ਭਾਗ – 33 ਇਹ ਇੰਟਰਵਿਊ 12 ਜੂਨ 2022 ਨੂੰ ਬਲਵੰਤ ਸਿੰਘ ਰਾਜੋਆਣਾ ਦੀ ਭੈਣ ਕਮਲਦੀਪ ਕੌਰ ਰਾਜੋਆਣਾ ਦੇ ਨਾਲ ਕੀਤੀ ਗਈ। ਜੋ ਕਿ ਸ਼੍ਰੋਮਣੀ ਅਕਾਲੀ ਦਲ ਵੱਲੋਂ ਸੰਗਰੂਰ ਜ਼ਿਮਨੀ ਚੋਣ ਲਈ ਉਮੀਦਵਾਰ ਹਨ। ਕਮਲਦੀਪ ਕੌਰ ਨੇ ਦੱਸਿਆ ਕਿ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ,ਸੰਤਾਂ ਅਤੇ ਨਿਹੰਗਾਂ ਦਾ ਇਹ ਫੈਸਲਾ ਸੀ ਕਿ ਬੰਦੀ ਸਿੰਘਾਂ ਦੇ ਪਰਿਵਾਰਾਂ ਵਿੱਚੋਂ ਕਿਸੇ ਨੂੰ ਜਿਮਨੀ ਚੋਣ ਲੜਨ ਦਾ ਮੌਕਾ ਦਿੱਤਾ ਜਾਵੇ ਤਾਂ ਜੋ ਬੰਦੀ ਸਿੰਘਾਂ ਦੀ ਰਿਹਾਈ ਦੀ ਗੱਲ ਪਾਰਲੀਮੈਂਟ ਵਿੱਚ ਕੀਤੀ ਜਾ ਸਕੇ। ਕਮਲਦੀਪ ਕੌਰ ਨੇ ਦੱਸਿਆ ਕਿ ਪਹਿਲਾਂ ਤਾਂ ਉਹ ਚੋਣਾਂ ਲੜਨ ਲਈ ਤਿਆਰ ਨਹੀਂ ਸਨ ਪਰ ਬਾਅਦ ਵਿੱਚ ਭਾਈ ਰਾਜੋਆਣਾ ਦੇ ਕਹੇ ਅਨੁਸਾਰ ਉਹ ਸ਼੍ਰੋਮਣੀ ਅਕਾਲੀ ਦਲ ਵੱਲੋਂ ਉਮੀਦਵਾਰ ਖੜੇ ਹੋਏ। ਪੱਤਰਕਾਰ ਨੇ ਕਮਲਦੀਪ ਕੌਰ ਨੂੰ ਉਨ੍ਹਾਂ ਦਾ ਜੱਦੀ ਘਰ ਛੱਡਣ ਬਾਰੇ ਪੁੱਛਿਆ ਤਾਂ ਉਨ੍ਹਾਂ ਕਿਹਾ ਕਿ ਹੈ ਉਸ ਘਰ ਵਿੱਚ ਭਾਈ ਰਾਜੋਆਣਾ, ਸ਼ਹੀਦ ਭਾਈ ਰੁਪਿੰਦਰ ਸਿੰਘ ਗੋਲਡੀ ਅਤੇ ਉਨ੍ਹਾਂ ਦੇ ਪਰਿਵਾਰ ਦੀਆਂ ਯਾਦਾਂ ਹਨ । ਇਸ ਕਰਕੇ ਉਹ ਭਾਈ ਰਾਜੋਆਣਾ ਦੀ ਰਿਹਾਈ ਦੇ ਬਾਅਦ ਹੀ ਉਸ ਘਰ ਵਿਚ ਰਹਿਣਗੇ। ਕਿਉਂਕਿ ਖੰਡਰ ਬਣ ਚੁੱਕੇ ਓਸ ਘਰ ਵਿਚ ਭਾਈ ਰਾਜੋਆਣਾ ਤੋਂ ਬਿਨਾਂ ਰਹਿਣਾ ਉਨ੍ਹਾਂ ਲਈ ਬਹੁਤ ਮੁਸ਼ਕਿਲ ਹੈ। ਕਮਲਦੀਪ ਕੌਰ ਨੇ ਕਿਹਾ ਕਿ ਭਾਈ ਰਾਜੋਆਣਾ ਨੂੰ ਜੇਲ੍ਹ ਵਿੱਚ ਗਏ 28 ਸਾਲ ਹੋ ਗਏ ਹਨ ਤੇ ਸਰਕਾਰ ਅਜੇ ਵੀ ਉਨ੍ਹਾਂ ਦੇ ਕੇਸ ਦਾ ਫੈਸਲਾ ਨਹੀਂ ਕਰ ਰਹੀ। ਇਸੇ ਲਈ ਉਹ ਚੋਣਾਂ ਲੜ ਕੇ ਪਾਰਲੀਮੈਂਟ ਵਿਚ ਇਹ ਸੁਨੇਹਾ ਦੇਣਾ ਚਾਹੁੰਦੇ ਹਨ ਕਿ ਬੰਦੀ ਸਿੰਘ ਰਿਹਾਅ ਕੀਤੇ ਜਾਣ। ਕਮਲਦੀਪ ਕੌਰ ਨੇ ਕਿਹਾ ਕਿ ਸਿੱਖਾਂ ਦੇ ਦਰਬਾਰ ਸਾਹਿਬ ਉਪਰ ਅਟੈਕ ਹੋਣ ਦੇ ਬਾਅਦ ਜਾਂ ਸਿੱਖਾਂ ਦੀਆਂ ਸ਼ਹੀਦੀਆਂ ਦੇ ਬਾਅਦ, ਇੱਕ ਵੀ ਕਾਤਲ ਨੂੰ ਸਜ਼ਾ ਨਹੀਂ ਮਿਲੀ ਪਰ ਬੰਦੀ ਸਿੰਘਾਂ ਦੀ ਸਜ਼ਾ ਖ਼ਤਮ ਨਹੀਂ ਕੀਤੀ ਜਾ ਰਹੀ। ਸਿਮਰਨਜੀਤ ਸਿੰਘ ਮਾਨ ਬਾਰੇ ਗੱਲ ਕਰਦਿਆਂ ਕਮਲਦੀਪ ਕੌਰ ਨੇ ਕਿਹਾ ਕਿ ਉਨਾਂ ਕਦੇ ਵੀ ਸਾਡਾ ਸਾਥ ਨਹੀਂ ਦਿੱਤਾ ਅਤੇ ਉਹ ਕਦੇ ਵੀ ਭਾਈ ਰਾਜੋਆਣਾ ਨੂੰ ਪਟਿਆਲਾ ਜੇਲ੍ਹ ਵਿਚ ਮਿਲਣ ਤੱਕ ਨਹੀਂ ਗਏ। ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਦੇ ਸਮੇਂ ਹੋਈ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਅਤੇ ਬਰਗਾੜੀ ਦੇ ਗੋਲੀ ਕਾਂਡ ਬਾਰੇ ਗੱਲ ਕਰਦਿਆਂ ਕਮਲਦੀਪ ਕੌਰ ਨੇ ਕਿਹਾ ਕਿ ਜੋ ਗਲਤ ਹੈ ਉਹ ਗਲਤ ਹੀ ਰਹੇਗਾ ਪਰ ਸਾਡਾ ਚੋਣ ਲੜਨ ਦਾ ਮਕਸਦ ਸਿਰਫ ਬੰਦੀ ਸਿੰਘਾਂ ਨੂੰ ਰਿਹਾਅ ਕਰਵਾਉਣਾ ਹੈ। ਉਹਨਾਂ ਕਿਹਾ ਕਿ ਵੋਟਾਂ ਤੋਂ ਪਹਿਲਾਂ ਭਗਵੰਤ ਮਾਨ ਬੰਦੀ ਸਿੰਘਾਂ ਦੀ ਰਿਹਾਈ ਬਾਰੇ ਯਤਨ ਕਰਨ ਦਾ ਵਾਅਦਾ ਕਰ ਰਹੇ ਸਨ ਹੁਣ ਉਹ ਇਸ ਬਾਰੇ ਕੋਈ ਕੋਸ਼ਿਸ਼ ਨਹੀਂ ਕਰ ਰਹੇ। ਕਮਲਦੀਪ ਕੌਰ ਨੇ ਕਿਹਾ ਕਿ ਸਿੱਖਾਂ ਨਾਲ ਵਿਤਕਰਾ ਜਾਂ ਜ਼ੁਲਮ ਕਾਂਗਰਸ ਨੇ ਸੱਤਾ ਪ੍ਰਾਪਤੀ ਲਈ ਕੀਤਾ ਸੀ ।
~ ਕੁਲਵਿੰਦਰ ਕੌਰ ਬਾਜਵਾ