ਭਾਗ – 41
ਕਬੱਡੀ ਦੇ ਸੁਪਰਸਟਾਰ ਨਾਨਕ ਹਠੂਰ ਦੀ ਇਹ ਇੰਟਰਵਿਊ 28 ਜੂਨ 2022 ਨੁੰ ਪ੍ਰਕਾਸ਼ਿਤ ਕੀਤੀ ਗਈ। ਜਿਸ ਵਿੱਚ ਉਨ੍ਹਾਂ ਨੇ ਆਪਣੇ ਕਾਮਯਾਬੀ ਤੋਂ ਬਾਅਦ ਦੇਖੇ ਮਾੜੇ ਸਮੇਂ ਬਾਰੇ ਖੁੱਲ ਕੇ ਗੱਲਬਾਤ ਕੀਤੀ। ਨਾਨਕ ਹਠੂਰ ਅੱਜ ਕੱਲ੍ਹ ਡੀ ਪੀ ਈ ਟੀਚਰ ਦੀ ਸਰਕਾਰੀ ਨੌਕਰੀ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਪਿਤਾ ਜੀ ਨੇ ਏਕਮ, ਨਾਨਕ ਅਤੇ ਨਿਰਭੈ ਦੀ ਪੜ੍ਹਾਈ ਅਤੇ ਕਾਮਯਾਬੀ ਲਈ ਜ਼ਿੰਦਗੀ ਵਿੱਚ ਬਹੁਤ ਸੰਘਰਸ਼ ਕੀਤਾ ਸੀ। ਪੱਤਰਕਾਰ ਨਾਲ ਕਬੱਡੀ ਖੇਡ ਵਿੱਚ ਕਾਮਯਾਬੀ ਹਾਸਲ ਕਰਨ ਬਾਰੇ ਗੱਲਬਾਤ ਕਰਦਿਆਂ ਨਾਨਕ ਹਠੂਰ ਨੇ ਦੱਸਿਆ ਕਿ ਬਚਪਨ ਤੋਂ ਹੀ ਉਹਨਾਂ ਦੇ ਘਰ ਵਧੀਆ ਖੁਰਾਕ ਅਤੇ ਖੇਡਣ ਦਾ ਮਾਹੌਲ ਸਿਰਜਿਆ ਗਿਆ ਸੀ। ਜਿਸ ਕਰਕੇ ਉਹ ਕਬੱਡੀ ਖਿਡਾਰੀ ਬਣੇ ਪਰ ਖੇਡਣ ਦੇ ਨਾਲ ਉਹ ਪੜ੍ਹਾਈ ਵਿਚ ਵੀ ਹਮੇਸ਼ਾ ਅੱਵਲ ਰਹਿੰਦੇ ਸਨ। ਗੱਲਬਾਤ ਦੌਰਾਨ ਨਾਨਕ ਹਠੂਰ ਨੇ ਦੱਸਿਆ ਕਿ ਬਚਪਨ ਤੋਂ ਹੀ ਉਨ੍ਹਾਂ ਨੂੰ ਟੀਚਰ ਬਣਨ ਦਾ ਸ਼ੌਕ ਸੀ । ਲੇਕਿਨ ਪੜ੍ਹਾਈ ਪੂਰੀ ਕਰਨ ਦੇ ਬਾਅਦ ਉਨ੍ਹਾਂ ਕੁਝ ਚਿਰ ਪੰਜਾਬ ਪੁਲਿਸ ਦੀ ਨੌਕਰੀ ਕੀਤੀ ਅਤੇ ਫਿਰ 2011 ਵਿੱਚ ਟੈਸਟ ਦਿੱਤਾ ਜਿਸ ਦੇ ਸਿੱਟੇ ਵਜੋਂ 2020 ਵਿੱਚ ਉਹਨਾਂ ਨੂੰ ਨੌਕਰੀ ਮਿਲ ਗਈ। ਕਾਮਯਾਬੀ ਦੀਆਂ ਬੁਲੰਦੀਆਂ ਹਾਸਲ ਕਰਨ ਤੋਂ ਬਾਅਦ ਜਦੋਂ ਨਾਨਕ ਹਠੂਰ ਦੀ ਜ਼ਿੰਦਗੀ ਵਿੱਚ ਮਾੜਾ ਸਮਾਂ ਆਇਆ ਤਾਂ ਉਹਨਾਂ ਨੂੰ ਸਮਝਾਉਣ ਵਾਲਾ ਕੋਈ ਨਹੀਂ ਸੀ ਜਿਸ ਕਰਕੇ ਉਹ ਨਸ਼ੇ ਵੀ ਕਰਨ ਲੱਗ ਪਏ ਸਨ। ਨਾਨਕ ਨੇ ਕਿਹਾ ਕਿ ਜੇਕਰ ਇਨਸਾਨ ਦੀ ਨੀਅਤ ਸਹੀ ਹੋਵੇ ਅਤੇ ਇੱਛਾ ਸ਼ਕਤੀ ਮਜਬੂਤ ਹੋਵੇ ਤਾਂ ਉਹ ਮਾੜੇ ਤੋਂ ਮਾੜੇ ਹਾਲਾਤਾਂ ਵਿਚੋਂ ਵੀ ਨਿਕਲ ਜਾਂਦਾ ਹੈ। ਨਾਨਕ ਹਠੂਰ ਨੇ ਕਿਹਾ ਕਿ ਨਸ਼ੇ ਛੱਡਣ ਲਈ ਪਰਿਵਾਰ ਦਾ ਸਾਥ ਹੋਣਾ, ਸਕਰਾਤਮਕ ਹੋਣਾ ਅਤੇ ਕਾਊਂਸਲਿੰਗ ਹੋਣਾ ਬਹੁਤ ਜ਼ਰੂਰੀ ਹੁੰਦਾ ਹੈ। ਨਾਨਕ ਹਠੂਰ ਨੇ ਕਿਹਾ ਕਿ ਉਹ ਆਪਣੇ ਵਿਦਿਆਰਥੀਆਂ ਨੂੰ ਪੜ੍ਹਾਈ ਦੇ ਨਾਲ-ਨਾਲ ਨੈਤਿਕ ਸਿੱਖਿਆ ਵੀ ਦਿੰਦੇ ਹਨ।ਅੱਜ ਕੱਲ ਵਾਪਰ ਰਹੀਆਂ ਘਟਨਾਵਾਂ ਨੂੰ ਦੇਖਦੇ ਨਾਨਕ ਨੇ ਕਿਹਾ ਕਿ ਕਬੱਡੀ ਦੀ ਰਾਜਨੀਤੀ ਦੂਜੀ ਰਾਜਨੀਤੀ ਨਾਲੋਂ ਜ਼ਿਆਦਾ ਖਤਰਨਾਕ ਹੈ। ਉਨ੍ਹਾਂ ਕਿਹਾ ਕਿ ਜੇਕਰ ਖਿਡਾਰੀਆਂ ਵਿੱਚ ਏਕਤਾ ਹੋਵੇ ਤਾਂ ਸਿਸਟਮ ਨੂੰ ਸੁਧਾਰਿਆ ਜਾ ਸਕਦਾ ਹੈ। ਅਖੀਰ ਵਿਚ ਨਾਨਕ ਹਠੂਰ ਨੇ ਕਿਹਾ ਕਿ ਉਸ ਨੂੰ ਬੀਤੇ ਸਮੇਂ ਵੱਲ ਦੇਖ ਕੇ ਪਛਤਾਵਾ ਹੁੰਦਾ ਹੈ ਜੋ ਉਸ ਨੇ ਨਸ਼ਿਆਂ ਵਿੱਚ ਖਰਾਬ ਕੀਤਾ ਸੀ ਪਰ ਉਹ ਆਪਣੇ ਆਪ ਨੂੰ ਖੁਸ਼ਕਿਸਮਤ ਸਮਝਦਾ ਹੈ ਕਿ ਹੁਣ ਉਹ ਇੱਕ ਚੰਗੀ ਜ਼ਿੰਦਗੀ ਜਿਉਂ ਰਿਹਾ ਹੈ। ਨਾਨਕ ਨੇ ਕਿਹਾ ਕਿ ਉਹ ਜ਼ਿੰਦਗੀ ਵਿਚ ਪੂਰੀ ਤਰ੍ਹਾਂ ਸੰਤੁਸ਼ਟ ਹਨ ਅਤੇ ਭਵਿੱਖ ਵਿਚ ਆਪਣੇ ਵਿਦਿਆਰਥੀਆਂ ਅਤੇ ਸਮਾਜ ਲਈ ਕੰਮ ਕਰਨਗੇ।
~ਕੁਲਵਿੰਦਰ ਕੌਰ ਬਾਜਵਾ