ਭਾਗ –61 ਜਗਤਾਰ ਸਿੰਘ ਅਣਜਾਣ ਦੀ ਇਹ ਇੰਟਰਵਿਊ 11 ਅਗਸਤ 2022 ਨੂੰ ਪ੍ਰਕਾਸ਼ਿਤ ਕੀਤੀ ਗਈ। ਉਹ ਪਾਣੀ ਨੂੰ ਬਚਾਉਣ ਲਈ ਯਤਨ ਅਤੇ ਝੋਨਾ ਰਹਿਤ ਖੇਤੀ ਕਰਦਾ ਹੈ। ਇਸ ਸਾਲ ਸਾਉਣੀ ਦੀ ਫਸਲ ਵਿੱਚ ਉਨ੍ਹਾਂ ਮੂੰਗਫਲੀ ਦੀ ਫਸਲ ਦੀ ਬਿਜਾਈ ਕੀਤੀ ਹੈ। ਜਿਸਦਾ ਕਾਰਨ ਇਹ ਹੈ ਕਿ ਪਿਛਲੇ ਸਾਲ ਨਰਮੇ ਦੀ ਫਸਲ ਦੀ ਸੁੰਡੀ ਦੇ ਅਟੈਕ ਕਾਰਨ ਬਹੁਤ ਉਜੜ ਗਈ ਸੀ। ਉਨ੍ਹਾਂ ਕਿਹਾ ਕਿ ਮੂੰਗਫਲੀ ਦੀ ਫਸਲ ਨੂੰ ਪਾਣੀ ਦੀ ਘੱਟ ਲੋੜ ਪੈਂਦੀ ਹੈ ਅਤੇ ਮੂੰਗਫਲੀ ਦਾ ਬੀਜ ਰਾਜਸਥਾਨ ਤੋਂ ਲਿਆਂਦਾ ਗਿਆ ਹੈ। ਜਗਤਾਰ ਸਿੰਘ ਨੇ ਦੱਸਿਆ ਕਿ ਕਦੋਂ ਇਹ ਫਸਲ ਉਗਾਈ ਜਾਂਦੀ ਹੈ ਅਤੇ ਕਿਸ ਬੀਜ ਦੀ ਕਿਸਮ ਨੂੰ ਪੈਦਾ ਕਰਨ ਲਈ ਕਿੰਨਾ ਸਮਾਂ ਲੱਗਦਾ ਹੈ। ਜਗਤਾਰ ਸਿੰਘ ਨੇ ਆਪਣੇ ਖੇਤਾਂ ਵਿਚ ਦੋ ਕਿਸਮਾਂ ਦੇ ਬੀਜ ਉਗਾਏ ਹੋਏ ਹਨ ਇਕ ਫਸਲ 90 ਦਿਨਾਂ ਵਿੱਚ ਤਿਆਰ ਹੋ ਜਾਂਦੀ ਹੈ ਅਤੇ ਦੂਜੀ ਕਿਸਮ 120 ਦਿਨ ਵਿਚ ਤਿਆਰ ਹੁੰਦੀ ਹੈ। ਇਸ ਤੋ ਇਲਾਵਾ ਉਸ ਨੇ ਆਪਣੇ ਖੇਤਾਂ ਵਿਚ ਕੋਧਰਾ ਅਤੇ ਰਾਗੀ ਦੀ ਵੀ ਬਿਜਾਈ ਕੀਤੀ ਹੈ। ਗੱਲਬਾਤ ਦੌਰਾਨ ਉਨ੍ਹਾਂ ਦੱਸਿਆ ਕਿ ਕਿਸੇ ਵੀ ਫ਼ਸਲ ਦੀ ਮਾਰਕੀਟਿੰਗ ਕਰਨ ਵਿੱਚ ਕੋਈ ਸਮੱਸਿਆ ਨਹੀਂ ਹੁੰਦੀ, ਜੇਕਰ ਤਰੀਕਾ ਤੇ ਸਮਝ ਹੈ। ਇਸ ਤੋਂ ਇਲਾਵਾ ਉਨ੍ਹਾਂ ਨੇ ਫਸਲਾਂ ਦੀਆਂ ਬੀਮਾਰੀਆਂ ਬਾਰੇ ਤੇ ਰੋਕਥਾਮ ਬਾਰੇ ਵੀ ਸੰਖੇਪ ਵਿੱਚ ਗੱਲ ਕੀਤੀ। ਜਗਤਾਰ ਸਿੰਘ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਨਰਮੇ ਦੀ ਫਸਲ ਦਾ ਰੇਟ ਬਹੁਤ ਵੱਧ ਜਾਵੇਗਾ ਅਤੇ ਕੱਪੜੇ ਵੀ ਮਹਿੰਗਾ ਹੋਵੇਗਾ। ਜਗਤਾਰ ਸਿੰਘ ਨੇ ਕਿਹਾ ਕਿ ਪਹਿਲੇ ਸਮਿਆਂ ਵਿੱਚ ਕਿਸਾਨਾਂ ਦੇ ਬੱਚੇ ਖੇਤਾਂ ਵਿੱਚ ਸਖ਼ਤ ਮਿਹਨਤ ਕਰਦੇ ਸਨ ਪਰ ਅਜਕਲ ਨੌਜਵਾਨਾਂ ਵਿਚ ਕੰਮ ਕਰਨ ਦੀ ਰੁਚੀ ਘਟਦੀ ਜਾ ਰਹੀ ਹੈ ਅਤੇ ਲੋਕ ਗੁਰੂ ਨਾਨਕ ਦੇਵ ਜੀ ਦੇ ਫ਼ਲਸਫ਼ੇ ਨੂੰ ਵੀ ਭੁੱਲਦੇ ਜਾ ਰਹੇ ਹਨ। ਉਹਨਾਂ ਇਹ ਵੀ ਕਿਹਾ ਕਿ ਸਾਨੂੰ ਸਭ ਨੂੰ ਹਵਾ ਪਾਣੀ ਅਤੇ ਧਰਤੀ ਨੂੰ ਬਚਾਉਣ ਦੀ ਜ਼ਰੂਰਤ ਹੈ। ਅਖੀਰ ਵਿਚ ਦੂਜਿਆਂ ਰਾਜਾਂ ਦੇ ਬਾਰੇ ਗੱਲਬਾਤ ਕਰਦਿਆਂ ਜਗਤਾਰ ਸਿੰਘ ਨੇ ਕਿਹਾ ਕਿ ਸਾਨੂੰ ਖੇਤੀ ਵਿੱਚ ਵੰਨ-ਸੁਵੰਨਤਾ ਲਿਆਉਣ ਦੀ ਜ਼ਰੂਰਤ ਹੈ ਅਤੇ ਲੋਕਾਂ ਨੂੰ ਇਕ ਦੂਜੇ ਤੋਂ ਸਾੜਾ ਕਰਨ ਦੀ ਬਜਾਏ ਸਹਿਯੋਗ ਕਰਨਾ ਚਾਹੀਦਾ ਹੈ ਤਾਂ ਜੋ ਖੇਤੀ ਵਿੱਚ ਉੱਨਤੀ ਹੋ ਸਕੇ।
~ ਕੁਲਵਿੰਦਰ ਕੌਰ ਬਾਜਵਾ