ਭਾਗ –65 ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਜਥੇਦਾਰ ਕਰਨੈਲ ਸਿੰਘ ਪੰਜੋਲੀ ਨਾਲ ਇਹ ਇੰਟਰਵਿਊ 19 ਅਗਸਤ 2022 ਨੂੰ ਪ੍ਰਕਾਸ਼ਿਤ ਕੀਤੀ ਗਈ। ਇਸ ਇੰਟਰਵਿਊ ਵਿਚ ਉਨ੍ਹਾਂ ਨਾਲ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਰਾਜਨੀਤੀ ਦੇ ਅਤੀਤ, ਵਰਤਮਾਨ ਅਤੇ ਭਵਿੱਖ ਬਾਰੇ ਵਿਚਾਰ ਚਰਚਾ ਕੀਤੀ ਗਈ। ਸ਼੍ਰੋਮਣੀ ਅਕਾਲੀ ਦਲ ਉੱਪਰ ਲੱਗੇ ਇਲਜਾਮਾਂ ਬਾਰੇ ਗੱਲਬਾਤ ਕਰਦਿਆਂ ਕਰਨੈਲ ਸਿੰਘ ਪੰਜੋਲੀ ਨੇ ਕਿਹਾ ਕਿ ਅਕਾਲੀ ਦਲ ਨੇ ਪੰਜਾਬ ਲਈ ਬਹੁਤ ਕੁਰਬਾਨੀਆਂ ਕੀਤੀਆਂ ਸਨ ਅਤੇ ਜੱਦੋ-ਜਹਿਦ ਕੀਤੀ ਸੀ । ਪਰ ਸ਼੍ਰੋਮਣੀ ਅਕਾਲੀ ਦਲ ਨੂੰ ਆਪਣੀਆਂ ਗਲਤੀਆਂ ਤੇ ਪਰਦਾ ਪਾਉਣ ਦੀ ਬਜਾਏ ਉਨ੍ਹਾਂ ਨੂੰ ਸੁਧਾਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਬਾਦਲਾਂ ਦੁਆਰਾ ਆਪਣੀ ਸਰਕਾਰ ਦੇ ਸਮੇਂ ਪੰਜਾਬ ਦੀ ਤਰੱਕੀ ਲਈ ਬਹੁਤ ਕੁਝ ਕੀਤਾ ਗਿਆ, ਬਹੁਤ ਸਾਰੀਆਂ ਇਤਿਹਾਸਿਕ ਇਮਾਰਤਾਂ ਬਣਾਈਆਂ ਗਈਆਂ ਪਰ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਵੀ ਉਹਨਾਂ ਦੇ ਸਮੇਂ ਹੀ ਹੋਈ ਸੀ । ਇਨਸਾਫ ਲੈਣ ਲਈ ਧਰਨਾ ਪ੍ਰਦਰਸ਼ਨ ਕਰ ਰਹੇ ਸਿੱਖਾਂ ਤੇ ਗੋਲੀਆਂ ਚਲਾਈਆਂ ਅਤੇ ਝੂਠੇ ਮੁਕੱਦਮੇ ਚਲਾਏ ਗਏ। ਉਨ੍ਹਾਂ ਕਿਹਾ ਕਿ ਉਹ ਕਦੇ ਵੀ ਬਾਦਲਾਂ ਦੇ ਨਜ਼ਦੀਕੀ ਨਹੀਂ ਰਹੇ ਸਨ ਸਗੋਂ ਗੁਰਚਰਨ ਸਿੰਘ ਟੌਹੜਾ ਨੇ ਦੇ ਕਰੀਬੀ ਸਨ। ਉਹਨਾਂ ਕਿਹਾ ਕਿ ਜਦੋਂ ਬਾਦਲ ਅਸੀਂ ਟੌਹੜਾ ਵੱਖ ਹੋਏ ਸਨ ਤਾਂ ਉਹ ਗੁਰਚਰਨ ਸਿੰਘ ਟੌਹੜਾ ਨਾਲ ਚਲੇ ਗਏ ਸਨ। ਅੰਮ੍ਰਿਤਸਰ ਵਿਖੇ ਹੋਈ ਮੀਟਿੰਗ, ਜਿਸਦੀਆਂ ਤਸਵੀਰਾਂ ਵਾਇਰਲ ਹੋਈਆਂ ਸਨ ਬਾਰੇ ਉਨ੍ਹਾਂ ਕਿਹਾ ਕਿ ਉਹ ਸਿਰਫ ਇੱਕ ਸਬੱਬ ਸੀ ਅਤੇ ਮੀਟਿੰਗ ਵਿੱਚ ਇਹ ਵਿਚਾਰ ਹੋਈ ਸੀ ਕਿ ਸੁਖਬੀਰ ਬਾਦਲ ਨੂੰ ਪਿੱਛੇ ਹੱਟ ਜਾਣਾ ਚਾਹੀਦਾ ਹੈ ਅਤੇ ਨਵੀਂ ਪ੍ਰਧਾਨਗੀ ਹੋਣੀ ਚਾਹੀਦੀ ਹੈ। ਆਪਣੀ ਰਾਇ ਦਿੰਦੇ ਹੋਏ ਕਰਨੈਲ ਸਿੰਘ ਪੰਜੋਲੀ ਨੇ ਕਿਹਾ ਕਿ ਸਮੂਹ ਸ਼੍ਰੋਮਣੀ ਅਕਾਲੀ ਦਲ ਨੂੰ ਆਪਣੇ ਅਹੁਦਿਆਂ ਤੋਂ ਅਸਤੀਫ਼ਾ ਦੇ ਕੇ ਅਕਾਲ ਤਖ਼ਤ ਸਾਹਿਬ ਵਿਖੇ ਨਤਮਸਤਕ ਹੋ ਕੇ ਖਿਮਾ ਮੰਗਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਵਿੱਚ ਕੁਝ ਅਜਿਹੇ ਵਿਅਕਤੀ ਵੀ ਹਨ ਜੋ ਬਹੁਤ ਹੀ ਖੁਦਗਰਜ਼ ਹਨ ਅਤੇ ਆਪਣੇ ਫਾਇਦੇ ਲਈ ਸੁਖਬੀਰ ਸਿੰਘ ਬਾਦਲ ਦੀ ਚਾਪਲੂਸੀ ਕਰਦੇ ਹਨ। ਪਾਰਟੀ ਦਾ ਜਥੇਬੰਧਕ ਢਾਂਚਾ ਵੀ ਭੰਗ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਕੁਝ ਲੀਡਰਾਂ ਦਾ ਰੋਲ ਪੰਥ ਪ੍ਰਵਾਣ ਨਹੀਂ ਕਰ ਰਿਹਾ ਇਸ ਲਈ ਇਤਿਹਾਸ ਵਿੱਚ ਉਨ੍ਹਾਂ ਦਾ ਰੋਲ ਨਾਂਹ-ਪੱਖੀ ਲਿਖਿਆ ਜਾਵੇਗਾ ਇਸ ਲਈ ਸ਼੍ਰੋਮਣੀ ਅਕਾਲੀ ਦਲ ਨੂੰ ਕੁਰਬਾਨੀ ਅਤੇ ਤਿਆਗ ਕਰਨ ਦੀ ਜ਼ਰੂਰਤ ਹੈ। ਇਸ ਦੇ ਨਾਲ ਉਨ੍ਹਾਂ ਇਹ ਵੀ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੂੰ BJP ਦੀਆਂ ਗਲਤੀਆਂ ਦੀ ਹਿਮਾਇਤ ਨਹੀਂ ਕਰਨੀ ਚਾਹੀਦੀ ਸੀ। ਉਨ੍ਹਾਂ ਕਿਹਾ ਕਿ ਇਸ ਗੱਲ ਵਿਚ ਕੋਈ ਸ਼ੱਕ ਨਹੀਂ ਹੈ ਕਿ ਕੁੱਝ ਲੋਕਾਂ ਦੇ ਸਵਾਰਥ ਕਰਕੇ ਪਾਰਟੀ ਦਾ ਨੁਕਸਾਨ ਹੋਇਆ ਹੈ। ਅਖੀਰ ਉਨ੍ਹਾਂ ਕਿਹਾ ਕਿ ਉਹ ਹਮੇਸ਼ਾ ਪੰਥ ਦੀ ਸੇਵਾ ਕਰਨਗੇ ਅਤੇ ਆਪਣਾ ਜੀਵਨ ਧਰਮ ਦੇ ਲੇਖੇ ਲਾਉਣਗੇ ।
~ਕੁਲਵਿੰਦਰ ਕੌਰ ਬਾਜਵਾ