ਭਾਗ –66 ਇਹ ਇੰਟਰਵੀਊ ਗੁਰਪ੍ਰੀਤ ਸਿੰਘ ਮਿੰਟੂ ਜੋ ਕਿ ਸੁਪਨਿਆਂ ਦਾ ਘਰ ਦੇ ਨਾਂ ਨਾਲ ਜਾਣੀ ਜਾਂਦੀ, “ਮਨੁੱਖਤਾ ਦੀ ਸੇਵਾ” ਸਮਾਜ ਸੇਵੀ ਸੰਸਥਾ ਦੇ ਫਾਊਂਡਰ ਨਾਲ 21 ਅਗਸਤ 2022 ਨੂੰ ਪ੍ਰਕਾਸ਼ਿਤ ਕੀਤੀ ਗਈ। ਅਕਸਰ ਹੀ ਸੋਸ਼ਲ ਮੀਡੀਆ ਤੇ ਉਨ੍ਹਾਂ ਦੀਆਂ ਵਾਇਰਲ ਵੀਡੀਓ ਦੇਖੀਆਂ ਜਾਂਦੀਆਂ ਹਨ। ਲੁਧਿਆਣਾ-ਅਧਾਰਤ NGO ਮਾਨੁਖਤਾ ਦੀ ਸੇਵਾ ਸੁਸਾਇਟੀ 2016 ਤੋਂ ਮਾਨਸਿਕ ਸਿਹਤ ਚੁਣੌਤੀਆਂ ਵਾਲੇ ਬੇਸਹਾਰਾ ਵਿਅਕਤੀਆਂ ਦੀ ਮਦਦ ਕਰ ਰਹੀ ਹੈ। NGO ਮਾਨਸਿਕ ਤੌਰ ‘ਤੇ ਅਪਾਹਜ ਵਿਅਕਤੀਆਂ ਲਈ ਇੱਕ ਆਸਰਾ ਚਲਾਉਂਦੀ ਹੈ, ਉਹਨਾਂ ਨੂੰ ਡਾਕਟਰੀ ਦੇਖਭਾਲ ਅਤੇ ਭੋਜਨ ਪ੍ਰਦਾਨ ਕਰਦੀ ਹੈ, ਅਤੇ ਉਹਨਾਂ ਨੂੰ ਉਹਨਾਂ ਦੇ ਪਰਿਵਾਰਾਂ ਕੋਲ ਵਾਪਸ ਜਾਣ ਵਿੱਚ ਮਦਦ ਕਰਦੀ ਹੈ। ਜੇਕਰ ਉਨ੍ਹਾਂ ਦੇ ਪਰਿਵਾਰ ਉਨ੍ਹਾਂ ਨੂੰ ਸਵੀਕਾਰ ਕਰਦੇ ਹਨ। ਉਹਨਾਂ ਦੀ ਇਸ ਸੇਵਾ ਲਈ ਜਿੰਨੀ ਪ੍ਰਸ਼ੰਸਾ ਕੀਤੀ ਜਾਵੇ ਉਨ੍ਹਾਂ ਸ਼ਬਦ ਘੱਟ ਪੈਂਦੇ ਹਨ। ਇੰਟਰਵਿਉ ਦੀ ਸ਼ੁਰੂਆਤ ਵਿੱਚ ਗੁਰਪ੍ਰੀਤ ਮਿੰਟੂ ਨੇ ਦੱਸਿਆ ਕਿ ਕਿਵੇਂ ਉਨ੍ਹਾਂ ਦੇ ਜੀਵਨ ਵਿੱਚ ਪਰਿਵਰਤਨ ਆਇਆ ਅਤੇ ਕਿਵੇਂ ਉਨ੍ਹਾਂ ਦੇ ਦਿਲ ਵਿੱਚ ਲੋਕਾਂ ਦੀ ਸੇਵਾ ਕਰਨ ਦੀ ਭਾਵਨਾ ਆਈ। ਮਿੰਟੂ ਨੇ ਦੱਸਿਆ ਕਿ ਉਨ੍ਹਾਂ ਦਾ ਪਾਲਣ-ਪੋਸ਼ਣ ਨਾਨਕਾ ਪਰਿਵਾਰ ਵਿਚ ਹੋਇਆ ਸੀ ਅਤੇ ਮਾਮਾ ਜੀ ਲੀਡਰ ਹੋਣ ਦੇ ਕਾਰਨ ਲੋਕਾਂ ਦੀ ਸੇਵਾ ਕਰਦੇ ਸਨ। ਜਿਸਤੋਂ ਉਨ੍ਹਾਂ ਨੂੰ ਸੇਵਾ ਭਾਵਨਾ ਦੀ ਗੁੜਤੀ ਮਿਲੀ। ਉਨ੍ਹਾਂ ਦੱਸਿਆ ਕਿ ਜਦੋਂ ਉਨ੍ਹਾਂ ਦੇ ਪਿਤਾ ਜੀ ਬੀਮਾਰ ਸਨ ਤਾਂ ਹਸਪਤਾਲਾਂ ਵਿਚ ਉਹਨਾਂ ਅਜਿਹੇ ਹੋਰ ਵੀ ਲੋਕ ਦੇਖੇ ਜੋ ਗਰੀਬੀ ਅਤੇ ਬਿਮਾਰੀ ਕਾਰਨ ਦੁਖੀ ਹੁੰਦੇ ਸਨ। ਇਸ ਗੱਲ ਦਾ ਵੀ ਉਸ ਦੇ ਮਨ ਤੇ ਬਹੁਤ ਡੂੰਘਾ ਅਸਰ ਪਿਆ। 2016 ਤੋਂ ਉਹ ਜਦੋਂ ਇੱਕ ਢਾਬਾ ਚਲਾਉਂਦੇ ਸਨ, ਉਸ ਸਮੇਂ ਤੋਂ ਹੀ ਲੋਕਾਂ ਦੀ ਸੇਵਾ ਕਰਦੇ ਆ ਰਹੇ ਹਨ। ਉਹਨਾਂ ਨੇ ਦੱਸਿਆ ਕਿ ਕਿਵੇਂ ਪਹਿਲੀ ਵਾਰ ਉਨ੍ਹਾਂ ਕੋਲ ਬਹੁਤ ਹੀ ਬੁਰੀ ਹਾਲਤ ਵਿਚ ਲੋੜਵੰਦ ਰੋਟੀ ਖਾਣ ਲਈ ਆਇਆ ਸੀ ਅਤੇ ਜਿਸ ਤੋਂ ਬਾਅਦ ਰੋਜ਼ ਕਈ ਲੋਕ ਉਨ੍ਹਾਂ ਦੇ ਢਾਬੇ ਵਿਚ ਖਾਣਾ ਖਾਣ ਆਉਂਦੇ ਜਿਨ੍ਹਾਂ ਦੀ ਉਹ ਨਿਰਸਵਾਰਥ ਸੇਵਾ ਕਰਦੇ ਸਨ। ਗੱਲਬਾਤ ਦੌਰਾਨ ਗੁਰਪ੍ਰੀਤ ਮਿੰਟੂ ਨੇ ਚਿੱਟੇ ਕਾਰਨ ਬਰਬਾਦ ਹੋਏ ਨੌਜਵਾਨਾਂ, ਪੀੜਤਾਂ, ਰੋਗੀਆਂ,ਦੀਆਂ ਅਨੇਕਾਂ ਦਰਦਨਾਕ ਕਹਾਣੀਆਂ ਦਰਸ਼ਕਾਂ ਨਾਲ ਸਾਂਝੀਆਂ ਕੀਤੀਆਂ, ਜਿਨ੍ਹਾਂ ਨੂੰ ਸੁਣ ਕੇ ਰੂਹ ਕੰਬ ਜਾਂਦੀ ਹੈ। ਮਿੰਟੂ ਨੇ ਕਿਹਾ ਕਿ ਪੰਜਾਬੀਆਂ ਦੀ ਨਸਲਕੁਸ਼ੀ ਕਰਨ ਲਈ ਨੌਜਵਾਨਾਂ ਨੂੰ ਡਰਗਜ਼ ਲਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਵਿਚੋਂ ਨਸ਼ਾ ਖਤਮ ਕਰਨ ਲਈ ਨਾ ਹੀ ਕਦੇ ਪਹਿਲੀਆਂ ਸਰਕਾਰਾਂ ਨੇ ਕੁਝ ਕੀਤਾ ਸੀ ਅਤੇ ਹੁਣ ਵਾਲੀ ਸਰਕਾਰ ਲਈ ਵੀ ਸਵਾਲੀਆ ਚਿੰਨ੍ਹ ਹੈ। ਆਪਣੀ ਐਨਜੀਓ ਬਾਰੇ ਗੱਲ ਕਰਦਿਆਂ ਉਨ੍ਹਾਂ ਦੱਸਿਆ ਕਿ 1400 ਵਲੰਟੀਅਰ ਸੇਵਾ ਕਰ ਰਹੇ ਹਨ ਪਰ ਸਰਕਾਰ ਦੀ ਅਣਗਹਿਲੀ ਕਾਰਨ ਉਨ੍ਹਾਂ ਦਾ ਕਾਗਜ਼ੀ ਕੰਮ ਵੀ ਨਹੀਂ ਹੋ ਰਿਹਾ । ਉਨ੍ਹਾਂ ਦੱਸਿਆ ਕਿ NGO ਵਿਚ ਪਾਰਦਰਸ਼ਤਾ ਨਾਲ ਕੰਮ ਕੀਤਾ ਜਾਂਦਾ ਹੈ ਅਤੇ ਕਿਸੇ ਤੋਂ ਪੈਸੇ ਲੈਣ ਦੀ ਬਜਾਏ ਰਾਸ਼ਨ ਦਵਾਈਆਂ ਦੁੱਧ ਅਤੇ ਹਸਪਤਾਲਾਂ ਦੇ ਬਿੱਲ ਭਰਵਾ ਲਏ ਜਾਂਦੇ ਹਨ। ਉਨ੍ਹਾਂ ਕਿਹਾ ਕਿ ਐਸਜੀਪੀਸੀ ਨੂੰ ਪੰਜਾਬ ਵਿਚ ਅਜਿਹੀਆਂ ਸੰਸਥਾਵਾਂ ਅਤੇ ਹਸਪਤਾਲ ਖੋਲ੍ਹਣੇ ਚਾਹੀਦੇ ਹਨ। ਨਾਲ ਹੀ ਉਨ੍ਹਾਂ ਦੱਸਿਆ ਕਿ ਕਿਵੇਂ ਉਨ੍ਹਾਂ ਦੀ ਸੰਸਥਾ ਵਿੱਚ ਇੱਕ ਸਕਾਰਾਤਮਕ ਅਤੇ ਖੁਸ਼ਨੁਮਾ ਬਣਾ ਕੇ ਰੱਖਿਆ ਜਾਂਦਾ ਹੈ। ਅਖੀਰ ਉਨ੍ਹਾਂ ਐਸਜੀਪੀਸੀ ਦੇ ਜਥੇਦਾਰ ਅਤੇ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਅਜਿਹੀਆਂ ਸੰਸਥਾਵਾਂ ਬਣਾਉਣ।
~ਕੁਲਵਿੰਦਰ ਕੌਰ ਬਾਜਵਾ