ਭਾਗ – 49 ਪੰਜਾਬੀ ਗਾਇਕ ਕੰਵਰ ਗਰੇਵਾਲ ਨਾਲ ਇਹ ਇੰਟਰਵੀਊ 15 ਜੁਲਾਈ 2022 ਨੂੰ ਪ੍ਰਕਾਸ਼ਿਤ ਕੀਤੀ ਗਈ। ਇਹ ਇੰਟਰਵਿਊ ਵਿਚ ਉਨ੍ਹਾਂ ਨਾਲ ਪੰਜਾਬ,ਸੰਗੀਤ ਅਤੇ ਉਨ੍ਹਾਂ ਦੀ ਵਿਚਾਰਧਾਰਾ ਬਾਰੇ ਗੱਲਬਾਤ ਕੀਤੀ ਗਈ। ਕਿਸਾਨੀ ਅੰਦੋਲਨ ਤੋਂ ਬਾਅਦ ਪੰਜਾਬ ਦੇ ਹਲਾਤਾਂ ਨੂੰ ਦੇਖਦੇ ਹੋਏ ਕੰਵਰ ਗਰੇਵਾਲ ਨੇ ਕਿਹਾ ਕਿ ਪੰਜਾਬ ਦਾ ਸਮਾਜਿਕ ਅਤੇ ਰਾਜਨੀਤਿਕ ਸਿਸਟਮ ਉਲਝਿਆ ਪਿਆ ਹੈ। ਇਸ ਲਈ ਕਿਸੇ ਇਕ ਨੂੰ ਦੋਸ਼ੀ ਨਹੀਂ ਠਹਿਰਾਇਆ ਜਾ ਸਕਦਾ ਬਲਕਿ ਸਭ ਬਰਾਬਰ ਦੇ ਜ਼ਿੰਮੇਵਾਰ ਹਨ। ਉਨ੍ਹਾਂ ਕਿਹਾ ਕਿ ਸਰਕਾਰ ਅਤੇ ਨਾਗਰਿਕ ਦੋਵਾਂ ਦੀ ਬਰਾਬਰ ਦੀ ਜ਼ਿੰਮੇਵਾਰੀ ਹੁੰਦੀ ਹੈ। ਕੰਵਰ ਗਰੇਵਾਲ ਨੇ ਕਿਹਾ ਕਿ ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਪਿਛਲੀ ਸਰਕਾਰ ਨੇ ਸਹੀ ਢੰਗ ਨਾਲ ਕੰਮ ਨਹੀਂ ਕੀਤੇ। ਉਨ੍ਹਾਂ ਕਿਹਾ ਕਿ ਸਾਨੂੰ ਆਪਣਾ ਸਵਾਰਥ ਨਾ ਦੇਖਦੇ ਹੋਏ ਸਮਾਜ ਲਈ ਕੁਝ ਨਾ ਕੁਝ ਕਰਨਾ ਚਾਹੀਦਾ ਹੈ ਅਤੇ ਸੂਫੀ ਗਾਇਕੀ ਦੇ ਨਾਲ-ਨਾਲ ਉਹ ਆਪਣੇ ਗੀਤਾਂ ਵਿਚ ਪੰਜਾਬ ਦੀਆਂ ਸਮੱਸਿਆਵਾਂ ਅਤੇ ਖੂਬੀਆਂ ਪੇਸ਼ ਕਰਨ ਦੀ ਕੋਸ਼ਿਸ਼ ਕਰਦੇ ਰਹਿਣਗੇ। ਕਿਸਾਨੀ ਅੰਦੋਲਨ ਦਾ ਤਜਰਬਾ ਸਾਂਝਾ ਕਰਦੇ ਹੋਏ ਉਨ੍ਹਾਂ ਨੇ ਦੱਸਿਆ ਕਿ ਉਸ ਦੌਰਾਨ ਕਈ ਸਖਸ਼ੀਅਤਾਂ ਨੂੰ ਮਿਲਣ ਦਾ ਮੌਕਾ ਮਿਲਿਆ ਅਤੇ ਕਈ ਤਰ੍ਹਾਂ ਦੀਆਂ ਨਵੀਆਂ ਵਿਚਾਰਧਾਰਾਵਾਂ ਦਾ ਪਤਾ ਲੱਗਾ। ਜਿਸ ਕਰਕੇ ਉਨ੍ਹਾਂ ਦੀ ਕਲਾ ਹੋਰ ਨਿਖਰਦੀ ਗਈ। ਉਨ੍ਹਾਂ ਕਿਹਾ ਕਿ ਜਦੋਂ ਵੀ ਪੰਜਾਬ ਤੇ ਕੋਈ ਮੁਸੀਬਤ ਆਵੇਗੀ ਤਾਂ ਉਹ ਹਮੇਸ਼ਾ ਪੰਜਾਬ ਲਈ ਹਾਜ਼ਿਰ ਰਹਿਣਗੇ। ਪੰਜਾਬੀ ਫਿਲਮ ਇੰਡਸਟਰੀ ਵਿਚ ਧਮਕੀਆਂ ਜਾਂ ਫਿਰੌਤੀਆਂ ਦੇ ਫੋਨ ਕਾਲ ਮਿਲਣ ਬਾਰੇ ਗੱਲ ਕਰਦਿਆਂ ਕੰਵਰ ਗਰੇਵਾਲ ਨੇ ਕਿਹਾ ਕਿ ਹਰ ਇਨਸਾਨ ਦਾ ਰਚਿਆ ਹੋਇਆ ਇੱਕ ਆਲਾ ਦੁਆਲਾ(aura)ਹੁੰਦਾ ਹੈ। ਉਹ ਜਿਹੋ ਜਿਹੀਆਂ ਚੀਜ਼ਾਂ ਉੱਤੇ ਧਿਆਨ ਕੇਂਦਰਤ ਕਰਦੇ ਹਨ, ਉਹੋ ਜਿਹੀਆਂ ਘਟਨਾਵਾਂ ਉਨ੍ਹਾਂ ਦੀਆਂ ਜ਼ਿੰਦਗੀਆਂ ਵਿਚ ਵਾਪਰਦੀਆਂ ਹਨ। ਉਨ੍ਹਾਂ ਕਿਹਾ ਕਿ ਗੁਰਬਾਣੀ ਅਨੁਸਾਰ ਹਰ ਇੱਕ ਦੀ ਮੌਤ ਦਾ ਦਿਨ ਨਿਸ਼ਚਿਤ ਹੁੰਦਾ ਹੈ। ਇਸ ਤੋਂ ਇਲਾਵਾ ਕੰਵਰ ਗਰੇਵਾਲ ਨੇ ਕਿਹਾ ਕਿ ਉਹ ਹੁਣ ਕੰਮ ਥੋੜਾ ਘੱਟ ਕਰਨਾ ਅਤੇ ਪਰਿਵਾਰ ਨੂੰ ਸਮਾਂ ਜ਼ਿਆਦਾ ਦੇ ਕੇ ਸਾਦਗੀ ਨਾਲ ਆਪਣੇ ਘਰ ਵਿੱਚ ਸਮਾਂ ਬਿਤਾਉਣਾ ਚਾਹੁੰਦੇ ਹਨ। ਕੰਵਰ ਗਰੇਵਾਲ ਨੇ ਕਿਹਾ ਕਿ “ਰਿਹਾਈ” ਬੈਨ ਹੋਣ ‘ਤੇ ਉਨ੍ਹਾਂ ਦੇ ਦਿਲ ਵਿੱਚ ਸਰਕਾਰ ਪ੍ਰਤੀ ਕੋਈ ਨਾਰਾਜ਼ਗੀ ਨਹੀਂ ਹੈ। ਅਖੀਰ ਕੰਵਰ ਗਰੇਵਾਲ ਨੇ ਆਪਣਾ ਰਿਹਾਈ ਗੀਤ ਸੁਣਾਉਂਦਿਆਂ ਹੋਇਆ ਕਿਹਾ ਕਿ ਹੈ ਸਾਨੂੰ ਸਭ ਨੂੰ ਏਕਤਾ, ਸ਼ਾਂਤੀ ਅਤੇ ਸੰਜੀਦਗੀ ਨਾਲ ਬੰਦੀ ਸਿੰਘਾਂ ਜਾਂ ਪੰਥ ਦੇ ਮਸਲਿਆਂ ਉਪਰ ਚਰਚਾ ਕਰਨੀ ਚਾਹੀਦੀ ਹੈ।
~ ਕੁਲਵਿੰਦਰ ਕੌਰ ਬਾਜਵਾ