ਭਾਗ –69 ਬੀਜੇਪੀ ਦੇ ਆਗੂ ਅਤੇ ਕਲਾਕਾਰ ਜੱਸੀ ਜਸਰਾਜ ਦੀ ਇਹ ਇੰਟਰਵੀਊ 27 ਅਗਸਤ 2022 ਨੁੰ ਪ੍ਰਕਾਸ਼ਿਤ ਕੀਤੀ ਗਈ। ਪੱਤਰਕਾਰ ਦੁਆਰਾ ਇੰਟਰਵਿਉ ਦੀ ਸ਼ੁਰੂਆਤ ਵਿੱਚ ਹੀ ਜੱਸੀ ਜਸਰਾਜ ਨੂੰ ਬੀਜੇਪੀ ਦੁਆਰਾ ਲੋਕਾਂ ਵਿੱਚ ਧਰਮਾਂ ਦੇ ਅਧਾਰ ਤੇ ਪਾੜ ਪਾਉਣ ਵਾਲੇ ਮਨਸੂਬੇ ਬਾਰੇ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਇਹ ਗਲਤ ਧਾਰਨਾ ਲੋਕਾਂ ਵਿਚ ਜਾਣ-ਬੁੱਝ ਕੇ ਫੈਲਾਈ ਗਈ ਹੈ। ਕਿਉਂਕਿ ਜਦੋਂ ਕਿਸੇ ਕੋਲ ਬੀਜੇਪੀ ਨੂੰ ਬਦਨਾਮ ਕਰਨ ਲਈ ਕੋਈ ਹੋਰ ਤਰੀਕਾ ਨਹੀਂ ਹੁੰਦਾ ਤਾਂ ਅਜਿਹੀਆਂ ਗਲਤ ਫਹਿਮੀਆਂ ਪੈਦਾ ਕੀਤੀਆਂ ਜਾਂਦੀਆਂ ਹਨ। ਉਨ੍ਹਾਂ ਕਿਹਾ ਕਿ ਜਦੋਂ ਬੀਜੇਪੀ ਅਕਾਲੀ ਦਲ ਦੇ ਨਾਲ ਗਠਜੋੜ ਵਿਚ ਸੀ ਤਾਂ ਉਦੋਂ ਅਜਿਹੀਆਂ ਗੱਲਾਂ ਕਦੇ ਵੀ ਫੈਲਾਈਆਂ ਨਹੀ ਗਈਆਂ ਸਨ ਫੇਰ ਹੁਣ ਕਿਉਂ? 15 ਅਗਸਤ ਮੌਕੇ ਗੀਤ ਰਿਲੀਜ਼ ਕਰਨ ਬਾਰੇ ਜੱਸੀ ਜਸਰਾਜ ਨੇ ਕਿਹਾ ਕਿ ਉਹ ਰਾਸ਼ਟਰੀ ਝੰਡੇ ਦਾ ਸਨਮਾਨ ਧਰਮ ਦੇ ਬਰਾਬਰ ਕਰਦੇ ਹਨ। ਇਸ ਤੋਂ ਇਲਾਵਾ ਉਹਨਾਂ ਨੇ ਆਪਣੇ ਗੀਤ “ਤੇਜ਼ਾਬ 1984” ਬਾਰੇ ਵੀ ਗੱਲਬਾਤ ਕੀਤੀ। ਜੱਸੀ ਜਸਰਾਜ ਨੇ ਕਿਹਾ ਕਿ ਬੀਜੇਪੀ ਦੀ ਸਿੱਖਾਂ ਨਾਲ ਕੋਈ ਲੜਾਈ ਨਹੀਂ ਹੈ। ਪੱਤਰਕਾਰ ਨੇ ਜੱਸੀ ਜਸਰਾਜ ਨੂੰ ਪੁੱਛਿਆ ਕਿ ਬੀਜੇਪੀ ਸਿੱਖਾਂ ਨੂੰ 1984 ਦਾ ਇਨਸਾਫ ਜਾਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਇਨਸਾਫ ਦਿਵਾਉਣ ਵਿਚ ਕਾਮਯਾਬ ਕਿਉਂ ਨਹੀਂ ਹੋਈ? ਜੱਸੀ ਜਸਰਾਜ ਨੇ ਇਹ ਦਾਅਵਾ ਕੀਤਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਿੱਖਾਂ ਦੇ ਹੱਕ ਵਿਚ ਹਮੇਸ਼ਾ ਖੜੇ ਹੁੰਦੇ ਹਨ ਅਤੇ ਪੰਜਾਬ ਦੇ ਭਲੇ ਲਈ ਹਰ ਕੰਮ ਕਰਦੇ ਹਨ। ਪੱਤਰਕਾਰ ਨੇ ਉਨ੍ਹਾਂ ਨੂੰ ਸਵਾਲ ਕੀਤਾ ਕਿ ਜੇਕਰ ਨਰਿੰਦਰ ਮੋਦੀ ਸਿੱਖ ਧਰਮ ਦਾ ਸਤਿਕਾਰ ਕਰਦੇ ਹਨ ਤਾਂ 26 ਜਨਵਰੀ ਵਾਲੇ ਦਿਨ ਲਾਲ ਕਿਲੇ ਤੇ ਕੇਸਰੀ ਝੰਡਾ ਝੁਲਾਉਣ ਕਾਰਨ ਸਿੱਖਾਂ ਨੂੰ ਗਦਾਰ ਕਿਉਂ ਕਿਹਾ ਗਿਆ ਸੀ? ਜੱਸੀ ਜਸਰਾਜ ਨੇ ਕਿਹਾ ਕਿ ਆਰ ਐਸ ਐਸ ਹਿੰਦੂਆਂ ਦੀ ਧਾਰਮਿਕ ਸੰਸਥਾ ਹੈ ਜੋ ਕਿ ਬੀਜੇਪੀ ਦੇ ਨਾਲ ਰਲ ਕੇ ਚਲਦੀ ਹੈ। ਗੱਲਬਾਤ ਕਰਦਿਆਂ ਉਨ੍ਹਾਂ ਨੇ ਕਿਹਾ ਕਿ ਕੇਜਰੀਵਾਲ ਨੇ ਸਾਰੇ ਮੀਡੀਆ ਨੂੰ ਰਿਸ਼ਵਤ ਦਿੱਤੀ ਹੋਈ ਹੈ ਅਤੇ ਮੀਡੀਆ ਉਨ੍ਹਾਂ ਦੇ ਹੱਕ ਵਿੱਚ ਬੋਲਦਾ ਹੈ। ਭਗਵੰਤ ਮਾਨ ਦੀ ਸਰਕਾਰ ਦੀਆਂ ਨਾਕਾਮੀਆਂ ਬਾਰੇ ਉਨ੍ਹਾਂ ਕਿਹਾ ਕਿ ਸਰਕਾਰ ਕਰੋੜਾਂ ਰੁਪਇਆ ਸਿਰਫ ਮਸ਼ਹੂਰੀਆਂ ਤੇ ਖਰਚ ਰਹੀ ਹੈ ਨਾ ਕਿ ਪੰਜਾਬ ਦੀ ਭਲਾਈ ਦੇ ਕੰਮਾਂ ਲਈ। ਅਖੀਰ ਬੀਜੇਪੀ ਦੀ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਬੀਜੇਪੀ ਯੋਜਨਾਬੱਧ ਢੰਗ ਨਾਲ ਪੰਜਾਬ ਵਿੱਚ ਆਪਣਾ ਢਾਂਚਾ ਸੁਧਾਰਨ ਵਿਚ ਲਗੀ ਹੋਈ ਹੈ ਅਤੇ ਪੰਜਾਬ ਦੀ ਤਰੱਕੀ ਲਈ ਕੰਮ ਵੀ ਕਰੇਗੀ।
~ਕੁਲਵਿੰਦਰ ਕੌਰ ਬਾਜਵਾ