ਇਹ ਇੰਟਰਵੀਊ ਕਬੱਡੀ ਰੈਫ਼ਰੀ ਤਰਸੇਮ ਸਿੰਘ ਸੰਦੌੜ ਨਾਲ 8 ਅਪ੍ਰੈਲ 2023 ਨੂੰ ਪ੍ਰਕਾਸ਼ਿਤ ਕੀਤੀ ਗਈ। ਇੰਟਰਵਿਉ ਦੀ ਸ਼ੁਰੂਆਤ ਵਿਚ ਉਨ੍ਹਾਂ ਨੂੰ ਕਬੱਡੀ ਦੇ ਮੌਜੂਦਾ ਹਲਾਤਾਂ ਬਾਰੇ ਪੁੱਛਿਆ ਗਿਆ ਤਾਂ ਆਪ ਨੇ ਤਜ਼ੁਰਬੇ ਦੇ ਅਨੁਸਾਰ ਉਨ੍ਹਾਂ ਦੱਸਿਆ ਕਿ ਅੱਜ ਕੱਲ ਕਬੱਡੀ ਦਾ ਗ੍ਰਾਫ਼ ਥੱਲੇ ਡਿੱਗ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਕਲੱਬਾਂ ਦੁਆਰਾ ਵਜਨ ਕੈਟਾਗਰੀ ਦੇ ਆਧਾਰਿਤ ਕਬੱਡੀ ਕਰਵਾਈ ਜਾ ਰਹੀ ਹੈ ਜੋ ਕਿ ਇਕ ਚੰਗੀ ਗੱਲ ਹੈ ਜਿਸ ਨਾਲ ਦੁਬਾਰਾ ਛੋਟੇ ਬੱਚਿਆਂ ਨਵੇਂ ਖਿਡਾਰੀਆਂ ਨੇ ਇਸ ਖੇਤਰ ਵੱਲ ਧਿਆਨ ਦੇਣਾ ਸ਼ੁਰੂ ਕੀਤਾ। ਉਨ੍ਹਾਂ ਕਿਹਾ ਕਿ ਜੇਕਰ ਪੰਜਾਬ ਦੀ ਪੰਜਾਬ ਦੀ ਜਵਾਨੀ ਜਾਂ ਕਬੱਡੀ ਬਚਾਉਣਾ ਚਾਹੁੰਦੇ ਹਨ ਤਾਂ ਪ੍ਰਬੰਧਕਾਂ ਨੂੰ ਮੈਚਾਂ ਵਿੱਚ ਮਸ਼ਹੂਰ ਟੀਮਾਂ ਦੇ ਖਿਡਾਰੀਆਂ ਨੂੰ ਸੱਦਣ ਦੀ ਬਜਾਏ ਆਪਣੇ ਸੀਮਤ ਖੇਤਰਾਂ ਦੀਆਂ ਟੀਮਾਂ ਜਾਂ ਖਿਡਾਰੀ ਬੁਲਾਉਣੇ ਚਾਹੀਦੇ ਹਨ। ਜਿਸ ਨਾਲ ਸੰਘਰਸ਼ ਕਰ ਰਹੇ ਖਿਡਾਰੀਆਂ ਦੀ ਹਰ ਪੱਖੋਂ ਮਦਦ ਹੋਵੇਗੀ ਅਤੇ ਉਨ੍ਹਾਂ ਨੂੰ ਬਣਦਾ ਸਨਮਾਨ ਮਿਲੇਗਾ। ਇਸ ਦੇ ਨਾਲ ਹੀ ਉਨ੍ਹਾਂ ਇਹ ਵੀ ਕਿਹਾ ਕਿ ਅੱਜ ਕੱਲ ਜ਼ਿਆਦਾਤਰ ਕੋਚ ਉਹ ਹਨ ਜਿਨ੍ਹਾਂ ਨੂੰ ਇਸ ਖੇਤਰ ਦਾ ਕੋਈ ਤਜਰਬਾ ਹੀ ਨਹੀਂ ਹੈ। ਉਨ੍ਹਾਂ ਕਿਹਾ ਕਿ ਅੱਜਕਲ ਕੁੱਝ ਲੋਕ ਕੱਬਡੀ ਦੇ ਠੇਕੇਦਾਰ ਬਣੇ ਹੋਏ ਹਨ,ਜੋ ਪੈਸਾ ਬਣਾਉਣ ਲਈ ਆਪਣੀ ਮਰਜ਼ੀ ਅਨੁਸਾਰ ਖਿਡਾਰੀ ਬੁਲਾਉਂਦੇ ਹਨ। ਉਨ੍ਹਾਂ ਕਿਹਾ ਕਿ ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਕਾਮਯਾਬ ਖਿਡਾਰੀਆਂ ਨੇ ਵੀ ਜ਼ਿੰਦਗੀ ਵਿਚ ਸਖ਼ਤ ਮਿਹਨਤ ਕੀਤੀ ਹੈ ਪਰ ਹਰ ਜਗ੍ਹਾ ਉਨ੍ਹਾਂ ਖਿਡਾਰੀਆਂ ਨੂੰ ਬੁਲਾ ਕੇ ਲੱਖਾਂ ਦੇ ਇਨਾਮ ਦੇਣ ਦੀ ਬਜਾਏ ਨਵੇਂ ਜਾਂ ਸੰਘਰਸ਼ ਕਰ ਰਹੇ ਖਿਡਾਰੀਆਂ ਨੂੰ ਵੀ ਸਪੋਰਟ ਕਰਨਾ ਚਾਹੀਦਾ ਹੈ। ਤਰਸੇਮ ਸਿੰਘ ਸੰਦੌੜ ਨੇ ਕਿਹਾ ਕਿ ਸਰਕਾਰ ਨੇ ਕਬੱਡੀ ਨੂੰ ਵਰਤਿਆ ਹੈ, ਸਾਂਭਿਆ ਨਹੀਂ। ਉਨ੍ਹਾਂ ਕਿਹਾ ਕਿ ਅੱਜ ਕਲ ਹਰਿਆਣਾ ਪੰਜਾਬ ਨਾਲੋਂ ਕਬੱਡੀ ਖੇਤਰ ਵਿੱਚ ਅੱਗੇ ਹੈ। ਉਨ੍ਹਾਂ ਕਿਹਾ ਕਿ ਠੇਕੇਦਾਰੀ ਸਿਸਟਮ ਨੇ ਕਬੱਡੀ ਦੀ ਗੇਮ ਨੂੰ ਖਰਾਬ ਕੀਤਾ ਹੈ। ਉਨ੍ਹਾਂ ਕਿਹਾ ਕਿ ਕਬੱਡੀ ਦਾ ਅੰਦਾਜ਼ ਬਦਲਿਆ ਨਹੀਂ ਜਾਣਾ ਚਾਹੀਦਾ, ਜਿਵੇਂ ਪਹਿਲਾਂ ਕਬੱਡੀ ਦਿਨ ਵੇਲੇ ਹੁੰਦੀ ਸੀ, ਅੱਜ-ਕੱਲ੍ਹ ਵੀ ਓਸੇ ਤਰ੍ਹਾਂ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਮੌਜੂਦਾ ਹਲਾਤਾਂ ਨੂੰ ਦੇਖਦੇ ਹੋਏ ਕਬੱਡੀ ਖਿਡਾਰੀ ਸੱਚ ਬੋਲਣ ਤੋਂ ਡਰਦੇ ਹਨ। ਤਰਸੇਮ ਸਿੰਘ ਸੰਦੌੜ ਨੇ ਦੱਸਿਆ ਕਿ ਪਹਿਲੇ ਇੰਟਰਵਿਊ ਤੋਂ ਬਾਅਦ ਕਿਵੇਂ ਉਨ੍ਹਾਂ ਨੂੰ ਧਮਕੀਆਂ ਦਾ ਸਾਹਮਣਾ ਕਰਨਾ ਪਿਆ ਸੀ। ਇਸ ਤੋਂ ਇਲਾਵਾ ਉਨ੍ਹਾਂ ਨੇ ਇਸ ਇੰਟਰਵਿਊ ਵਿੱਚ ਹੋਰ ਵੀ ਬਹੁਤ ਮਹੱਤਵਪੂਰਨ ਜਾਣਕਾਰੀ ਦਰਸ਼ਕਾਂ ਨਾਲ ਸਾਂਝੀ ਕੀਤੀ।
~ਕੁਲਵਿੰਦਰ ਕੌਰ ਬਾਜਵਾ