ਭਾਗ – 24 ਇਹ ਇੰਟਰਵਿਊ 20 ਮਈ 2022 ਨੂੰ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨਾਲ ਕੀਤੀ ਗਈ। ਇੰਟਰਵਿਊ ਦੀ ਸ਼ੁਰੂਆਤ ਵਿੱਚ ਡੱਲੇਵਾਲ ਦੀ ਭਗਵੰਤ ਮਾਨ ਨਾਲ ਵਾਇਰਲ ਹੋ ਰਹੀ ਫੋਟੋ ( ਜਿਸ ਵਿੱਚ ਡੱਲੇਵਾਲ ਅਤੇ ਭਗਵੰਤ ਮਾਨ ਨੇ ਜੱਫੀ ਪਾਈ ਹੋਈ ਹੈ ) ਬਾਰੇ ਗੱਲਬਾਤ ਕੀਤੀ ਗਈ। ਜਿਸ ਦੇ ਜਵਾਬ ਵਿੱਚ ਡੱਲੇਵਾਲ ਨੇ ਸਾਰਾ ਵੇਰਵਾ ਦਿੰਦਿਆਂ ਦੱਸਿਆ ਕਿ ਕਿਵੇਂ ਭਗਵੰਤ ਮਾਨ ਮੀਟਿੰਗ ਦਾ ਸਮਾਂ ਤੈਅ ਕਰਨ ਦੇ ਬਾਵਜੂਦ ਕਿਸਾਨਾਂ ਨੂੰ ਸਮਾਂ ਨਹੀਂ ਦੇ ਰਹੇ ਸਨ ਅਤੇ ਅਖੀਰ ਮੀਟਿੰਗ ਵਿੱਚ ਮੰਗਾਂ ਮੰਨਣ ਲਈ ਕਿਵੇਂ ਸਹਿਮਤ ਹੋਏ। ਜਿਸ ਦੇ ਬਾਅਦ ਭਗਵੰਤ ਮਾਨ ਵੱਲੋਂ ਡੱਲੇਵਾਲ ਨੂੰ ਜੱਫੀ ਪਾ ਕੇ ਫੋਟੋ ਕਰਵਾਈ ਗਈ। ਇਹਨਾਂ ਮੰਗਾਂ ਵਿੱਚ ਪੰਜਾਬ ਦੀਆਂ ਨਹਿਰਾਂ ਵਿੱਚ ਵਿਛਾਈ ਜਾ ਰਹੀ ਕੰਕਰੀਟ ਦੇ ਬਾਰੇ ਵੀ ਚਰਚਾ ਹੋਈ। ਇਸ ਸਭ ਦੇ ਇਲਾਵਾ ਮੀਟਿੰਗ ਵਿਚ ਕਿਸਾਨਾਂ ਦੁਆਰਾ ਪਰਾਲੀ ਦੇ ਨਾੜ ਸਾੜਣ ਵਾਲੀ ਗੱਲ ਸਭ ਤੋਂ ਵੱਧ ਚਰਚਿਤ ਰਹੀ। ਡੱਲੇਵਾਲ ਨੇ ਕਿਹਾ ਕਿ ਪੰਜਾਬ ਵਿੱਚ ਧਰਨਿਆਂ ਜਾਂ ਮੁੱਦਿਆਂ ਲਈ ਕਿਸਾਨਾਂ ਦੇ ਨਾਲ-ਨਾਲ ਸਰਕਾਰ ਵੀ ਜ਼ਿੰਮੇਵਾਰ ਹੈ। ਡੱਲੇਵਾਲ ਨੇ ਕਿਸਾਨ ਦੀਆਂ ਮੰਗਾਂ ਬਾਰੇ ਭਗਵੰਤ ਮਾਨ ਦੀ ਪ੍ਰਤੀਕਿਰੀਆ ਅਤੇ ਸਹਿਮਤੀ ਬਾਰੇ ਵੀ ਵਿਸਥਾਰਪੂਰਵਕ ਗੱਲਬਾਤ ਕੀਤੀ। ਇਸ ਤੋਂ ਇਲਾਵਾ ਪੱਤਰਕਾਰ ਨੇ ਡੱਲੇਵਾਲ ਨਾਲ ਸਰਕਾਰ ਦੁਆਰਾ ਮੰਨੀਆਂ ਗਈਆਂ ਮੰਗਾਂ ਦੀ ਗਿਣਤੀ ਅਤੇ ਮੰਗਾਂ ਦੇ ਬਾਰੇ ਵਿਸਥਾਰ ਪੂਰਵਕ ਗੱਲ ਬਾਤ ਕੀਤੀ। ਡੱਲੇਵਾਲ ਨੇ ਕਿਹਾ ਕਿ ਕੋਈ ਵੀ ਸਰਕਾਰ ਨਾ ਤਾਂ ਸਾਡੀ ਮਿੱਤਰ ਹੈ ਅਤੇ ਨਾ ਹੀ ਸਾਡੀ ਦੁਸ਼ਮਣ, ਅਸੀਂ ਕਿਸਾਨਾਂ ਦੇ ਪੱਖ ਵਿੱਚ ਸਦਾ ਗੱਲ ਕਰਾਂਗੇ। ਸੋਸ਼ਲ ਮੀਡੀਆ ਉੱਪਰ ਫੈਲਾਈ ਗਈ ਹੈ ਅਫਵਾਹ ਨੂੰ ਨਕਾਰਦਿਆਂ ਡੱਲੇਵਾਲ ਨੇ ਕਿਹਾ ਕਿ ਇਹ ਧਰਨਾ ਅਕਾਲੀਆਂ ਦੇ ਕਹਿਣ ‘ਤੇ ਨਹੀਂ ਬਲਕਿ ਕਿਸਾਨ ਜਥੇਬੰਦੀਆਂ ਵੱਲੋਂ ਖੁਦ ਵਿਚਾਰ ਕਰਕੇ ਲਾਇਆ ਗਿਆ ਸੀ। ਇਸ ਤੋਂ ਇਲਾਵਾ ਪੱਤਰਕਾਰ ਦੁਆਰਾ ਡੱਲੇਵਾਲ ਨਾਲ ਕੁਲਵੰਤ ਸਿੰਘ, ਹਰਮੀਤ ਕਾਦੀਆਂ ਅਤੇ ਬੂਟਾ ਸਿੰਘ ਬੁਰਜਗਿੱਲ ਦੀ RAW ਏਜੰਟਾਂ ਨਾਲ ਮੁਲਾਕਾਤ ਹੋਣ ਵਾਲੀ ਗੱਲ ਬਾਰੇ ਵਿਸਥਾਰਪੂਰਵਕ ਚਰਚਾ ਕੀਤੀ ਗਈ। ਅਖੀਰ ਵਿਚ ਸਰਕਾਰ ਦੀ ਕਾਰਗੁਜ਼ਾਰੀ ਬਾਰੇ ਗੱਲਬਾਤ ਕਰਦਿਆਂ ਡੱਲੇਵਾਲ ਨੇ ਆਪਣੀ ਰਾਇ ਦਿੱਤੀ।
ਕੁਲਵਿੰਦਰ ਕੌਰ ਬਾਜਵਾ