ਭਾਗ –76 ਇਹ ਇੰਟਰਵੀਊ ਕਬੱਡੀ ਖਿਡਾਰੀ ਫੌਜੀ ਰੌਂਤਾ ਨਾਲ਼ 11 ਸਤੰਬਰ 2022 ਨੂੰ ਪ੍ਰਕਾਸ਼ਿਤ ਕੀਤੀ ਗਈ। ਇੰਟਰਵਿਉ ਦੀ ਸ਼ੁਰੂਆਤ ਵਿਚ ਉਨ੍ਹਾਂ ਦੱਸਿਆ ਕਿ ਜ਼ਿੰਦਗੀ ਵਿਚ ਜਾਂ ਕਬੱਡੀ ਤੋਂ ਉਨ੍ਹਾਂ ਨੂੰ ਕੀ ਸਿੱਖਿਆ ਮਿਲੀ। ਉਨ੍ਹਾਂ ਦੱਸਿਆ ਕਿ ਬਚਪਨ ਤੋਂ ਹੀ ਉਹ ਕਬੱਡੀ ਵਿੱਚ ਰੁਚੀ ਰੱਖਦੇ ਸਨ ਅਤੇ ਆਪਣੇ ਸੀਨੀਅਰ ਖਿਡਾਰੀਆਂ ਨੂੰ ਦੇਖ ਕੇ ਉਨ੍ਹਾਂ ਨੂੰ ਪਤਾ ਲਗਦਾ ਸੀ ਕੀ ਲੋਕਾਂ ਨਾਲ ਵਰਤਾਰਾ ਕਿਹੋ ਜਿਹਾ ਹੋਣਾ ਚਾਹੀਦਾ ਹੈ ਅਤੇ ਕਿਵੇਂ ਖੇਡਣਾ ਹੈ। ਸਬਰ ਅਤੇ ਸਹਿਯੋਗ ਕਰਨਾ ਵੀ ਸਿਖਿਆ। ਫੌਜੀ ਰੌਂਤਾ ਨੇ ਕਿਹਾ ਕਿ ਉਹ ਹਮੇਸ਼ਾ ਬੇਬਾਕ ਅਤੇ ਨਿਧੜਕ ਹੋ ਕੇ ਬੋਲਦੇ ਹਨ। ਉਨ੍ਹਾਂ ਦੱਸਿਆ ਕਿ ਪਹਿਲੇ ਸਮੇਂ ਵਿਚ ਖਿਡਾਰੀਆਂ ਨੂੰ ਕੈਂਪਾਂ ਵਿੱਚ ਰੱਖਿਆ ਜਾਂਦਾ ਸੀ ਅਤੇ ਉਨ੍ਹਾਂ ਦੀ ਕੌਂਸਲਿੰਗ ਕੀਤੀ ਜਾਂਦੀ ਸੀ ਅਤੇ ਨੈਤਿਕ ਕਦਰਾਂ ਕੀਮਤਾਂ ਅਤੇ ਸੰਚਾਰ ਹੁਨਰ ਆਦਿ ਗੁਣ ਸਿਖਾਏ ਜਾਂਦੇ ਸੀ। ਉਨ੍ਹਾਂ ਕਬੱਡੀ ਵਿੱਚ ਆਏ ਨਕਾਰਾਤਮਕ ਪੱਖਾਂ ਬਾਰੇ ਵੀ ਗੱਲਬਾਤ ਕੀਤੀ। ਉਨ੍ਹਾਂ ਕਿਹਾ ਕਿ ਸੰਦੀਪ ਨੰਗਲ ਅੰਬੀਆਂ ਦਾ ਕਤਲ ਹੋਣਾ ਬਹੁਤ ਹੀ ਦੁਖਦਾਈ ਘਟਨਾ ਹੈ ਜਿਸ ਨਾਲ ਕਬੱਡੀ ਨੂੰ ਬਹੁਤ ਘਾਟਾ ਪਿਆ ਹੈ। ਉਨ੍ਹਾਂ ਕਿਹਾ ਕਿ ਸੰਦੀਪ ਦੇ ਕਾਤਲਾਂ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ ਕਿਉਂਕਿ ਇਸ ਦੇ ਪਿੱਛੇ ਫੈਡਰੇਸ਼ਨਾਂ ਜਾਂ ਗੈਂਗਸਟਰ, ਕੋਈ ਵੀ ਹੋ ਸਕਦਾ ਹੈ। ਉਨ੍ਹਾਂ ਕਬੱਡੀ ਵਿੱਚ ਗੈਂਗਸਟਰਾਂ ਦੀ ਦਖਲ ਅੰਦਾਜੀ ਅਤੇ ਖਿਡਾਰੀਆਂ ਦੇ ਗੈਂਗਸਟਰਾਂ ਨਾਲ ਸਬੰਧਾਂ ਬਾਰੇ ਖੁੱਲ ਕੇ ਗੱਲਬਾਤ ਕੀਤੀ। ਉਹਨਾਂ ਕਿਹਾ ਕਿ ਸਾਡੇ ਸਮੇਂ ਵਿੱਚ ਖਿਡਾਰੀ ਆਜ਼ਾਦ ਹੁੰਦੇ ਸਨ ਪਰ ਅੱਜ ਕੱਲ੍ਹ ਖਿਡਾਰੀ ਪ੍ਰਮੋਟਰਾਂ ਦੇ ਦਬਾਅ ਹੇਠ ਹੁੰਦੇ ਹਨ ਕਿਉਂਕਿ ਉਨ੍ਹਾਂ ਤੋਂ ਪੈਸੇ ਲੈਂਦੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਕਤਲ ਦੀਆਂ ਵਾਰਦਾਤਾਂ ਤੋਂ ਬਾਅਦ ਹਰ ਕੋਈ ਆਪਣੇ ਬੱਚਿਆਂ ਨੂੰ ਵਿਦੇਸ਼ ਭੇਜਣਾ ਚਾਹੁੰਦਾ ਹੈ। ਅਖੀਰ ਉਹਨਾਂ ਸੁਨੇਹਾ ਦਿੱਤਾ ਕਿ ਖਿਡਾਰੀਆਂ ਨੂੰ ਸੱਚ ਦਾ ਸਾਥ ਦੇਣਾ ਚਾਹੀਦਾ ਹੈ ਕਿਸੇ ਨਾਲ ਧੋਖਾ ਨਹੀਂ ਕਰਨਾ ਚਾਹੀਦਾ ਅਤੇ ਸਹਿਯੋਗ ਵਾਲੀ ਭਾਵਨਾ ਰੱਖਣੀ ਚਾਹੀਦੀ ਹੈ।
~ਕੁਲਵਿੰਦਰ ਕੌਰ ਬਾਜਵਾ