ਭਾਗ –53 ਪੰਜਾਬੀ ਗਾਇਕ ਪੰਮਾ ਡੂਮੇਵਾਲ ਨਾਲ ਇਹ ਇੰਟਰਵਿਊ 24 ਜੁਲਾਈ 2022 ਨੂੰ ਪ੍ਰਕਾਸ਼ਿਤ ਕੀਤੀ ਗਈ। ਇਸ ਇੰਟਰਵਿਊ ਵਿਚ ਉਹਨਾਂ ਨੇ ਆਪਣੇ ਕਾਲਜ ਦੇ ਸਮੇਂ ਤੋਂ ਕਾਮਯਾਬੀ ਤੱਕ ਦੇ ਸਫਰ ਦੀ ਸਾਰੀ ਗੱਲਬਾਤ ਸਾਂਝੀ ਕੀਤੀ। ਪੰਮਾ ਡੂਮੇਵਾਲ ਨੇ ਦੱਸਿਆ ਕਿ ਗ੍ਰੈਜੂਏਸ਼ਨ ਦੌਰਾਨ ਹੀ ਉਹ ਕਾਲਜ ਦੇ ਪ੍ਰੋਗਰਾਮਾਂ ਵਿੱਚ ਭਾਗ ਲੈਂਦੇ ਰਹੇ ਸੀ,ਜਿਸ ਕਰਕੇ ਗਾਇਕੀ ਵਾਲੇ ਪਾਸੇ ਉਨ੍ਹਾਂ ਦਾ ਜ਼ਿਆਦਾ ਰੁਝਾਨ ਰਿਹਾ। ਆਨੰਦਪੁਰ ਸਾਹਿਬ ਵਿਖੇ ਜਨਮ ਲੈਣ ਵਾਲੇ ਪੰਮਾ ਡੂਮੇਵਾਲ ਸ਼ੁਰੂ ਤੋਂ ਹੀ ਧਾਰਮਿਕ ਅਤੇ ਸੱਚਾਈ ਵਾਲੇ ਗੀਤ ਗਾਉਂਦੇ ਰਹੇ ਹਨ। ਉਨ੍ਹਾਂ ਕਿਹਾ ਕਿ ਬੇਸ਼ੱਕ ਸੱਚ ਬੋਲਣ ਵਾਲੇ ਨੂੰ ਮੁਸੀਬਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਪਰ ਦੁਨੀਆਂ ਤੇ ਅੱਜ ਵੀ ਇਹ ਲੋਕ ਮੌਜੂਦ ਹਨ ਜੋ ਇਸ ਤਰ੍ਹਾਂ ਦੀ ਗਾਇਕੀ ਪਸੰਦ ਕਰਦੇ ਹਨ। ਪੰਮਾ ਡੂਮੇਵਾਲ ਦੇ ਅਨੁਸਾਰ ਉਹ ਜ਼ਿੰਦਗੀ ਵਿੱਚ ਸੰਤੁਸ਼ਟ ਹਨ ਅਤੇ ਦੌੜ-ਭੱਜ ਵਾਲੀ ਜ਼ਿੰਦਗੀ ਦੀ ਬਜਾਇ ਪਿੰਡ ਵਿੱਚ ਸਕੂਨ ਨਾਲ ਰਹਿਣਾ ਪਸੰਦ ਕਰਦੇ ਹਨ। ਇੰਟਰਨੈਟ ਤੇ ਗੀਤ ਰਿਲੀਜ਼ ਕਰਨ ਨਾਲੋਂ ਉਹ ਅਖਾੜੇ ਜਾ ਮੇਲਿਆਂ ਵਿੱਚ ਗਾਉਣ ਨੂੰ ਪਹਿਲ ਦਿੰਦੇ ਹਨ। ਬਚਪਨ ਦੀ ਗੱਲ ਕਰਦਿਆਂ ਪੰਮਾ ਡੂਮੇਵਾਲ ਨੇ ਦੱਸਿਆ ਕਿ ਕਿਵੇਂ ਉਨ੍ਹਾਂ ਦੇ ਮਾਪਿਆਂ ਨੇ ਸੰਘਰਸ਼ ਕਰਕੇ ਚਾਰ ਬੱਚਿਆਂ ਨੂੰ ਵਧੀਆ ਪੜ੍ਹਾਇਆ ਲਿਖਾਇਆ। ਪੰਮਾ ਡੂਮੇਵਾਲ ਨੇ ਕਿਹਾ ਕਿ ਅੱਜ ਕੱਲ ਲੋਕ ਕਾਮਯਾਬ ਇਨਸਾਨ ਦਾ ਸਮਰਥਨ ਕਰਨ ਦੀ ਬਜਾਏ ਈਰਖਾ ਕਰਦੇ ਹਨ। ਉਹਨਾਂ ਕਿਹਾ ਕਿ ਲੋਕ ਉਨ੍ਹਾਂ ਦੇ ਗੀਤ ਬੇਹੱਦ ਪਸੰਦ ਕਰਦੇ ਹਨ ਅਤੇ ਬਹੁਤ ਇੱਜ਼ਤ ਵੀ ਕਰਦੇ ਹਨ। ਨੌਜਵਾਨਾਂ ਨੂੰ ਦਸਤਾਰ ਸਜਾਉਣ ਦਾ ਸੁਨੇਹਾ ਦਿੰਦਿਆਂ ਉਨ੍ਹਾਂ ਕਿਹਾ ਕਿ ਸਮਾਜ ਨੂੰ ਚੰਗੇ ਇਨਸਾਨਾਂ ਦੀ ਕਦਰ ਕਰਨੀ ਚਾਹੀਦੀ ਹੈ। ਪੰਮਾ ਡੂਮੇਵਾਲ ਨੇ ਕਿਹਾ ਕਿ ਉਹ ਆਈ ਟੀ ਸੈੱਲ, ਕੌਨਟਰੋਵਰਸੀ ਜਾਂ ਮਸ਼ਹੂਰੀ ਕਰਨ ਵਿੱਚ ਯਕੀਨ ਨਹੀਂ ਰੱਖਦੇ। ਪੰਮਾ ਡੂਮੇਵਾਲ ਨੇ ਕਿਹਾ ਕਿ ਉਹ ਸ਼ਹੀਦਾਂ ਅਤੇ ਫ਼ਕੀਰਾਂ ਦੇ ਪਰਿਵਾਰ ਤੋਂ ਸੰਬੰਧ ਰੱਖਦੇ ਹਨ ਇਸ ਲਈ ਉਹ ਹਮੇਸ਼ਾ ਸੱਚ ਬੋਲਣਗੇ ਅਤੇ ਅਜਿਹੇ ਗੀਤ ਕੌਮ ਲਈ ਗਾਉਂਦੇ ਰਹਿਣਗੇ। ਅਖੀਰ ਵਿੱਚ ਉਨ੍ਹਾਂ ਆਪਣਾ ਜੁਝਾਰੂ ਖਾਲਸਾ ਗੀਤ ਸੁਣਾਉਂਦੇ ਹੋਏ ਅਤੇ ਸਿੱਧੂ ਮੂਸੇਵਾਲਾ ਦੇ ਕਤਲ ਬਾਰੇ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਜੇਕਰ ਪੰਜਾਬ ਵਿਚ ਅਜਿਹੀਆਂ ਘਟਨਾਵਾਂ ਹੁੰਦੀਆਂ ਰਹੀਆਂ ਤਾਂ ਕੋਈ ਵੀ ਨੌਜਵਾਨ ਪੰਜਾਬ ਵਿੱਚ ਰਹਿਣਾ ਪਸੰਦ ਨਹੀਂ ਕਰੇਗਾ।
~ਕੁਲਵਿੰਦਰ ਕੌਰ ਬਾਜਵਾ