ਭਾਗ –82 ਇਹ ਇੰਟਰਵੀਊ ਪੰਜਾਬੀ ਗਾਇਕਾ ਜੈਨੀ ਜੋਹਲ ਨਾਲ 25 ਸਤੰਬਰ 2022 ਨੂੰ ਪ੍ਰਕਾਸ਼ਿਤ ਕੀਤੀ ਗਈ। ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਜੈਨੀ ਜੌਹਲ ਇਨਸਾਫ ਲਈ ਆਪਣੇ ਸੋਸ਼ਲ ਮੀਡੀਆ ਤੇ ਪੋਸਟਾਂ ਪਾ ਕੇ ਅਤੇ ਆਪਣੇ ਗਾਣਿਆਂ ਰਾਹੀਂ ਲੋਕਾਂ ਨੂੰ ਜਾਗਰੂਕ ਕਰ ਰਹੀ ਹੈ। ਜੈਨੀ ਜੌਹਲ ਨੇ ਦੱਸਿਆ ਕਿ ਸੱਚ ਬੋਲਣ ਦੀ ਸਿਖਿਆ ਉਸ ਨੂੰ ਆਪਣੇ ਪਰਿਵਾਰ ਤੋਂ ਮਿਲੀ ਸੀ ਅਤੇ ਦੱਸਿਆ ਗਿਆ ਸੀ ਕਿ ਸੱਚ ਦੇ ਰਾਹ ਵਿਚ ਕਈ ਔਕੜਾਂ ਵੀ ਆਉਣਗੀਆਂ। ਜੈਨੀ ਜੌਹਲ ਨੇ ਸਵਾਲ ਚੁੱਕਿਆ ਕਿ ਜੋ ਲੋਕ ਸਿੱਧੂ ਦੇ ਨਜ਼ਦੀਕ ਸਨ ਅਤੇ ਉਸ ਨਾਲ ਕੰਮ ਕਰਕੇ ਪ੍ਰਸਿੱਧ ਹੋਏ ਸਨ ਹੁਣ ਉਹ ਸਿੱਧੂ ਮੂਸੇਵਾਲਾ ਦੇ ਮਾਂ-ਬਾਪ ਦੇ ਨਾਲ ਖੜ੍ਹੇ ਕਿਉਂ ਨਹੀਂ ਹੋ ਰਹੇ? ਜੈਨੀ ਜੌਹਲ ਨੇ ਕਿਹਾ ਕਿ ਕਦੇ ਸੋਚਿਆ ਵੀ ਨਹੀਂ ਸੀ ਜਾ ਸਕਦਾ ਕਿ ਸਿੱਧੂ ਮੂਸੇਵਾਲਾ ਨਾਲ ਅਜਿਹਾ ਕੁਝ ਹੋਵੇਗਾ। ਉਨ੍ਹਾਂ ਕਿਹਾ ਕਿ ਸਿੱਧੂ ਮੂਸੇਵਾਲਾ ਵਾਂਗੂ ਉਸਦੀ ਵੀ ਮਿਊਜ਼ਿਕ ਇੰਡਸਟਰੀ ਵਿੱਚ ਕਿਸੇ ਨਾਲ ਨਹੀਂ ਬਣਦੀ ਸੀ। ਜੈਨੀ ਜੌਹਲ ਨੇ ਦੱਸਿਆ ਕਿ ਉਸ ਦੇ ਖਿਲਾਫ ਵੀ ਕੁਝ ਲੋਕਾਂ ਵੱਲੋਂ ਸਾਜ਼ਿਸ਼ ਕਰ ਕੇ ਉਸ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਗਈ ਸੀ। ਉਸ ਔਖੇ ਸਮੇਂ ਵਿਚ ਸਿੱਧੂ ਮੂਸੇਵਾਲਾ ਉਸ ਨਾਲ ਖੜੇ ਹੋਏ ਅਤੇ ਉਸ ਨਾਲ ਕੰਮ ਵੀ ਕੀਤਾ। ਜੈਨੀ ਜੌਹਲ ਨੇ ਦੱਸਿਆ ਕਿ ਸਿੱਧੂ ਮੂਸੇ ਵਾਲਾ ਹਰ ਉਸ ਇਨਸਾਨ ਦੀ ਮਦਦ ਵੀ ਕਰਦਾ ਸੀ ਜਿਸ ਦਾ ਕਰੀਅਰ ਤੱਕ ਖਤਮ ਹੋ ਗਿਆ ਹੁੰਦਾ ਸੀ ਅਤੇ ਅੱਜ ਓਹੀ ਲੋਕ ਉਸ ਨੂੰ ਇਨਸਾਫ ਲਈ ਬੋਲ ਤੱਕ ਨਹੀਂ ਰਹੇ ਹਨ। ਜੈਨੀ ਜੌਹਲ ਨੇ ਦੱਸਿਆ ਕਿ ਸਿੱਧੂ ਮੂਸੇਵਾਲਾ ਦੀ ਮੌਤ ਨੇ ਉਨ੍ਹਾਂ ਦੀ ਸੋਚ ਨੂੰ ਬਹੁਤ ਪ੍ਰਭਾਵਿਤ ਕੀਤਾ ਅਤੇ ਉਹ ਗੀਤ ਲਿਖਣ ਸਮੇਂ ਉਸਦੇ ਦਿਮਾਗ ਵਿੱਚ ਸਿੱਧੂ ਹੀ ਚੱਲਦਾ ਸੀ। ਜੈਨੀ ਜੌਹਲ ਆਪਣੇ ਸੋਸ਼ਲ ਮੀਡੀਆ ‘ਤੇ ਦੀਪ ਸਿੱਧੂ,ਸੰਦੀਪ ਨੰਗਲ ਅੰਬੀਆਂ ਅਤੇ ਸਿੱਧੂ ਮੂਸੇਵਾਲਾ ਦੇ ਲਈ ਇਨਸਾਫ਼ ਲਈ ਪੋਸਟਾਂ ਪਾਉਂਦੀ ਰਹਿੰਦੀ ਹੈ। ਇਨਸਾਫ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਇੱਥੇ ਸਾਰਾ ਰਾਜਨੀਤਕ ਢਾਂਚਾ ਹੀ ਭ੍ਰਿਸ਼ਟ ਹੋਇਆ ਹੈ। ਅਖੀਰ ਉਸ ਨੇ ਸਿੱਧੂ ਮੂਸੇਵਾਲਾ ਨੂੰ ਸਮਰਪਿਤ ਇਨਸਾਫ ਲਈ ਜੋ ਗੀਤ ਲਿਖਿਆ ਸੀ ਉਹ ਗਾ ਕੇ ਸੁਣਾਇਆ।
~ਕੁਲਵਿੰਦਰ ਕੌਰ ਬਾਜਵਾ