ਭਾਗ –87 ਇਹ ਇੰਟਰਵੀਊ ਡਾਕਟਰ ਤੇਜਵੰਤ ਸਿੰਘ ਮਾਨ ਨਾਲ 6 ਅਕਤੂਬਰ 2022 ਨੂੰ ਪ੍ਰਕਾਸ਼ਿਤ ਕੀਤੀ ਗਈ। 1968 ਵਿੱਚ ਉਨ੍ਹਾਂ ਦੀ ਪਹਿਲੀ ਕਿਤਾਬ ਆਈ ਸੀ ਅਤੇ ਹੁਣ ਤਕ ਉਹ ਲਗਭਗ 65 ਕਿਤਾਬਾਂ ਲਿਖ ਚੁੱਕੇ ਹਨ। ਇੰਟਰਵਿਉ ਦੀ ਸ਼ੁਰੂਆਤ ਵਿਚ ਉਨ੍ਹਾਂ ਨੇ ਇਕ ਦੇਸ਼ ਇਕ ਬੋਲੀ ਵਾਲੇ ਵਿਵਾਦਤ ਬਿਆਨ ਤੇ ਆਪਣੀ ਰਾਏ ਦਿੱਤੀ। ਇਸ ਤੋਂ ਇਲਾਵਾ ਗੁਰਦਾਸ ਮਾਨ ਦੁਆਰਾ ਇੱਕ ਇੰਟਰਵੀਊ ਅਤੇ ਇੱਕ ਸਟੇਜ ਸ਼ੋਅ ਦੇ ਦੌਰਾਨ ਪੰਜਾਬੀ ਬੋਲੀ ਬਾਰੇ ਦਿੱਤੇ ਗਏ ਬਿਆਨ ਤੇ ਵੀ ਡਾਕਟਰ ਤੇਜਵੰਤ ਸਿੰਘ ਮਾਨ ਨੇ ਆਪਣੇ ਵਿਚਾਰ ਸਾਂਝੇ ਕੀਤੇ । ਡਾਕਟਰ ਮਾਨ ਨੇ ਕਿਹਾ ਕਿ ਬੀਜੇਪੀ ਦਾ ਇਕੋ ਇਕ ਮੁੱਦਾ ਹੈ ਕਿ ਹਿੰਦੋਸਤਾਨ ਨੂੰ ਹਿੰਦੂ ਰਾਜ ਬਣਾਇਆ ਜਾਵੇ। ਇਸ ਲਈ ਉਹ ਹਰ ਸੰਸਥਾ ਅਤੇ ਯੂਨੀਵਰਸਿਟੀ ਵਿਚ ਦਖਲ ਅੰਦਾਜੀ ਕਰਦੇ ਹਨ ਕਿਉਂਕਿ ਉਹ ਚਾਹੁੰਦੇ ਹਨ ਕਿ ਕੇਵਲ ਹਿੰਦੀ ਨੂੰ ਹੀ ਕੌਮੀ ਭਾਸ਼ਾ ਮੰਨਿਆ ਜਾਵੇ। ਜਦੋਂ ਕਿ 27 ਕੌਮੀ ਭਾਸ਼ਾਵਾਂ ਹਨ। ਉਨ੍ਹਾਂ ਨੇ ਕਿਹਾ ਕਿ ਹਿੰਦੀ ਇੱਕ ਸੰਚਾਰ ਭਾਸ਼ਾ ਹੈ ਅਤੇ ਜਿਵੇ ਭਾਰਤ ਦੇਸ਼ ਵਿੱਚ ਵਿਭਿੰਨਤਾ ਹੈ, ਵੱਖੋ ਵੱਖਰੇ ਸੂਬਿਆਂ ਦਾ ਵੱਖੋ-ਵੱਖਰਾ ਕਲਚਰ ਹੈ, ਉਸੇ ਤਰਾਂ ਹੀ ਭਾਸ਼ਾ ਵੀ ਇੱਕ ਨਹੀਂ ਹੋ ਸਕਦੀ। ਉਹਨਾਂ ਨੇ ਕਿਹਾ ਕਿ ਗੁਰਦਾਸ ਮਾਨ ਨੇ ਬਿਆਨ ਦਿੱਤਾ ਸੀ ਕਿ ਜੇਕਰ ਪੰਜਾਬੀ ਮਾਂ ਬੋਲੀ ਹੈ ਤਾਂ ਹਿੰਦੀ ਭਾਸ਼ਾ ਮਾਸੀ ਹੈ, ਇਸ ਬਿਆਨ ਬਾਰੇ ਉਨ੍ਹਾਂ ਕਿਹਾ ਕਿ ਇਹ ਬਿਲਕੁਲ ਗਲਤ ਹੈ ਅਤੇ ਇਸ ਦਾ ਵਿਰੋਧ ਕਰਨਾ ਬਣਦਾ ਸੀ। ਉਨ੍ਹਾਂ ਕਿਹਾ ਕਿ ਹੰਸ ਰਾਜ ਹੰਸ ਦੀ ਤਰ੍ਹਾਂ ਗੁਰਦਾਸ ਮਾਨ ਵੀ ਬੀਜੇਪੀ ਨੂੰ ਖੁਸ਼ ਕਰਨਾ ਚਾਹੁੰਦਾ ਸੀ। ਕਿਉਂਕਿ ਹੰਸ ਰਾਜ ਹੰਸ ਕਹਿੰਦਾ ਸੀ ਕਿ ਨਹਿਰੂ ਯੂਨੀਵਰਸਿਟੀ ਦਾ ਨਾਮ ਬਦਲ ਕੇ ਮੋਦੀ ਯੂਨੀਵਰਸਿਟੀ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬੀ ਯੂਨੀਵਰਸਿਟੀ ਦੇ ਵੀ ਸੀ ਨੂੰ ਕੇਂਦਰ ਨੇ ਪੰਜਾਬੀ ਦਾ ਹਿੰਦੀਕਰਣ ਕਰਨ ਦੀ ਹਦਾਇਤ ਵੀ ਕੀਤੀ। ਉਨ੍ਹਾਂ ਨੇ ਕਿਹਾ ਕਿ ਪੰਜਾਬੀ ਭਾਸ਼ਾ 800 ਈਸਵੀ ਤੋਂ ਚਲੀ ਆ ਰਹੀ ਭਾਸ਼ਾ ਹੈ ਜੋ ਕਿ ਗੁਰੂ ਨਾਨਕ ਦੇਵ ਜੀ ਦੇ ਸਮੇਂ ਤੋਂ 600 ਸਾਲ ਪਹਿਲਾਂ ਦੀ ਗੱਲ ਹੈ। ਇਸ ਇੰਟਰਵਿਊ ਵਿਚ ਉਨ੍ਹਾਂ ਨੇ ਪੰਜਾਬੀ ਬੋਲੀ ਅਤੇ ਲਿਪੀ ਬਾਰੇ ਵਿਸਥਾਰ ਪੂਰਵਕ ਵਿਚਾਰ ਚਰਚਾ ਵੀ ਕੀਤੀ। ਬਲਰਾਜ ਸਾਹਨੀ ਅਤੇ ਖੁਸ਼ਵੰਤ ਸਿੰਘ ਬਾਰੇ ਉਨ੍ਹਾਂ ਕਿਹਾ ਕਿ ਉਹ ਆਪਣੀਆਂ ਲਿਖਤਾਂ ਪੰਜਾਬ ਵਿੱਚ ਨਹੀਂ ਲਿਖਦੇ ਸਨ ਕਿਉਂਕਿ ਉਹ ਸਿਰਜਨਾਤਮਕ ਲਿਖਣ ਦੀ ਬਜਾਏ ਵਪਾਰੀਕਰਨ ਨਜ਼ਰੀਏ ਨਾਲ ਜ਼ਿਆਦਾ ਲਿਖਦੇ ਸਨ। ਅਖੀਰ ਸੁਰਜੀਤ ਪਾਤਰ ਦੀ ਗੱਲ ਕਰਦਿਆਂ ਹੋਇਆਂ ਉਨ੍ਹਾਂ ਨੇ ਸਾਹਿਤ ਦੀ ਮਹੱਤਤਾ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ।
~ਕੁਲਵਿੰਦਰ ਕੌਰ ਬਾਜਵਾ