ਭਾਗ –54 ਡਾ ਰਣਜੀਤ ਸਿੰਘ ਦੇ ਨਾਲ ਇਹ ਇੰਟਰਵਿਊ 26 ਜੁਲਾਈ 2022 ਨੂੰ ਪ੍ਰਕਾਸ਼ਿਤ ਕੀਤੀ ਗਈ। ਜੋ ਕਿ ਅਕਸਰ ਹੀ ਸੋਸ਼ਲ ਮੀਡੀਆ ਤੇ ਟੈਸਟ ਟਿਊਬ ਬੇਬੀ ਸੈਂਟਰਾਂ ਦੇ ਖਿਲਾਫ ਅਤੇ ਅਫੀਮ,ਡੋਡੇ ਅਤੇ ਖਸਖਸ ਦੀ ਖੇਤੀ ਦੇ ਪੱਖ ਚ ਬੋਲਦੇ ਨਜ਼ਰ ਆਉਂਦੇ ਹਨ। ਉਹ ਕਹਿੰਦੇ ਹਨ ਕਿ ਪੰਜਾਬ ਵਿੱਚ ਟੈਸਟ ਟਿਊਬ ਬੇਬੀ ਸੈਂਟਰਾਂ ਦਾ ਹੋਣਾ ਪੰਜਾਬੀਆਂ ਲਈ ਚਿੰਤਾ ਦਾ ਵਿਸ਼ਾ ਹੈ। ਉਹਨਾਂ ਅਨੁਸਾਰ ਪੰਜਾਬ ਵਿੱਚ 50 ਲੱਖ ਬੰਦਾ ਅਫੀਮ ਅਤੇ ਡੋਡੇ ਖਾਂਦਾ ਹੈ ਇਸ ਲਈ ਸਰਕਾਰ ਨੂੰ ਇਨ੍ਹਾਂ ਨਸ਼ਿਆਂ ਨੂੰ ਕਾਨੂੰਨੀ ਮਾਨਤਾ ਦੇਣੀ ਚਾਹੀਦੀ ਹੈ। ਜਿਵੇਂ ਕਿ ਕੈਨੇਡਾ ਅਤੇ ਅਮਰੀਕਾ ਵਿੱਚ ਅਜਿਹੇ ਨਸ਼ੇ ਕਨੂੰਨੀ ਹਨ। ਉਹਨਾਂ ਕਿਹਾ ਕਿ ਅਜਿਹੇ ਨਸ਼ੇ ਕਰਨ ਵਾਲਾ ਇਨਸਾਨ ਦੂਜੇ ਡਰੱਗ ਲੈਣ ਵਾਲੇ ਇਨਸਾਨ ਦੀ ਤਰ੍ਹਾਂ ਕੋਈ ਕਰਾਇਮ ਨਹੀਂ ਕਰਦਾ। ਕਿਸਾਨ ਆਗੂਆਂ ਉੱਪਰ ਇਲਜ਼ਾਮ ਲਾਉਂਦਿਆਂ ਹੋਇਆਂ ਕਿਹਾ ਕਿ ਕਿਸਾਨ ਆਗੂ ਪੈਸਾ ਇਕੱਠਾ ਕਰਨ ਲਈ ਤੇ ਆਪਣੇ ਨਿੱਜੀ ਸਵਾਰਥ ਲਈ ਧਰਨਿਆਂ ਵਿੱਚ ਸ਼ਾਮਿਲ ਹੁੰਦੇ ਹਨ ਅਤੇ ਉਹ ਨਹੀਂ ਚਾਹੁੰਦੇ ਕਿ ਕਦੇ ਵੀ ਕਿਸਾਨਾਂ ਦੇ ਹਾਲਾਤ ਸੁਧਰਨ। ਉਨ੍ਹਾਂ ਕਿਹਾ ਕਿ ਕਿਸਾਨ ਆਗੂ ਪੰਜਾਬ ਦੇ ਪਾਣੀ ਦੇ ਘੱਟਦੇ ਪੱਧਰ ਬਾਰੇ ਵੀ ਕੁੱਝ ਨਹੀਂ ਕਰ ਰਹੇ। ਉਨ੍ਹਾਂ ਕਿਹਾ ਕਿ ਸਰਕਾਰ ਨੂੰ 75 % ਨੌਕਰੀਆਂ ਪੰਜਾਬ ਦੇ ਉਮੀਦਵਾਰਾਂ ਲਈ ਰਾਖਵੀਆਂ ਕਰਨੀਆਂ ਚਾਹੀਦੀਆਂ ਹਨ।
~ ਕੁਲਵਿੰਦਰ ਕੌਰ ਬਾਜਵਾ