ਕੈਪਟਨ ਚੰਨਣ ਸਿੰਘ ਸਿੱਧੂ

ਭਾਗ –52

ਕੈਪਟਨ ਚੰਨਣ ਸਿੰਘ ਸਿੱਧੂ ਦੀ ਇਹ ਇੰਟਰਵੀਊ 22 ਜੁਲਾਈ 2022 ਨੁੰ ਪ੍ਰਕਾਸ਼ਿਤ ਕੀਤੀ ਗਈ। ਇਸ ਇੰਟਰਵਿਊ ਵਿਚ ਉਹਨਾਂ ਨਾਲ ਮੌਜੂਦਾ ਪੰਜਾਬ ਦੀ ਸਥਿਤੀ ਬਾਰੇ ਗੱਲਬਾਤ ਕੀਤੀ ਗਈ। 92 ਐਮ.ਐਲ.ਏ ਸੀਟਾਂ ਨਾਲ ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਜਿੱਤ ਬਾਰੇ ਗੱਲਬਾਤ ਕਰਦਿਆਂ ਉਨ੍ਹਾਂ ਨੇ ਕਿਹਾ ਕਿ ਲੋਕ ਕਾਂਗਰਸ ਅਤੇ ਅਕਾਲੀ ਦਲ ਤੋਂ ਬਹੁਤ ਦੁਖੀ ਸਨ ਜਿਸ ਕਰਕੇ ਉਹਨਾਂ ਤੋਂ ਖਹਿੜਾ ਛੁਡਾਉਣ ਲਈ ਲੋਕਾਂ ਨੇ ਆਮ ਆਦਮੀ ਪਾਰਟੀ ਨੂੰ ਚੁਣਿਆ। ਕੈਪਟਨ ਸਿੱਧੂ ਨੇ ਕਿਹਾ ਕਿ ਭਗਵੰਤ ਮਾਨ ਇਕ ਵਧੀਆ ਇਨਸਾਨ ਅਤੇ ਵਧੀਆ ਬੁਲਾਰਾ ਸੀ ਜਿਸ ਕਰਕੇ ਉਸ ਤੋਂ ਪੰਜਾਬ ਦੇ ਬਿਹਤਰ ਭਵਿੱਖ ਲਈ ਉਮੀਦ ਕੀਤੀ ਜਾ ਸਕਦੀ ਸੀ ਪਰ ਜਿੱਤ ਤੋਂ ਬਾਅਦ ਕੇਜਰੀਵਾਲ ਦੀ ਦਖਲ-ਅੰਦਾਜ਼ੀ ਨੇ ਸਾਬਤ ਕਰ ਦਿੱਤਾ ਕਿ ਭਗਵੰਤ ਮਾਨ ਦੀ ਸਰਕਾਰ ਵੀ ਫੇਲ੍ਹ ਹੈ। ਉਨ੍ਹਾਂ ਕਿਹਾ ਕਿ ਰਾਘਵ ਚੱਢਾ ਨੂੰ ਅਤੇ ਪਾਰਲੀਮੈਂਟ ਦੇ ਮੈਂਬਰਾਂ ਦੀ ਚੋਣ ਨੂੰ ਦੇਖ ਕੇ ਲਗਦਾ ਹੈ ਕੇ ਭਗਵੰਤ ਮਾਨ ਕਿਸੇ ਦੇ ਕਹੇ ਅਨੁਸਾਰ ਚੱਲ ਰਿਹਾ ਹੈ। ਚੰਡੀਗੜ੍ਹ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਪੰਜਾਬ ਦੇ ਪਿੰਡ ਉਜਾੜ ਕੇ ਬਣਿਆਂ ਸ਼ਹਿਰ ਬਿਲਕੁਲ ਪੰਜਾਬ ਦੇ ਹਿੱਸੇ ਆਉਣਾ ਚਾਹੀਦਾ ਹੈ। ਏਸ ਤੋਂ ਇਲਾਵਾ ਕੈਪਟਨ ਸੰਧੂ ਨੇ ਕਿਹਾ ਕਿ ਜਦੋਂ ਅਕਾਲੀ ਜਾਂ ਕਾਂਗਰਸ ਸੱਤਾ ਵਿੱਚ ਹੁੰਦੇ ਹਨ ਤਾਂ ਉਨ੍ਹਾਂ ਨੂੰ ਪੰਜਾਬ ਦੇ ਮਸਲੇ ਕਦੇ ਯਾਦ ਨਹੀਂ ਆਉਂਦੇ ਪਰ ਹਾਰਨ ਤੋਂ ਬਾਅਦ ਉਹ ਲੋਕਾਂ ਨੂੰ ਭਾਵੁਕ ਕਰਨ ਲਈ ਅਜਿਹੀਆਂ ਗੱਲਾਂ ਕਰਦੇ ਹਨ। ਸੰਗਰੂਰ ਜ਼ਿਮਨੀ ਚੋਣਾਂ ਦੇ ਪ੍ਰਚਾਰ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਪੰਜਾਬ ਦੇ ਨੌਜਵਾਨ ਜਾਗਰੂਕ ਹੋ ਚੁੱਕੇ ਹਨ ਅਤੇ ਬੱਚੇ ਤੋਂ ਲੈ ਕੇ ਬੁੱਢੇ ਤੱਕ, ਸੱਭ ਸਿਮਰਨਜੀਤ ਸਿੰਘ ਮਾਨ ਨੂੰ ਜਿਤਾਉਣਾ ਚਾਹੁੰਦੇ ਸਨ। ਉਨ੍ਹਾਂ ਕਿਹਾ ਕਿ ਬੇਸ਼ੱਕ ਸਿਮਰਨਜੀਤ ਸਿੰਘ ਮਾਨ ਤੋਂ ਕੁਝ ਗਲਤੀਆਂ ਹੋਈਆਂ ਸਨ ਜਿੰਨਾਂ ਦਾ ਖਮਿਆਜ਼ਾ ਵੀ ਭੁਗਤਿਆ ਹੈ ਪਰ ਉਨ੍ਹਾਂ ਨੇ ਬਹੁਤ ਸੰਘਰਸ਼ ਕੀਤਾ ਹੈ ਇਸ ਲਈ ਹੁਣ ਉਹ ਬਹੁਤ ਸਮਝਦਾਰੀ ਨਾਲ ਹਰ ਫੈਸਲਾ ਲੈਣਗੇ। ਉਨ੍ਹਾਂ ਕਿਹਾ ਕਿ ਪੰਜਾਬ ਦੇ ਨੌਜਵਾਨਾਂ ਨੂੰ ਜਾਗਰੂਕ ਕਰਨ ਵਿਚ ਕਿਸਾਨ ਯੂਨੀਅਨ ਦਾ ਬਹੁਤ ਵੱਡਾ ਰੋਲ ਸੀ। ਇਸ ਦੇ ਨਾਲ ਉਨ੍ਹਾਂ ਕੈਪਟਨ ਅਮਰਿੰਦਰ ਸਿੰਘ ਦੇ ਮੱਤੇਵਾੜਾ ਦੇ ਪ੍ਰਜੈਕਟ ਰੱਦ ਹੋਣ ਉਪਰ ਦਿੱਤੇ ਬਿਆਨ ਬਾਰੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਕੁੱਝ ਵੀ ਨਹੀਂ ਪਤਾ। ਕੈਪਟਨ ਚੰਨਣ ਸਿੰਘ ਸਿੱਧੂ ਨੇ ਕਿਹਾ ਕਿ ਕੇਜਰੀਵਾਲ ਹਰਿਆਣਾ ਤੋਂ ਜਿੱਤਣ ਲਈ ਪੰਜਾਬ ਨਾਲ ਗਲਤ ਕਰ ਰਿਹਾ ਹੈ। ਅਖੀਰ ਵਿੱਚ ਉਹਨਾਂ ਕਿਹਾ ਕਿ ਲੋਕ ਬਹੁਤ ਜਾਗਰੂਕ ਹੋ ਚੁੱਕੇ ਹਨ ਇਸ ਲਈ ਭਗਵੰਤ ਮਾਨ ਨੂੰ ਪੰਜਾਬ ਦੇ ਹੱਕ ਵਿੱਚ ਖੜਨਾ ਚਾਹੀਦਾ ਹੈ।

~ ਕੁਲਵਿੰਦਰ ਕੌਰ ਬਾਜਵਾ

Leave a Comment

Your email address will not be published. Required fields are marked *