ਕੇ ਸੀ ਸਿੰਘ

ਭਾਗ –63 ਕੇ ਸੀ ਸਿੰਘ (ਈਰਾਨ ਅਤੇ ਯੂਏਈ ਵਿੱਚ ਸਾਬਕਾ ਭਾਰਤੀ ਰਾਜਦੂਤ) ਨਾਲ ਇਹ ਇੰਟਰਵਿਊ 15 ਅਗਸਤ 2022 ਨੂੰ ਪ੍ਰਕਾਸ਼ਿਤ ਕੀਤੀ ਗਈ। ਇੰਟਰਵਿਊ ਦੀ ਸ਼ੁਰੂਆਤ ਵਿਚ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਉਹ ਮੌਜੂਦਾ ਸਰਕਾਰ ਨੂੰ ਕਿਵੇਂ ਦੇਖਦੇ ਹਨ ਤਾਂ ਉਨ੍ਹਾਂ ਕਿਹਾ ਕਿ ਪੰਜਾਬ ਬਦਲਾਅ ਮੰਗ ਰਿਹਾ ਸੀ ਪਰ ਆਮ ਆਦਮੀ ਪਾਰਟੀ ਬਦਲਾਵ ਨਹੀਂ ਲੈ ਕੇ ਆਵੇਗੀ ਕਿਉਂਕਿ ਇਹ ਵੀ ਦਿੱਲੀ(ਕੇਜਰੀਵਾਲ ਦੇ) ਹੁਕਮਾਂ ਦੀ ਪਾਲਣਾ ਕਰਦੀ ਹੈ। ਬਦਲਾਅ ਦੇ ਨਾਮ ‘ਤੇ ਲੋਕਾਂ ਨਾਲ ਧੋਖਾ ਹੋਇਆ ਹੈ ਅਤੇ ਰਾਘਵ ਚੱਡਾ ਨੂੰ ਅਡਵਾਈਜ਼ਰ ਵਜੋਂ ਲਾਉਣ ਦੀ ਵੀ ਕੋਈ ਜ਼ਰੂਰਤ ਨਹੀਂ ਸੀ। ਉਨ੍ਹਾਂ ਕਿਹਾ ਕਿ ਨਵੀਆਂ ਸੇਵਾਵਾਂ ਸ਼ੁਰੂ ਕਰਨ ਦੇ ਨਾਮ ਤੇ ਬੰਦ ਪਈਆਂ ਇਮਾਰਤਾਂ ਨੂੰ ਸਿਰਫ ਰੰਗ ਰੋਗਨ ਕੀਤਾ ਜਾ ਰਿਹਾ ਹੈ ਅਤੇ ਭ੍ਰਿਸ਼ਟਾਚਾਰ ਘੱਟ ਕੀਤਾ ਜਾ ਸਕਦਾ ਹੈ ਪਰ ਖਤਮ ਕਦੇ ਨਹੀਂ ਹੋ ਸਕਦਾ। ਉਨ੍ਹਾਂ ਕਿਹਾ ਕਿ ਭਗਵੰਤ ਮਾਨ ਮੀਡੀਆ ਨਾਲ ਮੁਖਾਤਿਬ ਨਹੀਂ ਹੁੰਦੇ ਅਤੇ ਸਿਸਟਮ ਦੇ ਵਿੱਚ ਕੀਤੀਆਂ ਜਾ ਰਹੀਆਂ ਬਾਰ-ਬਾਰ ਤਬਦੀਲੀਆਂ ਤੋਂ ਇਹ ਜ਼ਾਹਿਰ ਹੁੰਦਾ ਹੈ ਕਿ ਕੰਮ ਕਰਨ ਦਾ ਤਰੀਕਾ ਹੀ ਨਹੀਂ ਹੈ ਅਤੇ ਸਿਸਟਮ ਨੂੰ ਦਰੁੱਸਤ ਕਰਨ ਦੀ ਲੋੜ ਹੈ। ਕਿਸਾਨਾਂ ਦੇ ਮਸਲਿਆਂ ਬਾਰੇ ਗੱਲ ਕਰਦਿਆਂ ਕੇ ਸੀ ਸਿੰਘ ਨੇ ਕਿਹਾ ਕਿ ਸਰਕਾਰ ਕਿਸਾਨਾਂ ਨੂੰ ਪ੍ਰੋਤਸਾਹਨ ਦੇਣ ਦੀ ਬਜਾਏ ਨਵੀਆਂ ਤਕਨੀਕਾਂ ਮੁਹੱਈਆ ਕਰਵਾਏ ਜਿਸ ਨਾਲ ਕਿਸਾਨਾਂ ਦੀ ਆਮਦਨ ਵਿੱਚ ਵੀ ਵਾਧਾ ਹੋ ਸਕੇ। ਉਨ੍ਹਾਂ ਇਹ ਵੀ ਕਿਹਾ ਕਿ ਦਿੱਲੀ(BJP) ਅਤੇ ਆਮ ਆਦਮੀ ਪਾਰਟੀ ਦੀ ਲੜਾਈ ਕਰਕੇ ਪੰਜਾਬ ਨੂੰ ਨੁਕਸਾਨ ਹੋ ਰਿਹਾ ਹੈ ਅਤੇ ਆਮ ਆਦਮੀ ਪਾਰਟੀ BJP ਦੀ B ਟੀਮ ਨਹੀ ਹੈ। ਖੇਤਰੀ ਪਾਰਟੀਆਂ ਬਾਰੇ ਖੁੱਲ ਕੇ ਗੱਲਬਾਤ ਕਰਦਿਆਂ ਉਹਨਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਰਾਜ ਵੀ ਕਰਨਾ ਚਾਹੁੰਦੀ ਹੈ ਅਤੇ ਆਪਣੇ ਬਿਜ਼ਨੈੱਸ ਵੀ ਚਲਾਉਣਾ ਚਾਹੁੰਦੀ ਹੈ ਜੋ ਕਿ ਸੰਭਵ ਨਹੀਂ ਹੁੰਦਾ। ਮੱਤੇਵਾੜਾ ਦੇ ਜੰਗਲ ਅਤੇ ਚੰਡੀਗੜ੍ਹ ਦੇ ਮੁੱਦੇ ਬਾਰੇ ਗੱਲਬਾਤ ਕਰਦਿਆਂ ਉਹਨਾਂ ਕਿਹਾ ਕਿ ਚੰਡੀਗੜ੍ਹ ‘ਤੇ ਪੰਜਾਬ ਦਾ ਹੱਕ ਹੈ। ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਕੇਜਰੀਵਾਲ ਹਰਿਆਣੇ ਦੇ ਪੱਖ ਵਿੱਚ ਹੈ। ਕੇ ਸੀ ਸਿੰਘ ਨੇ ਕਿਹਾ ਕਿ ਜੇ ਭਗਵੰਤ ਮਾਨ ਕੋਲ ਕੋਈ ਪਾਲਿਸੀ, ਪਲਾਨ ਜਾਂ ਮਾਡਲ ਹੈ ਤਾਂ ਸਮਾਂ ਦੇਣਾ ਜਾਇਜ਼ ਹੋਵੇਗਾ ਪਰ ਸਰਕਾਰ ਕੋਲ ਤਾਂ ਅਜਿਹਾ ਕੁਝ ਵੀ ਨਹੀਂ। ਅਖੀਰ ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਸਿਰਫ਼ ਬਿਆਨਬਾਜ਼ੀ ਕਰਦੀ ਹੈ ਅਤੇ ਇਨ੍ਹਾਂ ਦੇ ਭ੍ਰਿਸ਼ਟਾਚਾਰ ਖਤਮ ਕਰਨ ਦੇ ਤਰੀਕੇ ਵੀ ਬਿਲਕੁਲ ਗਲਤ ਹਨ।

~ਕੁਲਵਿੰਦਰ ਕੌਰ ਬਾਜਵਾ

Leave a Comment

Your email address will not be published. Required fields are marked *