨੇ ਜਦੋਂ ਉਨ੍ਹਾਂ ਨੂੰ ਪਰਿਵਾਰ ਦੇ ਸਾਥ ਬਾਰੇ ਪੁੱਛਿਆ ਤਾਂ ਬਲਕਾਰ ਸਿੱਧੂ ਨੇ ਕਿਹਾ ਕਿ ਹੈ ਰਾਜਨੀਤੀ ਹੋਵੇ,ਚਾਹੇ ਗਾਇਕੀ ਉਨ੍ਹਾਂ ਦੇ ਪਰਿਵਾਰ,ਖਾਸ ਕਰਕੇ ਉਨ੍ਹਾਂ ਦੀ ਪਤਨੀ ਨੇ ਹਮੇਸ਼ਾ ਉਨ੍ਹਾਂ ਦਾ ਸਾਥ ਦਿੱਤਾ ਹੈ। ਪੱਤਰਕਾਰ ਨੇ ਬਲਕਾਰ ਸਿੱਧੂ ਨੂੰ ਸੁਆਲ ਕੀਤਾ ਕਿ ਚੋਣਾਂ ਤੋਂ ਪਹਿਲਾਂ ਇਹ ਅੰਦਾਜ਼ੇ ਲਾਏ ਜਾ ਰਹੇ ਸੀ ਕਿ ਉਹ ਹਰ ਜਾਣਗੇ ਜਾਂ ਫਿਰ ਜਿੱਤ ਤੋਂ ਬਾਅਦ ਲੋਕਾਂ ਲਈ ਕੋਈ ਕੰਮ ਨਹੀ ਕਰਨਗੇ ਤਾਂ ਬਲਕਾਰ ਸਿੱਧੂ ਨੇ ਕਿਹਾ ਕਿ ਉਹਨਾਂ ਨੂੰ ਆਪਣੀ ਮਿਹਨਤ ‘ਤੇ ਪੂਰਾ ਯਕੀਨ ਸੀ ਕਿ ਉਹ ਜਿੱਤ ਹਾਸਲ ਕਰਨਗੇ। ਉਨ੍ਹਾਂ ਕਿਹਾ ਕਿ ਉਹ ਲੋਕਾਂ ਨਾਲ ਕੀਤੇ ਸਾਰੇ ਵਾਅਦੇ ਪੂਰੇ ਕਰਨਗੇ ਅਤੇ ਭ੍ਰਿਸ਼ਟਾਚਾਰ ਜਾਂ ਰਿਸ਼ਵਤਖੋਰੀ ਨੂੰ ਖ਼ਤਮ ਕਰਨਗੇ। ਪੱਤਰਕਾਰ ਦੇ ਸੁਆਲ ਦਾ ਜੁਆਬ ਦਿੰਦਿਆਂ ਉਹਨਾਂ ਨੇ ਕਿਹਾ ਕਿ ਉਹ ਆਪਣੀਆਂ ਜ਼ਿੰਮੇਵਾਰੀਆਂ ਪੂਰੀ ਸੰਜੀਦਗੀ ਨਾਲ ਨਿਭਾਉਣ ਦੀ ਕੋਸ਼ਿਸ਼ ਕਰ ਰਹੇ ਹਨ ਅਤੇ ਆਉਣ ਵਾਲੇ ਪੰਜ ਸਾਲਾਂ ਵਿੱਚ ਆਪਣੇ ਹਲਕੇ ਵਿਚ ਸਿੱਖਿਆ,ਹਸਪਤਾਲ ਅਤੇ ਪੁਲਿਸ ਵਿਭਾਗ ਦੇ ਸਾਰੇ ਮਸਲੇ ਹੱਲ ਕਰਨ ਦੇ ਨਾਲ ਨਾਲ ਇਕ ਯੁਨੀਵਰਸਿਟੀ ਖੋਲ੍ਹੇ ਜਾਣ ਬਾਰੇ ਸੋਚ ਰਹੇ ਹਨ। ਅਖੀਰ ਵਿੱਚ ਉਹਨਾਂ ਨੇ ਕਿਹਾ ਕਿ ਉਹ ਸਮਾਜ ਵਿਚੋਂ ਨਸ਼ੇ ਦੂਰ ਕਰਨ ਲਈ ਆਪਣੀ ਪੂਰੀ ਕੋਸ਼ਿਸ਼ ਕਰਨਗੇ।
ਕੁਲਵਿੰਦਰ ਕੌਰ ਬਾਜਵਾ