ਭਾਗ – 29 ਇਹ ਇੰਟਰਵਿਊ 4 ਜੂਨ 2022 ਨੂੰ ਸੀਨੀਅਰ ਪੱਤਰਕਾਰ ਜਗਤਾਰ ਸਿੰਘ ਨਾਲ ਕੀਤੀ ਗਈ। ਇੰਟਰਵਿਉ ਦੀ ਸ਼ੁਰੂਆਤ ਵੇਲੇ ਜਗਤਾਰ ਸਿੰਘ ਨੂੰ ਅਕਾਲੀ ਦਲ ਬਾਦਲ,ਅੰਮ੍ਰਿਤਸਰ ਅਤੇ 1920 ਬਾਰੇ ਪੁੱਛਿਆ ਗਿਆ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਆਪਣੇ ਆਪ ਵਿੱਚ ਇੱਕ ਸੰਸਥਾ ਹੈ। ਇਸਦਾ ਇੱਕ ਸ਼ਾਨਦਾਰ ਅਤੇ ਮਾਣ ਮੱਤਾ ਇਤਿਹਾਸ ਹੈ। ਇਹ ਸਿਰਫ ਸਿੱਖਾਂ ਦੀ ਪਾਰਟੀ ਸੀ। ਪਰ ਬਾਅਦ ਵਿੱਚ ਇਹ ਸਿਰਫ ਮਾਫੀਆ ਅਤੇ ਇੱਕ ਪਰਿਵਾਰ ਦੀ ਪਾਰਟੀ ਬਣ ਕੇ ਰਹਿ ਗਈ। ਅਤੇ ਰਵਾਇਤੀ ਢੰਗ ਵਾਲੀ ਸ਼੍ਰੋਮਣੀ ਅਕਾਲੀ ਦਲ ਨੂੰ ਮੁੜ ਸੁਰਜੀਤ ਕਰਨ ਲਈ ਇਸ ਦਾ ਅੰਤ ਵੀ ਜਰੂਰੀ ਸੀ। ਪਰ ਪੰਜਾਬ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਬਿਨਾਂ ਸਿਆਸਤ ਚੱਲ ਹੀ ਨਹੀਂ ਸਕਦੀ। ਸ਼੍ਰੋਮਣੀ ਅਕਾਲੀ ਦਲ ਦੇ ਪਤਨ ਦਾ ਕਾਰਨ ਭਾਜਪਾ ਨਾਲ ਗਠਜੋੜ ਤੋਂ ਬਾਅਦ ਪੰਥਕ ਮੁੱਦਿਆਂ ਨੂੰ ਨਜ਼ਰ ਅੰਦਾਜ਼ ਕਰਨਾ ਸੀ। ਇਸ ਤੋਂ ਇਲਾਵਾ ਪੱਤਰਕਾਰ ਨੇ ਜਗਤਾਰ ਸਿੰਘ ਨਾਲ ਪੰਜਾਬ ਵਿੱਚ ਡੇਰਾਵਾਦ ਬਾਰੇ ਗੱਲਬਾਤ ਕੀਤੀ। ਉਨ੍ਹਾਂ ਕਿਹਾ ਕਿ ਡੇਰਾਵਾਦ ਤਾਂ ਬਾਬੇ ਨਾਨਕ ਦੇ ਸਮੇਂ ਤੋਂ ਚੱਲਦਾ ਆ ਰਿਹਾ ਹੈ। ਲੇਕਿਨ ਕਿਸੇ ਹੱਦ ਤੱਕ ਸਾਡੀਆਂ ਸਿੱਖ ਸੰਸਥਾਵਾਂ ਸਿੱਖ ਧਰਮ ਦਾ ਪ੍ਰਚਾਰ ਕਰਨ ਵਿੱਚ ਅਸਫਲ ਰਹੀਆਂ ਸਨ ਜਿਸ ਕਰਕੇ ਪੰਜਾਬ ਵਿੱਚ ਡੇਰਾਵਾਦ ਪ੍ਰਫੁੱਲਿਤ ਹੋਇਆ। SGPC ਦੇ ਜਥੇਦਾਰ ਦੇ ਰੋਲ ਬਾਰੇ ਗੱਲ ਕਰਦਿਆਂ ਜਗਤਾਰ ਸਿੰਘ ਨੇ ਜਥੇਦਾਰ ਟੌਹੜਾ ਦੇ ਸਮੇਂ ਦੀ ਵਧੀਆ ਕਾਰਗੁਜ਼ਾਰੀ, ਗੁਰਬਚਨ ਸਿੰਘ ਦਾ ਡੇਰਾ ਸੱਚਾ ਸੌਦਾ ਦੇ ਮੁੱਖੀ ਦੀ ਹਿਮਾਇਤ ਕਰਨਾ ਅਤੇ ਮੌਜੂਦਾ ਜਥੇਦਾਰ ਬਾਰੇ ਗੱਲਬਾਤ ਕੀਤੀ। ਉਹਨਾਂ ਬਾਦਲ ਪਰਿਵਾਰ ਦੇ ਡੇਰਾ ਸੱਚਾ ਸੌਦਾ ਦੇ ਮੁੱਖੀ ਦੇ ਪੱਖ ਵਿੱਚ ਆਉਣ ਬਾਰੇ ਵੀ ਗੱਲਬਾਤ ਕੀਤੀ। ਉਨ੍ਹਾਂ ਨੇ ਬਹਿਬਲ ਕਲਾਂ ਇਨਸਾਫ ਮੋਰਚੇ ਬਾਰੇ ਵੀ ਵਿਸਥਾਰ ਪੂਰਵਕ ਗੱਲ ਕੀਤੀ। ਉਨ੍ਹਾਂ ਕਿਹਾ ਕਿ ਜਦੋਂ ਸਿਸਟਮ ਸਿੱਖਾਂ ਨੂੰ ਇਨਸਾਫ਼ ਨਹੀਂ ਦਿੰਦਾ ਤਾਂ ਫਿਰ ਸਿੱਖ ਇਨਸਾਫ ਲੈਣ ਲਈ ਯਤਨ ਕਰਦੇ ਹਨ ਤੇ ਫਿਰ ਸਰਕਾਰ ਸਿੱਖਾਂ ਨੂੰ ਅੱਤਵਾਦੀ ਕਹਿ ਦਿੰਦੀ ਹੈ।
ਕੁਲਵਿੰਦਰ ਕੌਰ ਬਾਜਵਾ