ਜਗਤਾਰ ਸਿੰਘ ਅਨਜਾਣ

ਭਾਗ – 20 ਇਹ ਇੰਟਰਵੀਊ 14 ਮਈ 2022 ਨੂੰ ਜਗਤਾਰ ਸਿੰਘ ਅਨਜਾਣ ਨਾਲ ਕੀਤੀ ਗਈ ਜੋ ਕਿ ਇੱਕ ਕਿਸਾਨ ਹਨ। ਇੰਟਰਵਿਊ ਦੀ ਸ਼ੁਰੂਆਤ ਵਿਚ ਉਨ੍ਹਾਂ ਨੇ ਦੱਸਿਆ ਕਿ ਅੱਜ ਕੱਲ੍ਹ ਲੋਕ ਕੰਮ ਨਹੀਂ ਕਰਨਾ ਚਾਹੁੰਦੇ ਅਤੇ ਖੇਤਾਂ ਵਿਚ ਕੰਮ ਕਰਨ ਲਈ ਮਜ਼ਦੂਰ ਵੀਂ ਨਹੀਂ ਮਿਲਦੇ। ਉਨ੍ਹਾਂ ਕਿਹਾ ਕਿ ਪਹਿਲੇ ਸਮੇਂ ਵਿਚ ਲੋਕ ਮਿਹਨਤਕਸ਼ ਸਨ ਪਰ ਹੁਣ ਨੌਜਵਾਨ ਖੇਤਾਂ ਵਿੱਚ ਕੰਮ ਕਰਨ ਵਿੱਚ ਰੁਚੀ ਨਹੀਂ ਰੱਖਦੇ। ਜਗਤਾਰ ਸਿੰਘ ਨੇ ਆਪਣੇ ਮਧੂ ਮੱਖੀ ਪਾਲਣ ਦੇ ਕੰਮ ਬਾਰੇ ਵੀ ਦੱਸਿਆ। ਉਨ੍ਹਾਂ ਕਿਹਾ ਕਿ ਪਹਿਲੇ ਸਮੇਂ ਵਿਚ ਲੋਕ ਇਕ-ਦੂਜੇ ਨਾਲ ਕੰਮ ਵਿੱਚ ਯੋਗਦਾਨ ਕਰਦੇ ਸਨ ਪਰ ਅੱਜ ਕੱਲ੍ਹ ਲੋਕ ਇਕ ਦੂਜੇ ਤੋਂ ਇਰਖਾ ਕਰਦੇ ਹਨ। ਉਹਨਾਂ ਕਿਹਾ ਕਿ ਦੁਨੀਆਂ ਵਿਚ ਮਿਹਨਤ ਕਰਨ ਵਾਲੇ ਇਨਸਾਨ ਲਈ ਕੰਮ ਦੀ ਘਾਟ ਨਹੀਂ ਹੈ ਪਰ ਬੰਦੇ ਵਿੱਚ ਆਲਸਪੁਣਾ ਨਹੀਂ ਬਲਕਿ ਚਾਅ ਅਤੇ ਜਨੂੰਨ ਹੋਣਾ ਚਾਹੀਦਾ ਹੈ। ਪੱਤਰਕਾਰ ਨੇ ਜਗਤਾਰ ਸਿੰਘ ਨੂੰ ਝੋਨਾ ਨਾ ਲਾਉਣ ਦਾ ਕਾਰਨ ਪੁੱਛਿਆ ਤਾਂ ਉਹਨਾਂ ਦੱਸਿਆ ਕਿ ਅਜਿਹਾ ਕਰਕੇ ਉਹ ਪਾਣੀ ਸੰਭਾਲਣ ਦੀ ਕੋਸ਼ਿਸ਼ ਕਰ ਰਹੇ ਹਨ ਕਿਉਂਕਿ ਝੋਨਾ ਲਾਉਣ ਲਈ ਪਾਣੀ ਦੀ ਬਹੁਤ ਜ਼ਿਆਦਾ ਖਪਤ ਹੁੰਦੀ ਹੈ ਅਤੇ ਧਰਤੀ ਤੇ ਪਾਣੀ ਦਾ ਪੱਧਰ ਪਹਿਲਾਂ ਹੀ ਬਹੁਤ ਨੀਵਾਂ ਹੋ ਚੁੱਕਾ ਹੈ। ਉਹਨਾਂ ਨੇ ਕਿਹਾ ਕਿ ਲੋਕਾਂ ਨੂੰ ਸਬਜ਼ੀਆਂ ਆਰਗੈਨਿਕ ਤਰੀਕੇ ਨਾਲ ਘਰਾਂ ਵਿਚ ਉਗਾਉਣੀਆਂ ਚਾਹੀਦੀਆਂ ਹਨ ਅਤੇ ਹਰ ਚੀਜ਼ ਲਈ ਬਾਜ਼ਾਰ ‘ਤੇ ਨਿਰਭਰ ਨਹੀਂ ਰਹਿਣਾ ਚਾਹੀਦਾ। ਉਹਨਾਂ ਕਿਹਾ ਕਿ ਆਪਣੇ ਕੰਮ ਪ੍ਰਤੀ ਵਫ਼ਾਦਾਰ ਹੋਣਾ ਵੀ ਭਗਤੀ ਹੀ ਹੁੰਦਾ ਹੈ। ਪੱਤਰਕਾਰ ਨੇ ਉਨ੍ਹਾਂ ਨੂੰ ਪਾਣੀ ਦੇ ਘਟਦੇ ਜਾ ਰਹੇ ਪੱਧਰ ਦਾ ਕਾਰਨ ਪੁੱਛਿਆ ਤਾਂ ਉਨ੍ਹਾਂ ਕਿਹਾ ਕਿ ਪਾਣੀ ਦੀ ਯੋਜਨਾਬੱਧ ਤਰੀਕੇ ਨਾਲ ਸੰਭਾਲ ਨਹੀਂ ਕੀਤੀ ਗਈ। ਇਸ ਤੋਂ ਇਲਾਵਾ ਪੱਤਰਕਾਰ ਨੇ ਉਨ੍ਹਾਂ ਨੂੰ ਤੇਜ਼ੀ ਨਾਲ ਵਧ ਰਹੀ ਮਾਈਗਰੇਸ਼ਨ ਦੇ ਕਾਰਨਾਂ ਬਾਰੇ ਵੀ ਪੁੱਛਿਆ। ਜਗਤਾਰ ਸਿੰਘ ਨੇ ਕਿਹਾ ਕਿ ਇਹ ਇੱਕ ਸੰਕਟ ਹੈ ਪਰ ਨਵੀਂ ਸਰਕਾਰ ਤੋਂ ਏਸ ਦਾ ਕੋਈ ਹੱਲ ਲੱਭਣ ਦੀ ਉਮੀਦ ਕੀਤੀ ਜਾ ਸਕਦੀ ਹੈ । ਅਖੀਰ ਪੱਤਰਕਾਰ ਦੇ ਸੁਆਲ ਦਾ ਜੁਆਬ ਦਿੰਦਿਆਂ ਉਨ੍ਹਾਂ ਕਿਹਾ ਕਿ ਪਾਣੀ ਦੇ ਪੱਧਰ ਨੀਵਾਂ ਹੋਣ ਲਈ ਅਸੀਂ ਸਭ ਜ਼ਿੰਮੇਵਾਰ ਹਾਂ ਅਤੇ ਉਨ੍ਹਾਂ ਨੇ ਕਿਸਾਨਾਂ ਨੂੰ ਸੁਨੇਹਾ ਦਿੱਤਾ ਕਿ ਕਿਸਾਨ ਆਪਣੇ ਬੱਚਿਆਂ ਨੂੰ ਮਿਹਨਤ ਕਰਨ ਲਈ ਪ੍ਰੇਰਿਤ ਕਰਨ ਅਤੇ ਫਸਲਾਂ ਵਿੱਚ ਕੁਝ ਬਦਲਾਅ ਕਰਨ ਦੀ ਵੀ ਕੋਸ਼ਿਸ਼ ਕਰਨ।

 ਕੁਲਵਿੰਦਰ ਕੌਰ ਬਾਜਵਾ

Leave a Comment

Your email address will not be published. Required fields are marked *