ਜਸਕਰਨ ਸਿੰਘ ਕਾਹਨ ਸਿੰਘ ਵਾਲਾ

ਭਾਗ – 30 ਇਹ ਇੰਟਰਵਿਊ 25 ਜੂਨ 2022 ਨੂੰ ਜਸਕਰਨ ਸਿੰਘ ਕਾਹਨ ਸਿੰਘ ਵਾਲਾ ਦੇ ਨਾਲ ਸਿੱਧੂ ਮੂਸੇਵਾਲਾ ਦੇ ਕਤਲ ਦੇ ਬਾਰੇ ਵਿਚਾਰ ਚਰਚਾ ਕਰਨ ਲਈ ਕੀਤੀ ਗਈ। 29 ਮਈ ਨੂੰ ਸਿੱਧੂ ਮੂਸੇਵਾਲਾ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ ਜਿਸ ਤੋਂ ਪਹਿਲਾਂ 28 ਮਈ ਨੂੰ ਜਸਕਰਨ ਸਿੰਘ ਦੀ ਉਹਨਾਂ ਨਾਲ ਮੁਲਾਕਾਤ ਹੋਈ ਸੀ। ਜਸਕਰਨ ਸਿੰਘ ਨੇ ਮੁਲਾਕਾਤ ਬਾਰੇ ਅਤੇ ਸਿੱਧੂ ਮੂਸੇਵਾਲਾ ਦੀ ਸਖਸ਼ੀਅਤ ਬਾਰੇ ਖੁੱਲ ਕੇ ਦਰਸ਼ਕਾਂ ਨਾਲ ਗੱਲਬਾਤ ਕੀਤੀ। ਜਸਕਰਨ ਸਿੰਘ ਨੇ ਕਿਹਾ ਕਿ ਇੰਜੀਨੀਅਰ ਹੋਣ ਦੇ ਨਾਲ-ਨਾਲ ਸਿੱਧੂ ਮੂਸੇ ਵਾਲਾ ਅਣਖ ਨਾਲ ਜਿਉਣ ਵਾਲਾ ਇਨਸਾਨ ਸੀ ਜੋ ਆਪਣੇ ਗੀਤਾਂ ਵਿਚ ਸੱਚਾਈ ਲਿਖਦਾ ਸੀ। ਜਿਸ ਨੂੰ ਬੱਚੇ ਤੋਂ ਲੈ ਕੇ ਬੁੱਢੇ ਤੱਕ, ਦੇਸ਼ ਤੋਂ ਲੈ ਕੇ ਵਿਦੇਸ਼ ਤੱਕ, ਬਾਲੀਵੁੱਡ ਤੋਂ ਲੈ ਕੇ ਹਾਲੀਵੁੱਡ ਤੱਕ ਸੱਭ ਪਿਆਰ ਕਰਦੇ ਹਨ। ਇਹ ਪ੍ਰਸਿੱਧੀ ਸਿੱਧੂ ਮੂਸੇਵਾਲਾ ਦੀ ਮੌਤ ਦਾ ਕਾਰਨ ਬਣ ਗਈ। ਜਸਕਰਨ ਸਿੰਘ ਨੇ ਕਿਹਾ ਕਿ ਸਿੱਧੂ ਮੂਸੇਵਾਲਾ ਹਮੇਸ਼ਾ ਹੀ ਨਵੇਂ ਟੈਲੰਟ ਨੂੰ ਸਪੋਰਟ ਕਰਦਾ ਸੀ ਅਤੇ ਉਹ ਹਮੇਸ਼ਾ ਪੰਜਾਬ, ਸ਼ਸਤਰਾਂ ਅਤੇ ਆਪਣੀ ਪੱਗ ਨੂੰ ਗਾਣਿਆਂ ਵਿੱਚ ਪ੍ਰਮੋਟ ਕਰਦਾ ਸੀ ਨਾ ਕਿ ਲੱਚਰਤਾ ਨੂੰ। ਜਸਕਰਨ ਸਿੰਘ ਨੇ ਕਿਹਾ ਕਿ ਜਦੋਂ ਸਿੱਧੂ ਮੂਸੇਵਾਲਾ ਦਾ ਮਾਈ ਭਾਗੋ ਬਾਰੇ ਗੀਤ ਰਿਲੀਜ਼ ਹੋਣ ਉਪਰੰਤ ਵਿਵਾਦ ਹੋਇਆ ਸੀ ਤਾਂ ਅਸੀਂ ਉਸ ਨੂੰ ਸਪੋਰਟ ਕੀਤਾ ਸੀ। ਸਿੱਧੂ ਮੂਸੇਵਾਲਾ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦਾ ਪ੍ਰਸ਼ੰਸਕ ਸੀ। ਇਸ ਤੋਂ ਬਾਅਦ ਜਸਕਰਨ ਸਿੰਘ ਨੇ ਸਿੱਧੂ ਮੂਸੇਵਾਲਾ ਦੇ ਨਾਲ ਮੁਲਾਕਾਤ ਵੇਲੇ ਦੇ ਹਾਵ-ਭਾਵ ਅਤੇ ਗੱਲ-ਬਾਤ ਵਿਸਥਾਰ ਪੂਰਵਕ ਦਰਸ਼ਕਾਂ ਨਾਲ ਸਾਂਝੀਆਂ ਕੀਤੀਆਂ। ਮੁਲਾਕਾਤ ਦੌਰਾਨ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਬਾਰੇ, ਖ਼ਾਲਿਸਤਾਨ ਦੇ ਰਾਜ ਬਾਰੇ, ਆਮ ਆਦਮੀ ਪਾਰਟੀ ਬਾਰੇ ਅਤੇ ਸਿੱਖਾਂ ਨਾਲ ਹੋ ਰਹੀਆਂ ਵਧੀਕੀਆਂ ਬਾਰੇ ਗੱਲਬਾਤ ਹੋਈ ਸੀ। ਸਿੱਧੂ ਮੂਸੇਵਾਲਾ ਨੇ ਆਪਣਾ ਪੰਜਾਬ ਦੇ ਪਾਣੀਆਂ ਉਪਰ ਲਿਖਿਆ ਇਕ ਗੀਤ ਵੀ ਉਨ੍ਹਾਂ ਨੂੰ ਸੁਣਾਇਆ ਸੀ। ਕੁੱਲ ਮਿਲਾ ਕੇ ਸਾਰੀ ਮੁਲਾਕਾਤ ਕੌਮ ਅਤੇ ਪੰਜਾਬ ਦੇ ਮੁੱਦਿਆਂ ਬਾਰੇ ਰਹੀ। ਜਸਕਰਨ ਸਿੰਘ ਨੇ ਸਿਸਟਮ ਨੂੰ ਸਿੱਧੂ ਮੂਸੇਵਾਲਾ ਦੀ ਮੌਤ ਦਾ ਜ਼ਿੰਮੇਦਾਰ ਦੱਸਿਆ ਅਤੇ ਭਗਵੰਤ ਮਾਨ ਦਾ ਸਿੱਧੂ ਮੂਸੇਵਾਲਾ ਦੀ ਸਕਿਓਰਟੀ ਵਾਪਸ ਲੈਣ ਦਾ ਫ਼ੈਸਲਾ ਵੀ ਗ਼ਲਤ ਦੱਸਿਆ। ਉਹਨਾਂ ਦੱਸਿਆ ਕਿ ਸਿੱਧੂ ਮੂਸੇਵਾਲਾ ਜ਼ਿਮਨੀ ਚੋਣਾਂ ਵਿਚ ਸਿਮਰਨਜੀਤ ਸਿੰਘ ਮਾਨ ਨੂੰ ਸਪੋਰਟ ਕਰਨਾ ਚਾਹੁੰਦੇ ਸਨ। ਉਨ੍ਹਾਂ ਨੇ ਕਿਹਾ ਕਿ ਸਿੱਧੂ ਮੂਸੇਵਾਲਾ ਦੇ ਕਤਲ ਦੀ ਜਾਂਚ UNO ਤੋਂ ਹੋਣੀ ਚਾਹੀਦੀ ਹੈ। ਅਖੀਰ ਵਿੱਚ ਜਸਕਰਨ ਸਿੰਘ ਨੇ ਬਹੁਤ ਜੋਸ਼ੀਲੇ ਅਤੇ ਬੇਬਾਕ ਤਰੀਕੇ ਨਾਲ ਉਹਨਾਂ ਪੱਤਰਕਾਰਾਂ ਨੂੰ ਜੁਆਬ ਦਿੱਤਾ ਜੋ ਉਨ੍ਹਾਂ ਦੀ ਸਿੱਧੂ ਮੂਸੇਵਾਲਾ ਨਾਲ ਮੁਲਾਕਾਤ ਨੂੰ ਨਕਰਾਤਮਕ ਢੰਗ ਨਾਲ ਪੇਸ਼ ਕਰਨ ਦੀ ਕੋਸ਼ਿਸ਼ ਕਰ ਰਹੇ ਸਨ।

– ਕੁਲਵਿੰਦਰ ਕੌਰ ਬਾਜਵਾ

Leave a Comment

Your email address will not be published. Required fields are marked *