ਕਰਨ ਸਿੰਘ ਔਲਖ

ਇਹ ਇੰਟਰਵਿਊ ਕਰਨ ਸਿੰਘ ਔਲਖ ਨਾਲ 4 ਅਪ੍ਰੈਲ 2023 ਨੂੰ ਪ੍ਰਕਾਸ਼ਿਤ ਕੀਤੀ ਗਈ। ਇਹ ਉਹ ਨੌਜਵਾਨ ਹੈ ਜੋ ਕੈਨੇਡਾ ਵਿਚ ਪੱਕੇ ਹੋਣ ਦੇ ਬਾਵਜੂਦ ਵੀ ਆਪਣੇ ਪਰਿਵਾਰ ਸਮੇਤ ਪੱਕੇ ਤੌਰ ‘ਤੇ ਪੰਜਾਬ ਵਾਪਸ ਪਰਤਿਆ ਹੈ। ਇਸ ਇੰਟਰਵਿਊ ਵਿਚ ਦੱਸਿਆ ਗਿਆ ਹੈ ਕਿ ਜਿਵੇਂ 12 ਵੀਂ ਦੀ ਪੜ੍ਹਾਈ ਕਰਨ ਤੋਂ ਬਾਅਦ ਪੰਜਾਬ ਦੇ ਬਹੁਤ ਸਾਰੇ ਨੌਜਵਾਨ ਪਰਵਾਸ ਲੈ ਰਹੇ ਨੇ ਉਸਦੇ ਨਾਲ ਹੀ ਬਹੁਤ ਸਾਰੇ ਨੌਜਵਾਨ ਇਸ ਤਰ੍ਹਾਂ ਦੇ ਵੀ ਹਨ ਜੋ ਵਿਦੇਸ਼ਾਂ ਤੋਂ ਵਾਪਿਸ ਪੰਜਾਬ ਪਰਤ ਰਹੇ ਹਨ। ਇਸ ਰਿਵਰਸ ਮਾਈਗਰੇਸ਼ਨ ਦਾ ਕਾਰਣ ਉਨ੍ਹਾਂ ਨੇ ਦੱਸਿਆ ਕਿ ਲੋਕ ਪੈਸਾ ਕਮਾਉਣ ਦੇ ਲਈ ਆਪਣੇ ਪਰਿਵਾਰ ਗਵਾ ਰਹੇ ਹਨ, ਵਿਰਾਸਤ ਗਵਾ ਰਹੇ ਹਨ ਅਤੇ ਆਪਣੀਆਂ ਜੜ੍ਹਾਂ ਨਾਲੋਂ ਟੁੱਟ ਰਹੇ ਹਨ। ਕਰਨ ਸਿੰਘ ਨੇ ਦੱਸਿਆ ਕਿ ਕੈਨੇਡਾ ਵਿੱਚ ਲੱਖਾਂ ਡਾਲਰਾਂ ਵਾਲਾ ਕਾਰੋਬਾਰ ਹੋਣ ਦੇ ਬਾਵਜੂਦ ਵੀ ਵਿਦੇਸ਼ ਜਾਣ ਦੇ ਦੋ ਸਾਲ ਬਾਅਦ ਉਨ੍ਹਾਂ ਨੂੰ ਇਹ ਅਹਿਸਾਸ ਹੋ ਗਿਆ ਸੀ ਕਿ ਇਕ ਦਿਨ ਉਹ ਪੰਜਾਬ ਵਾਪਸ ਪਰਤ ਜਾਣਗੇ। ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਪੰਜਾਬ ਨਾਲ ਜੋੜੇ ਰੱਖਣ ਲਈ ਲਿਆ ਗਿਆ ਕਰਨ ਸਿੰਘ ਦਾ ਇਹ ਫੈਸਲਾ ਉਸ ਦਾ ਦ੍ਰਿੜ ਨਿਸ਼ਚਾ ਸੀ। ਜਿਸ ਨਾਲ ਉਸ ਦਾ ਪਰਿਵਾਰ ਅਤੇ ਉਸ ਦੀ ਪਤਨੀ ਵੀ ਸਹਿਮਤ ਸਨ। ਉਨ੍ਹਾਂ ਕਿਹਾ ਕਿ ਬੇਸ਼ੱਕ ਕੈਨੇਡਾ ਵਿੱਚ ਬਹੁਤ ਪੈਸਾ ਹੈ ਪਾਰ ਉਸ ਦੇਸ਼ ਵਿੱਚ ਸਕੂਨ ਨਹੀਂ ਹੈ ਕਿਉਂਕਿ ਦਿਨ-ਰਾਤ ਬੰਦਾ ਸਿਰਫ ਕਾਮ ਬਾਰੇ ਸੋਚਦਾ ਹੈ ਪਰ ਪੰਜਾਬ ਵਿੱਚ ਤੁਸੀਂ ਆਪਣੀ ਮਰਜ਼ੀ ਦੇ ਮਾਲਕ ਹੁੰਦੇ ਹੋ ਅਤੇ ਆਪਣੀ ਖੇਤੀਬਾੜੀ ਕਰਕੇ ਜਾਂ ਹੋਰ ਕੰਮ ਕਰਕੇ ਕਮਾਈ ਕਰ ਸਕਦੇ ਹੋ। ਕਰਨ ਸਿੰਘ ਨੇ ਕਿਹਾ ਕਿ ਅੱਜਕਲ ਲੋਕ ਇੱਕ ਦੂਜੇ ਤੋਂ ਪ੍ਰਭਾਵਿਤ ਹੋ ਕੇ ਵੀ ਵਿਦੇਸ਼ ਜਾ ਰਹੇ ਹਨ। ਜਦਕਿ ਵਿਦੇਸ਼ ਗਏ ਬੱਚਿਆਂ ਨੂੰ ਪਰਿਵਾਰ ਤੋਂ ਦੂਰ ਰਹਿਣ ਦੇ ਨਾਲ ਨਾਲ, ਸੰਘਰਸ਼, ਤਣਾਅ, ਸ਼ਿਫਟਾਂ ਦਾ ਬੋਝ ਅਤੇ ਹੋਰ ਵੀ ਕਈ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਦੇ ਇਲਾਵਾ ਉਨ੍ਹਾਂ ਦੱਸਿਆ ਕਿ ਵਿਦੇਸ਼ਾਂ ਵਿੱਚ ਵੀ ਆਮਦਨ ਨਾਲੋਂ ਜਿਆਦਾ ਖਰਚੇ ਅਤੇ ਮਹਿੰਗਾਈ ਹੁੰਦੀ ਹੈ। ਕਰਨ ਸਿੰਘ ਦੀ ਸੋਚ ਹੈ ਬੱਚਿਆਂ ਨੂੰ ਬਚਪਨ ਤੋਂ ਹੀ ਆਪਣੇ ਖਿੱਤੇ ਜਾਂ ਵਿਰਸੇ ਨਾਲ ਜੋੜ ਦੇਣਾ ਚਾਹੀਦਾ ਹੈ। ਕੈਨੇਡਾ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਉਥੇ ਗੈਂਗਸਟਰ ਕਲਚਰ, ਕ੍ਰਾਈਮ ਜਾਂ ਨਸ਼ੇ ਪੰਜਾਬ ਨਾਲੋਂ ਵੀ ਜ਼ਿਆਦਾ ਹਨ। ਅਖੀਰ ਉਨ੍ਹਾਂ ਦੱਸਿਆ ਹੋਰ ਵੀ ਕਾਫੀ ਨੌਜਵਾਨਾਂ ਵਿੱਚ ਜਾਗਰੂਕਤਾ ਆ ਚੁੱਕੀ ਹੈ ਅਤੇ ਉਹ ਜਾਂ ਤਾਂ ਪੰਜਾਬ ਰਹਿ ਕੇ ਕੁੱਝ ਕਰਨ ਦਾ ਸੋਚ ਰਹੇ ਹਨ ਜਾਂ ਵਿਦੇਸ਼ਾਂ ਤੋਂ ਮੁੜ ਪੰਜਾਬ ਪਰਤਣ ਦਾ।

~ਕੁਲਵਿੰਦਰ ਕੌਰ ਬਾਜਵਾ

Leave a Comment

Your email address will not be published. Required fields are marked *