ਭਾਗ –116 ਇਹ ਇੰਟਰਵੀਊ ਸਿੰਗਰ ਤੇ ਐਕਟਰ ਨਿਸ਼ਵਾਨ ਭੁੱਲਰ ਦੇ ਨਾਲ 30 ਨਵੰਬਰ 2022 ਨੂੰ ਪ੍ਰਕਾਸ਼ਿਤ ਕੀਤੀ ਗਈ। ਇੰਟਰਵਿਉ ਦੀ ਸ਼ੁਰੂਆਤ ਵਿਚ ਉਨ੍ਹਾਂ ਨੇ ਦੱਸਿਆ ਕਿ ਬਹੁਤ ਸਾਰੀਆਂ ਅਜਿਹੀਆਂ ਚੀਜ਼ਾਂ ਹਨ ਜੋ ਅੱਜ ਕੱਲ੍ਹ ਬਦਲ ਚੁੱਕੀਆਂ ਹਨ ਖਾਸ ਕਰਕੇ ਫ਼ਿਲਮੀ ਖੇਤਰ ਵਿੱਚ। ਉਨ੍ਹਾਂ ਕਿਹਾ ਕਿ ਅੱਜ ਕੱਲ੍ਹ ਲੋਕ ਚੰਗੇ ਕੰਮ ਦੀ ਸ਼ਲਾਘਾ ਕਰਦੇ ਹਨ। ਗੈਂਗਲੈਂਡ ਵੈੱਬ ਸੀਰੀਜ਼ ਦੀ ਗੱਲ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਬੇਸ਼ਕ ਲੋਕ ਏਸ ਤੋਂ ਕੁਝ ਹੱਦ ਤੱਕ ਨਾਕਰਾਤਮਕ ਢੰਗ ਨਾਲ ਪ੍ਰਭਾਵਿਤ ਹੋ ਸਕਦੇ ਹਨ ਪਰ ਇਸ ਦੇ ਪਿੱਛੇ ਇਹ ਸ਼ਖਸ ਦੀ ਕਹਾਣੀ ਹੈ ਜਿਸ ਵਿੱਚ ਹੋਰ ਬਹੁਤ ਸਾਰੇ ਚੰਗੇ ਗੁਣ ਵੀ ਹਨ। ਉਨ੍ਹਾਂ ਕਿਹਾ ਕਿ ਲੋਕ ਜਿਸ ਤਰ੍ਹਾਂ ਦਾ ਕੰਮ ਪਸੰਦ ਕਰਦੇ ਹਨ ਕਲਾਕਾਰ ਉਦਾਂ ਦਾ ਹੀ ਕਰਦੇ ਹਨ। ਉਨ੍ਹਾਂ ਕਿਹਾ ਕਿ ਅੱਜ ਕੱਲ ਦੀ ਪੀੜੀ ਸਾਹਿਤ ਨਹੀਂ ਪੜ੍ਹਦੀ ਜਿਸ ਕਰਕੇ ਉਨ੍ਹਾਂ ਅੰਦਰ ਸੰਵੇਦਨਸ਼ੀਲਤਾ ਨਹੀਂ ਹੈ। ਉਨ੍ਹਾਂ ਕਿਹਾ ਕਿ ਕੁਝ ਹੱਦ ਤੱਕ ਕਲਾਕਾਰ ਵੀ ਅੱਜਕੱਲ ਆਜ਼ਾਦ ਨਹੀਂ ਹਨ ਕਿਉਂਕਿ ਉਨ੍ਹਾਂ ਨੂੰ ਕਈ ਵਾਰ ਕਿਸੇ ਦੇ ਕਹਿਣ ਅਨੁਸਾਰ ਹੀ ਕੰਮ ਕਰਨਾ ਪੈਂਦਾ ਹੈ। ਸਿੱਧੂ ਮੂਸੇਵਾਲਾ ਦੇ ਕਤਲ ਬਾਰੇ ਗੱਲ ਕਰਦਿਆਂ ਉਨ੍ਹਾਂ ਨੇ ਕਿਹਾ ਕਿ ਲੋਕਾਂ ਵਿੱਚ ਅੱਜ ਕੱਲ ਸਹਿਣਸ਼ੀਲਤਾ ਘੱਟ ਗਈ ਹੈ ਤੇ ਈਰਖਾ ਵੱਧ ਗਈ ਹੈ। ਉਨ੍ਹਾਂ ਨੇ ਕਿਹਾ ਕਿ ਪਹਿਲੇ ਸਮੇਂ ਨਾਲੋਂ ਅੱਜ ਕੱਲ ਯੂ-ਟਿਊਬ ਕੋਈ ਗੀਤ ਜਾਂ ਫਿਲਮ ਰਿਲੀਜ਼ ਕਰਨਾ ਸੌਖਾ ਹੋ ਗਿਆ ਹੈ । ਮਸੰਦ ਫਿਲਮ ਨਾਲ ਜੁੜੇ ਵਿਵਾਦਾਂ ਬਾਰੇ ਗੱਲ ਕਰਦੇ ਹੋ ਉਨ੍ਹਾਂ ਨੇ ਕਿਹਾ ਕਿ ਅਸੀਂ ਕੇਵਲ ਸੱਚ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ। ਪੰਜਾਬ ਦੇ ਪਾਣੀਆਂ ਦੇ ਮਸਲੇ ਅਤੇ ਮੌਜੂਦਾ ਹਾਲਾਤਾਂ ਬਾਰੇ ਗੱਲ ਕਰਦੇ ਹੋਏ ਨਿਸ਼ਵਾਨ ਭੁੱਲਰ ਨੇ ਕਿਹਾ ਕਿ ਹਰੇਕ ਨਾਗਰਿਕ ਦਾ ਸਿੱਖਿਅਤ ਹੋਣਾ ਬਹੁਤ ਜ਼ਰੂਰੀ ਹੈ।
~ਕੁਲਵਿੰਦਰ ਕੌਰ ਬਾਜਵਾ