ਭਾਗ –147
ਇਹ ਇੰਟਰਵੀਊ ਕੁਲਦੀਪ ਸਿੰਘ ਜ਼ੀਰਾ ਦੇ ਨਾਲ 21 ਜਨਵਰੀ 2023 ਨੂੰ ਪ੍ਰਕਾਸ਼ਿਤ ਕੀਤੀ ਗਈ। ਇਸ ਇੰਟਰਵਿਊ ਵਿਚ ਉਹਨਾਂ ਨਾਲ ਜ਼ੀਰਾ ਸ਼ਰਾਬ ਫੈਕਟਰੀ ਦੇ ਵਿਰੁੱਧ ਧਰਨੇ ਬਾਰੇ ਗੱਲਬਾਤ ਕੀਤੀ ਗਈ। ਇੰਟਰਵਿਉ ਦੀ ਸ਼ੁਰੂਆਤ ਵਿਚ ਉਨ੍ਹਾਂ ਨੇ ਭਗਵੰਤ ਮਾਨ ਦੇ ਬਿਆਨ ਬਾਰੇ ਗੱਲਬਾਤ ਕਰਦੇ ਹੋਏ ਕਿਹਾ ਕਿ ਲੋਕ ਭਗਵੰਤ ਮਾਨ ਤੇ ਯਕੀਨ ਨਹੀਂ ਕਰ ਸਕਦੇ ਕਿਉਂਕਿ ਉਹ ਦਿੱਲੀ ਹਾਈਕਮਾਂਡ ਦੇ ਹੁਕਮ ਅਨੁਸਾਰ ਚੱਲਦਾ ਹੈ। ਕੁਲਦੀਪ ਸਿੰਘ ਨੇ ਕਿਹਾ ਕਿ ਭਗਵੰਤ ਮਾਨ ਦੁਆਰਾ ਦਿੱਤਾ ਗਿਆ ਬਿਆਨ ਬੁਨਿਆਦ ਹੈ ਕਿਉਂਕਿ ਇਹ ਸਭ ਧਰਨਾ ਚੁਕਵਾਉਣ ਲਈ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਜਿੰਨਾ ਚਿਰ ਸਰਕਾਰ ਦੁਆਰਾ ਫ਼ੈਕਟਰੀ ਦਾ ਲਾਇਸੰਸ ਰੱਦ ਨਹੀਂ ਕੀਤਾ ਜਾਂਦਾ ਅਤੇ ਧਰਨਾਕਾਰੀਆਂ ਦੇ ਉਪਰ ਕੀਤੇ ਗਏ ਨਾਜਾਇਜ਼ ਕੇਸ ਵਾਪਸ ਨਹੀਂ ਲਏ ਜਾਂਦੇ ਉਨ੍ਹਾਂ ਚਿਰ ਧਰਨਾ ਏਦਾਂ ਹੀ ਜਾਰੀ ਰਹੇਗਾ। ਉਨ੍ਹਾਂ ਕਿਹਾ ਕਿ ਇਸ ਫੈਕਟਰੀ ਦੇ ਕਾਰਨ ਧਰਤੀ ਹੇਠਲਾ ਪੀਣ ਯੋਗ ਪਾਣੀ ਕੈਮੀਕਲ ਬਣ ਚੁੱਕਾ ਹੈ। ਕੁਲਦੀਪ ਸਿੰਘ ਜ਼ੀਰਾ ਨੇ ਸਰਕਾਰ ਕੋਲੋਂ ਮੰਗ ਕੀਤੀ ਕਿ ਇਸ ਇਲਾਕੇ ਵਿੱਚ ਇੱਕ ਹਸਪਤਾਲ ਅਤੇ ਆਰ ਓ ਸਿਸਟਮ ਦਿੱਤਾ ਜਾਵੇ। ਤਾਂ ਜੋ ਬਿਮਾਰ ਲੋਕਾਂ ਦਾ ਇਲਾਜ ਹੋ ਸਕੇ ਅਤੇ ਲੋਕਾਂ ਨੂੰ ਪੀਣਯੋਗ ਸਾਫ਼ ਪਾਣੀ ਮਿਲ ਸਕੇ। ਉਨ੍ਹਾਂ ਕਿਹਾ ਕਿ ਜੇਕਰ ਭਗਵੰਤ ਮਾਨ ਲੋਕਾਂ ਦੇ ਪੱਖ ਵਿੱਚ ਫ਼ੈਸਲਾ ਕਰਦੇ ਹਨ ਤਾਂ ਸ਼ਲਾਘਾ ਕੀਤੀ ਜਾਵੇਗੀ ਪਰ ਜੇਕਰ ਉਹ ਫ਼ੈਸਲਾ ਲੋਕਾਂ ਦੇ ਵਿਰੁੱਧ ਕਰਦੇ ਹਨ ਤਾਂ ਲੋਕ ਧਰਨਾ ਜਾਰੀ ਰੱਖਣਗੇ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਸਿਰਫ ਬਿਆਨ ਦਿੰਦੀ ਹੈ ਪਰ ਕੁਝ ਲਾਗੂ ਨਹੀਂ ਕਰਦੀ। ਕੁਲਦੀਪ ਸਿੰਘ ਜ਼ੀਰਾ ਨੇ ਪੱਤਰਕਾਰਿਤਾ ਬਾਰੇ ਗੱਲ ਕਰਦੇ ਹੋਏ ਕਿਹਾ ਕਿ ਕੁਝ ਚੰਗੇ ਚੈਨਲਾਂ ਦੇ ਕਾਰਨ ਹੀ ਲੋਕਾਂ ਤੱਕ ਧਰਨਾਕਾਰੀਆਂ ਦੀ ਅਵਾਜ਼ ਪਹੁੰਚ ਸਕੀ ਹੈ। ਉਨ੍ਹਾਂ ਕਿਹਾ ਕਿ ਗੰਦਾ ਪਾਣੀ ਵਰਤਣ ਕਾਰਨ ਲੋਕ ਬਿਮਾਰੀਆਂ ਨਾਲ ਮਰ ਰਹੇ ਹਨ। ਏਸ ਲਈ ਫੈਕਟਰੀ ਦੇ ਮਾਲਕ ਨੂੰ ਜੁਰਮਾਨਾ ਵੀ ਹੋਣਾ ਚਾਹੀਦਾ ਹੈ ਅਤੇ ਸਜ਼ਾ ਵੀ ਹੋਣੀ ਚਾਹੀਦੀ ਹੈ। ਅਖੀਰ ਉਨ੍ਹਾਂ ਸਰਕਾਰ ਨੂੰ ਅਪੀਲ ਕੀਤੀ ਕਿ ਵਿਧਾਨ ਸਭਾ ਵਿਚ ਇਸ ਫੈਕਟਰੀ ਦਾ ਲਾਇਸੰਸ ਰੱਦ ਕੀਤਾ ਜਾਵੇ।
~ਕੁਲਵਿੰਦਰ ਕੌਰ ਬਾਜਵਾ