ਭਾਗ – 46
ਇਹ ਇੰਟਰਵੀਊ ਗੁਰਤੇਜ ਸਿੰਘ ਰਾਹੀ ਨਾਲ 8 ਜੁਲਾਈ 2022 ਨੂੰ ਪ੍ਰਕਾਸ਼ਿਤ ਕੀਤੀ ਗਈ। ਜੋ ਕਿ ਪਾਣੀ ਨੂੰ ਬਚਾਉਣ ਲਈ ਇਕ ਪ੍ਰੋਜੈਕਟ ਲਗਾ ਰਹੇ ਹਨ ਅਤੇ ਉਹਨਾਂ ਜੰਗਲ ਵੀ ਲਾਇਆ ਹੋਇਆ ਹੈ। ਪ੍ਰੋਜੈਕਟ ਵਿੱਚ ਤਿਆਰ ਕੀਤੇ ਗਏ 22 ਫੁੱਟ ਡੂੰਘੇ ਖੂਹ ਨੂੰ ਉਹ ਪਾਣੀ ਪੀਣ ਵਾਲਾ ਖੂਹ ਵੀ ਕਹਿੰਦੇ ਹਨ। ਅਜਿਹਾ ਬਰਸਾਤਾਂ ਕਾਰਨ ਆਉਣ ਵਾਲੇ ਹੜਾਂ ਤੋਂ ਫਸਲਾਂ ਨੂੰ ਬਚਾਉਣ ਲਈ, ਪਾਣੀ ਦਾ ਲੈਵਲ ਸਹੀ ਰੱਖਣ ਲਈ, ਨਹਿਰੀ ਪਾਣੀ ਨੂੰ ਖੂਹ ਵਿੱਚ ਪਾਉਣ ਲਈ ਅਤੇ ਧਰਤੀ ਨੂੰ ਸਿੰਜਦਾ ਰੱਖਣ ਲਈ ਕੀਤਾ ਜਾ ਰਿਹਾ ਹੈ। ਗੁਰਤੇਜ ਸਿੰਘ ਨੇ ਦੱਸਿਆ ਕਿ ਅਜਿਹਾ ਪ੍ਰੋਜੈਕਟ ਲਾਉਣ ਦੀ ਪ੍ਰੇਰਨਾ ਉਨ੍ਹਾਂ ਨੂੰ ਫੇਸਬੁੱਕ ਤੋਂ ਮਿਲੀ ਸੀ । ਸਾਰੇ ਪ੍ਰੋਜੈਕਟ ਦੀ ਕੰਸਟਰਕਸ਼ਨ ਬਾਰੇ ਜਾਣਕਾਰੀ ਦਿੰਦਿਆਂ ਗੁਰਤੇਜ ਸਿੰਘ ਨੇ ਦੱਸਿਆ ਕਿ ਕਿਵੇਂ ਪਾਣੀ ਦੇ ਟੈਂਕ ਕੰਮ ਕਰਨਗੇ ਅਤੇ ਕਿਵੇਂ ਖੂਹ ਜਾਂ ਉਸ ਵਿੱਚ ਲਗਾਇਆ ਬੋਰ ਕੰਮ ਕਰੇਗਾ । ਗੁਰਤੇਜ ਸਿੰਘ ਨੇ ਕਿਹਾ ਕਿ ਪਾਣੀ ਦੇ ਬਚਾਅ ਲਈ ਹਰ ਇਕ ਇਨਸਾਨ ਨੂੰ ਚਿੰਤਤ ਹੋਣਾ ਪਵੇਗਾ। ਉਹਨਾਂ ਦੱਸਿਆ ਕਿ ਕਿਵੇਂ ਬਰਸਾਤ ਦੇ ਪਾਣੀ ਨੂੰ ਫਿਲਟਰ ਕਰਕੇ ਧਰਤੀ ਵਿੱਚ ਪਾਇਆ ਜਾ ਸਕਦਾ ਹੈ ਤਾਂ ਕਿ ਆਉਣ ਵਾਲੀਆਂ ਨਸਲਾਂ ਅਤੇ ਫਸਲਾਂ ਬਚਾਈਆਂ ਜਾ ਸਕਣ। ਉਨ੍ਹਾਂ ਕਿਹਾ ਕਿ ਸਰਕਾਰ ਸਤਲੁਜ ਅਤੇ ਬਿਆਸ ਦੇ ਕੰਢਿਆਂ ਤੇ ਵੱਡੇ ਵੱਡੇ ਪ੍ਰੋਜੈਕਟ ਲਾ ਕੇ ਪਾਣੀ ਦੇ ਬਚਾਅ ਲਈ ਕੰਮ ਕਰ ਸਕਦੀ ਹੈ। ਗੁਰਤੇਜ ਸਿੰਘ ਨੇ ਦੱਸਿਆ ਕਿ ਅਜਿਹਾ ਪ੍ਰੋਜੈਕਟ ਲਾਉਣ ਲਈ ਉਨ੍ਹਾਂ ਦਾ ਸਹਿਯੋਗ ਸਰਬੱਤ ਦਾ ਭਲਾ ਟਰੱਸਟ ਨਿਊ ਯੌਰਕ ਨੇ ਕੀਤਾ ਅਤੇ NRI’s ਵੱਲੋਂ ਵੀ ਸਹਿਯੋਗ ਦਿੱਤਾ ਗਿਆ। ਏਸ ਤੋਂ ਇਲਾਵਾ ਉਨ੍ਹਾਂ ਜੰਗਲ ਬਾਰੇ ਵੀ ਜਾਣਕਾਰੀ ਦਿੱਤੀ ਜੋ ਕਿ ਰਾਊਂਡ ਗਲਾਸ ਫਾਊਂਡੇਸ਼ਨ ਦੇ ਸਹਿਯੋਗ ਨਾਲ ਲਾਇਆ ਗਿਆ ਹੈ ਅਤੇ ਉਸ ਵਿੱਚ 68 ਕਿਸਮ ਦੇ ਪੌਦੇ ਲਗਾਏ ਗਏ ਹਨ। ਅਖੀਰ ਵਿੱਚ ਗੁਰਤੇਜ ਸਿੰਘ ਨੇ ਆਪਣਾ ਸੰਪਰਕ ਨੰਬਰ ਸਾਂਝਾ ਕਰਦੇ ਹੋਏ ਕਿਹਾ ਕਿ ਜੇਕਰ ਕੋਈ ਵੀ ਵਿਅਕਤੀ ਅਜਿਹਾ ਪ੍ਰੋਜੈਕਟ ਲਾਉਣਾ ਚਾਹੁੰਦਾ ਹੈ ਤਾਂ ਉਹ ਸਲਾਹ ਲੈਣ ਲਈ ਸਾਨੂੰ ਸੰਪਰਕ ਕਰ ਸਕਦਾ ਹੈ।
~ ਕੁਲਵਿੰਦਰ ਕੌਰ ਬਾਜਵਾ